ਪੰਜਾਬ ਦੇ ਲੋਕਾਂ ਦਾ ਫਤਵਾ ਪਹਿਲਾਂ ਵਾਂਗ ਹੀ ਦੇਸ਼ ਦੇ ਹੋਰਨਾਂ ਸੂਬਿਆਂ ਨਾਲ ਸਬੰਧਤ ਵੋਟਰਾਂ ਨਾਲੋਂ ਵੱਖਰਾ ਹੈ। ਕੇਰਲ ਵਰਗੇ ਇੱਕ-ਅੱਧ ਸੂਬੇ ਨੂੰ ਛੱਡ ਕੇ ਸਮੁੱਚੇ ਦੇਸ਼ ਵਿੱਚ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਲਵਾ ਦਿਖਾਈ ਦਿੰਦਾ ਹੈ, ਉਥੇ ਪੰਜਾਬ ਦੇ ਵੋਟਰਾਂ ਨੇ ਨਾ ਸਿਰਫ਼ ਕਾਂਗਰਸ ਪਾਰਟੀ ਨੂੰ ਅੱਠ ਸੀਟਾਂ ’ਤੇ ਜਿੱਤ ਦਰਜ ਦਿਵਾਈ ਬਲਕਿ ਦੇਸ਼ ਦੇ ਹੋਰਨਾਂ ਸੂਬਿਆਂ ’ਚ ਨੁੱਕਰੇ ਲੱਗੀ ਆਮ ਆਦਮੀ ਪਾਰਟੀ (‘ਆਪ’) ਨੂੰ ਕੇਵਲ ਪੰਜਾਬ ਵਿੱਚੋਂ ਇੱਕ ਸੀਟ ਹਾਸਲ ਹੋਈ ਹੈ। ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਗੁਰਦਾਸਪੁਰ ਹਲਕੇ ਤੋਂ ਫਿਲਮ ਅਦਾਕਾਰ ਸਨੀ ਦਿਓਲ ਤੋਂ 7,709 ਵੋਟਾਂ ਦੇ ਫਰਕ ਨਾਲ ਹਾਰ ਗਏ। ਚੋਣ ਕਮਿਸ਼ਨ ਵੱਲੋਂ ਜਾਰੀ ਪੰਜਾਬ ਦੇ ਚੋਣ ਨਤੀਜਿਆਂ ਮੁਤਾਬਕ ਪਟਿਆਲਾ ਤੋਂ ਕਾਂਗਰਸ ਉਮੀਦਵਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨੇ ਅਕਾਲੀ ਦਲ ਦੇ ਸੁਰਜੀਤ ਸਿੰਘ ਰੱਖੜਾ ਨੂੰ 1,62,718 ਵੋਟਾਂ ਦੇ ਫਰਕ ਨਾਲ ਹਰਾਇਆ। ਲੁਧਿਆਣਾ ਤੋਂ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ ਨੇ ਸਿਮਰਜੀਤ ਸਿੰਘਬੈਂਸ ਨੂੰ 76,372 ਵੋਟਾਂ ਨਾਲ, ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ 1,00,003 ਵੋਟਾਂ ਨਾਲ, ਜਲੰਧਰ ਤੋਂ ਕਾਂਗਰਸ ਦੇ ਚੌਧਰੀ ਸੰਤੋਖ ਸਿੰਘ ਨੇ ਅਕਾਲੀ ਦਲ ਦੇ ਚਰਨਜੀਤ ਸਿੰਘ ਅਟਵਾਲ ਨੂੰ 19,491 ਵੋਟਾਂ ਨਾਲ, ਫ਼ਰੀਦਕੋਟ ਤੋਂ ਪੰਜਾਬੀ ਗਾਇਕ ਮੁਹੰਮਦ ਸਦੀਕ ਨੇ ਅਕਾਲੀ ਦਲ ਦੇ ਗੁਲਜ਼ਾਰ ਸਿੰਘ ਰਣੀਕੇ ਨੂੰ 83,362 ਵੋਟਾਂ ਨਾਲ, ਆਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ ਨੇ ਅਕਾਲੀ ਦਲ ਦੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ 46,884 ਵੋਟਾਂ ਨਾਲ ਅਤੇ ਖਡੂਰ ਸਾਹਿਬ ਤੋਂ ਜਸਵੀਰ ਸਿੰਘ ਡਿੰਪਾ ਨੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ 1,40,300 ਵੋਟਾਂ ਨਾਲ ਹਰਾਇਆ। ਫਤਿਹਗੜ੍ਹ ਸਾਹਿਬ ਤੋਂ ਸੇਵਾਮੁਕਤ ਆਈਏਐਸ ਅਧਿਕਾਰੀ ਡਾ. ਅਮਰ ਸਿੰਘ ਨੇ ਸੇਵਾਮੁਕਤ ਆਈਏਐਸ ਅਧਿਕਾਰੀ ਦਰਬਾਰਾ ਸਿੰਘ ਗੁਰੂ ਨੂੰ 93,681 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਫ਼ਿਰੋਜ਼ਪੁਰ ਸੰਸਦੀ ਹਲਕੇ ਤੋਂ ਸਭ ਤੋਂ ਵੱਡੀ ਲੀਡ 1,98,850 ਵੋਟਾਂ ਨਾਲ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਨੂੰ ਮਾਤ ਦਿੱਤੀ। ਇਸੇ ਤਰ੍ਹਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਬਠਿੰਡਾ ਸੰਸਦੀ ਹਲਕੇ ਤੋਂ ਲਗਾਤਾਰ ਤੀਜੀ ਵਾਰੀ ਜਿੱਤਣ ਵਿੱਚ ਕਾਮਯਾਬ ਹੋ ਗਏ ਅਤੇ ਉਨ੍ਹਾਂ ਨੇ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ 21,399 ਵੋਟਾਂ ਨਾਲ ਹਰਾਇਆ। ਕਾਮੇਡੀਅਨ ਤੋਂ ਸਿਆਸਤਦਾਨ ਬਣੇ ਭਗਵੰਤ ਮਾਨ ਨੇ ਵੀ ਇਤਿਹਾਸ ਸਿਰਜਦਿਆਂ ਸੰਗਰੂਰ ਸੰਸਦੀ ਹਲਕੇ ਤੋਂ ਲਗਾਤਾਰ ਦੂਜੀ ਵਾਰੀ ਜਿੱਤ ਹਾਸਲ ਕੀਤੀ ਹੈ ਅਤੇ ਕਾਂਗਰਸ ਦੇ ਕੇਵਲ ਸਿੰਘ ਢਿੱਲੋਂ ਨੂੰ 1,09,642 ਵੋਟਾਂ ਦੇ ਫਰਕ ਨਾਲ ਹਰਾਇਆ, ਜਦੋਂ ਕਿ ‘ਆਪ’ ਦਾ ਹੋਰ ਕੋਈ ਵੀ ਉਮੀਦਵਾਰ ਜਿੱਤ ਦੇ ਨੇੜੇ ਵੀ ਨਹੀਂ ਪਹੁੰਚ ਸਕਿਆ। ਭਾਰਤੀ ਜਨਤਾ ਪਾਰਟੀ ਦੇ ਦੋ ਉਮੀਦਵਾਰਾਂ ਨੇ ਜਿੱਤ ਦਰਜ ਕਰਾ ਕੇ 2014 ਵਾਲਾ ਰੁਤਬਾ ਕਾਇਮ ਰੱਖਿਆ ਹੈ। ਗੁਰਦਾਸਪੁਰ ਸੰਸਦੀ ਹਲਕੇ ਤੋਂ ਫਿਲਮ ਅਦਾਕਾਰ ਸਨੀ ਦਿਓਲ ਨੇ ਜਿੱਤ ਹਾਸਲ ਕੀਤੀ ਹੈ ਜਦੋਂਕਿ ਹੁਸ਼ਿਆਰਪੁਰ ਤੋਂ ਸਾਬਕਾ ਨੌਕਰਸ਼ਾਹ ਅਤੇ ਫਗਵਾੜਾ ਤੋਂ ਵਿਧਾਇਕ ਸੋਮ ਪ੍ਰਕਾਸ਼ ਨੇ ਜਿੱਤ ਪ੍ਰਾਪਤ ਕੀਤੀ। ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੂੰ ਬਠਿੰਡਾ ਸੰਸਦੀ ਹਲਕੇ ਤੋਂ ਨਮੋਸ਼ੀ ਭਰੀ ਹਾਰ ਮਿਲੀ ਹੈ ਤੇ ਉਹ ਚੌਥੇ ਨੰਬਰ ’ਤੇ ਰਹੇ। ਇਸੇ ਤਰ੍ਹਾਂ ਪਟਿਆਲਾ ਤੋਂ ਮੌਜੂਦਾ ਸੰਸਦ ਮੈਂਬਰ ਧਰਮਵੀਰ ਗਾਂਧੀ ਨੂੰ ਵੀ ਪਟਿਆਲਾ ਹਲਕੇ ਦੇ ਵੋਟਰਾਂ ਨੇ ਤੀਜੀ ਥਾਂ ’ਤੇ ਰੱਖਿਆ ਹੈ। ਇਨ੍ਹਾਂ ਚੋਣਾਂ ਦੌਰਾਨ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਬੀਬੀ ਪਰਮਜੀਤ ਕੌਰ ਖਾਲੜਾ, ਅਕਾਲੀ ਦਲ (ਟਕਸਾਲੀ) ਦੇ ਬੀਰਦਵਿੰਦਰ ਸਿੰਘ ਹਾਰ ਗਏ ਹਨ।
HOME ਪੰਜਾਬ ਨੇ ਬਾਕੀ ਸੂਬਿਆਂ ਦੇ ਉਲਟ ਫ਼ਤਵਾ ਦਿੱਤਾ