ਪੰਜਾਬ ਪੁਲੀਸ ਮੁਖੀ ਦੇ ਅਹੁਦੇ ਨੂੰ ਲੈ ਕੇ ਹਾਈ ਕੋਰਟ ’ਚ ਤਿੱਖੀ ਬਹਿਸ

ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪੰਜਾਬ ਦੇ ਡੀਜੀਪੀ ਸਿਧਾਰਥ ਚਟੋਪਾਧਿਆਏ ਅੱਜ ਪੰਜਾਬ ਦੇ ਪੁਲੀਸ ਮੁਖੀ ਦੇ ਅਹੁਦੇ ਲਈ ਚੱਲ ਰਹੀ ਕਾਨੂੰਨੀ ਲੜਾਈ ਦੌਰਾਨ ਪ੍ਰੇਸ਼ਾਨੀ ਵਿੱਚ ਘਿਰ ਗਏ। ਇਹ ਸਥਿਤੀ ਉਦੋਂ ਪੈਦਾ ਹੋਈ ਜਦੋਂ ਅਦਾਲਤ ਵਿੱਚ ਪਬਲਿਕ ਸਰਵਿਸ ਕਮਿਸ਼ਨ ਦੇ ਵਕੀਲ ਨੇ ਦੋਸ਼ ਲਾਇਆ ਕਿ ਅਧਿਕਾਰੀ ਪੰਜਾਬ ਦੇ ਪੁਲੀਸ ਮੁਖੀ ਦੀ ਆਸਾਮੀ ਉੱਤੇ ਤਾਇਨਾਤੀ ਲਈ ਆਪਣੇ ‘ਕਾਨੂੰਨੀ ਦਾਅ-ਪੇਚਾਂ’ ਕਰਕੇ ਅਯੋਗ ਸੀ। ਇਨ੍ਹਾਂ ਦੋਸ਼ਾਂ ਉੱਤੇ ਸ੍ਰੀ ਚਟੋਪਧਾਆਇ ਦੇ ਵਕੀਲ ਨੇ ਸਖਤ ਇਤਰਾਜ਼ ਦਰਜ ਕਰਵਾਇਆ। ਸੀਨੀਅਰ ਆਈਪੀਐੱਸ ਅਧਿਕਾਰੀ ਦਿਨਕਰ ਗੁਪਤਾ ਨੂੰ ਪੰਜਾਬ ਸਰਕਾਰ ਵੱਲੋਂ ਸੂਬੇ ਦਾ ਪੁਲੀਸ ਮੁਖੀ ਨਿਯੁਕਤ ਕਰਨ ਵਿਰੁੱਧ ਦਾਇਰ ਪਟੀਸ਼ਨਾਂ ਦੀ ਸੁਣਵਾਈ ਦੌਰਾਨ ਅੱਜ ਕਾਫੀ ਤਿੱਖੀ ਬਹਿਸ ਹੋਈ।ਇਸ ਦੌਰਾਨ ਕੇਂਦਰੀ ਪ੍ਰਸ਼ਾਸਕੀ ਟ੍ਰਿਬਿਊਨਲ ਕੋਲ ਪਈਆਂ ਕਥਿਤ ‘ਅਸੈਸਮੈਂਟ ਸ਼ੀਟਾਂ’ ਨੂੰ ਲੈ ਕੇ ਦੋਵਾਂ ਧਿਰਾਂ ਦੇ ਵਕੀਲਾਂ ਨੇ ਇੱਕ ਦੂਜੇ ’ਤੇ ਦੋਸ਼ ਲਾਏ। ਯੂਪੀਐੱਸਸੀ ਦੇ ਸੀਨੀਅਰ ਵਕੀਲ ਅਮਨ ਲੇਖੀ ਨੇ ਜਸਟਿਸ ਜਸਵੰਤ ਸਿੰਘ ਅਤੇ ਜਸਟਿਸ ਸੰਤ ਪ੍ਰਕਾਸ਼ ਦੇ ਬੈਂਚ ਅੱੱਗੇ ਪੇਸ਼ ਹੁੰਦਿਆਂ ਕਿਹਾ,‘ ਅਜਿਹੇ ਵਿਅਕਤੀ(ਚਟੋਪਧਾਆਇ) ਦੀ ਯੋਗਤਾ ਅਤਿ ਨਾਂਹਪੱਖੀ ਹੈ।’ ਅਦਾਲਤ ਇਸ ਸਮੇਂ ਦਿਨਕਰ ਗੁਪਤਾ ਦੀ ਨਿਯੁਕਤੀ ਵਿਰੁੱਧ ਕਈ ਪਟੀਸ਼ਨਾਂ ਦੀ ਸੁਣਵਾਈ ਕਰ ਰਹੀ ਹੈ। ਹਾਈ ਕੋਰਟ ਨੇ ਕੈਟ ਵੱਲੋਂ ਦਿਨਕਰ ਗੁਪਤਾ ਦੀ ਨਿਯੁਕਤੀ ਸਬੰਧੀ ਹੁਕਮਾਂ ਉੱਤੇ ਫਿਲਹਾਲ ਰੋਕ ਲਾ ਰੱਖੀ ਹੈ। ਸ੍ਰੀ ਚਟੋਪਧਾਆਇ ਪਹਿਲਾਂ ਹੀ ਦੋਸ਼ ਲਾ ਚੁੱਕੇ ਹਨ ਕਿ ਅਸੈਸਮੈਂਟ ਸ਼ੀਟਾਂ ਮਨਘੜਤ ਅਤੇ ਜਾਅਲੀ ਹਨ। ਅਦਾਲਤ ਨੇ ਮੰਨਿਆ ਕਿ ਸ਼ੀਟਾਂ ਦਾ ਰਿਕਾਰਡ ਵਿੱਚ ਨਾ ਹੋਣ ਤੋਂ ਪਤਾ ਲੱਗਦਾ ਹੈ ਕਿ ਇਹ ਮਨਘੜਤ ਹੋ ਸਕਦੀਆਂ ਹਨ।

Previous articleਜੇਕਰ ਪੁਲੀਸ ਕਾਨੂੰਨ ਲਾਗੂ ਕਰਨ ’ਚ ਨਾਕਾਮ ਰਹਿੰਦੀ ਹੈ ਤਾਂ ਲੋਕਤੰਤਰ ਫੇਲ੍ਹ ਹੁੰਦੈ: ਡੋਵਾਲ
Next articleਖਾਲਸਾਈ ਜਾਹੋ-ਜਲਾਲ ਨਾਲ ਛੇ ਰੋਜ਼ਾ ਹੋਲਾ ਮਹੱਲਾ ਸ਼ੁਰੂ