ਨਾਮਜ਼ਦਗੀਆਂ ਦਾ ਆਖਰੀ ਦਿਨ
ਪ੍ਰਕਾਸ਼ ਬਾਦਲ, ਸਨੀ ਦਿਓਲ, ਢੀਂਡਸਾ, ਚੰਦੂਮਾਜਰਾ, ਤਿਵਾੜੀ ਤੇ ਹੋਰਾਂ ਨੇ ਪਰਚੇ ਭਰੇ
ਪੰਜਾਬ ਦੀਆਂ 13 ਸੰਸਦੀ ਸੀਟਾਂ ਲਈ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ, ਕਾਂਗਰਸ, ਆਮ ਆਦਮੀ ਪਾਰਟੀ, ਪੰਜਾਬ ਜਮਹੂਰੀ ਗੱਠਜੋੜ, ਸ਼੍ਰੋਮਣੀ ਅਕਾਲੀ ਦਲ (ਟਕਸਾਲੀ), ਹੋਰਾਂ ਪਾਰਟੀਆਂ ਨਾਲ ਸਬੰਧਤ ਤੇ ਆਜ਼ਾਦ ਉਮੀਦਵਾਰਾਂ ਨੇ 385 ਨਾਮਜ਼ਦਗੀਆਂ ਦਾਖ਼ਲ ਕੀਤੀਆਂ ਹਨ। ਕਾਗਜ਼ ਭਰਨ ਦੇ ਅੱਜ ਆਖ਼ਰੀ ਦਿਨ 188 ਨਾਮਜ਼ਦਗੀਆਂ ਦਾਖ਼ਲ ਹੋਈਆਂ। ਭਲਕੇ ਕਾਗਜ਼ਾਂ ਦੀ ਪੜਤਾਲ ਹੋਵੇਗੀ, ਉਮੀਦਵਾਰਾਂ ਨੂੰ 2 ਮਈ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ। ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਬਠਿੰਡਾ ਸੰਸਦੀ ਹਲਕੇ ਤੋਂ ਕਾਗਜ਼ ਦਾਖ਼ਲ ਕੀਤੇ। ਅੱਜ ਆਖ਼ਰੀ ਦਿਨ ਜਿਨ੍ਹਾਂ ਪ੍ਰਮੁੱਖ ਉਮੀਦਵਾਰਾਂ ਵੱਲੋਂ ਪਰਚੇ ਭਰੇ ਗਏ ਹਨ, ਉਨ੍ਹਾਂ ਵਿਚ ਫ਼ਿਲਮ ਅਦਾਕਾਰ ਅਜੈ ਸਿੰਘ ਉਰਫ਼ ਸਨੀ ਦਿਓਲ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਮੰਤਰੀ ਮਨੀਸ਼ ਤਿਵਾੜੀ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸ਼ੇਰ ਸਿੰਘ ਘੁਬਾਇਆ ਆਦਿ ਸ਼ਾਮਲ ਹਨ। ਪੰਜਾਬ ਵਿਚ ਵੋਟਾਂ ਅੰਤਿਮ ਗੇੜ ’ਚ 19 ਮਈ ਨੂੰ ਪੈਣਗੀਆਂ। ਗੁਰਦਾਸਪੁਰ ਤੋਂ ਹਲਕਾ ਖਡੂਰ ਸਾਹਿਬ ਤੋਂ ਹਿੰਦੁਸਤਾਨ ਸ਼ਕਤੀ ਸੈਨਾ ਦੇ ਸੰਤੋਖ ਸਿੰਘ, ਪੰਜਾਬ ਏਕਤਾ ਪਾਰਟੀ ਦੀ ਪਰਮਜੀਤ ਕੌਰ ਖਾਲੜਾ ਅਤੇ ਹਰਮਨਦੀਪ ਸਿੰਘ, ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ (ਅੰਬੇਦਕਰ) ਦੇ ਪਰਵਿੰਦਰ ਸਿੰਘ ਤੇ ਕਈ ਆਜ਼ਾਦ ਉਮੀਦਵਾਰਾਂ ਨੇ ਅੱਜ ਆਪਣੇ ਪਰਚੇ ਭਰੇ। ਲੋਕ ਸਭਾ ਹਲਕਾ ਹੁਸ਼ਿਆਰਪੁਰ (ਰਾਖ਼ਵਾਂ) ਤੋਂ ਆਮ ਆਦਮੀ ਪਾਰਟੀ ਦੇ ਗੁਰਨਾਮ ਸਿੰਘ, ਨੈਸ਼ਨਲਿਸਟ ਜਸਟਿਸ ਪਾਰਟੀ ਦੇ ਧਰਮ ਪਾਲ, ਦਵਿੰਦਰ ਸਿੰਘ (ਆਜ਼ਾਦ ਉਮੀਦਵਾਰ), ਬਹੁਜਨ ਸਮਾਜ ਪਾਰਟੀ ਦੇ ਖੁਸ਼ੀ ਰਾਮ ਅਤੇ ਸਮਾਜ ਭਲਾਈ ਮੋਰਚਾ ਦੇ ਪਰਮਜੀਤ ਸਿੰਘ, ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ, ਸ਼ਿਵ ਸੈਨਾ ਦੇ ਫਕੀਰ ਚੰਦ, ਕਾਂਗਰਸ ਦੇ ਮਨੀਸ਼ ਤਿਵਾੜੀ ਅਤੇ ਅਭਿਮੰਨਿਊ ਤਿਵਾੜੀ, ਪੀਪਲਜ਼ ਪਾਰਟੀ ਆਫ਼ ਇੰਡੀਆ (ਡੈਮੋਕਰੇਟਿਕ) ਦੇ ਗੁਰਬਿੰਦਰ ਸਿੰਘ, ਆਜ਼ਾਦ ਉਮੀਦਵਾਰ ਜਗਨੀਤ ਸਿੰਘ ਸਣੇ ਕਈ ਆਜ਼ਾਦ ਉਮੀਦਵਾਰਾਂ ਨੇ ਪਰਚੇ ਭਰੇ।ਲੋਕ ਸਭਾ ਹਲਕਾ ਲੁਧਿਆਣਾ ਤੋਂ ਅੰਬੇਦਕਰਾਈਟ ਪਾਰਟੀ ਦੇ ਦਿਲਦਾਰ ਸਿੰਘ, ਭਾਰਤੀ ਲੋਕ ਸੇਵਾ ਦਲ ਦੇ ਅਮਰਜੀਤ ਸਿੰਘ, ਜੈ ਜਵਾਨ ਜੈ ਕਿਸਾਨ ਦੇ ਦਰਸ਼ਨ ਸਿੰਘ, ਰਾਸ਼ਟਰੀਯਾ ਸਹਾਰਾ ਪਾਰਟੀ ਦੇ ਮੁਹੰਮਦ ਨਸੀਮ ਅੰਸਾਰੀ, ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਸੁਖਵਿੰਦਰ ਸਿੰਘ, ਆਜ਼ਾਦ ਉਮੀਦਵਾਰ ਮਹਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਹਿਤੇਸ਼ ਇੰਦਰ ਸਿੰਘ, ਆਜ਼ਾਦ ਉਮੀਦਵਾਰ ਬਲਜੀਤ ਸਿੰਘ, ਬਹੁਜਨ ਮੁਕਤੀ ਪਾਰਟੀ ਦੇ ਰਾਮ ਸਿੰਘ ਦੀਪਕ ਅਤੇ ਆਜ਼ਾਦ ਉਮੀਦਵਾਰ ਰਜਿੰਦਰ ਕੁਮਾਰ ਗੋਇਲ ਨੇ ਅੱਜ ਨਾਮਜ਼ਦਗੀ ਦਾਖ਼ਲ ਕੀਤੀ। ਫਤਿਹਗੜ੍ਹ ਸਾਹਿਬ (ਰਾਖ਼ਵਾਂ) ਤੋਂ ਰਾਸ਼ਟਰੀ ਲੋਕ ਸਵਰਾਜ ਪਾਰਟੀ ਦੇ ਅਸ਼ੋਕ ਕੁਮਾਰ, ਇੰਡੀਅਨ ਨੈਸ਼ਨਲ ਕਾਂਗਰਸ ਦੇ ਅਮਰ ਸਿੰਘ, ਲੋਕ ਇਨਸਾਫ਼ ਪਾਰਟੀ ਦੇ ਮਨਵਿੰਦਰ ਸਿੰਘ, ਆਮ ਆਦਮੀ ਪਾਰਟੀ ਦੇ ਬਨਦੀਪ ਸਿੰਘ, ਆਜ਼ਾਦ ਉਮੀਦਵਾਰ ਲਛਮਣ ਸਿੰਘ ਸਣੇ ਹੋਰਾਂ ਵੱਲੋਂ ਪਰਚੇ ਭਰੇ ਗਏ। ਹਲਕਾ ਫਰੀਦਕੋਟ (ਰਾਖ਼ਵੇਂ) ਤੋਂ ਬਹੁਜਨ ਮੁਕਤੀ ਪਾਰਟੀ ਦੇ ਚੰਨਣ ਸਿੰਘ, ਸਮਾਜ ਅਧਿਕਾਰ ਕਲਿਆਣ ਪਾਰਟੀ ਦੀ ਵੀਰਪਾਲ ਕੌਰ, ਆਮ ਆਦਮੀ ਪਾਰਟੀ ਦੇ ਸਾਧੂ ਸਿੰਘ ਅਤੇ ਰਾਜਪਾਲ ਸਿੰਘ, ਭਾਰਤੀ ਜਨਰਾਜ ਪਾਰਟੀ ਦੇ ਓਮ ਪ੍ਰਕਾਸ਼, ਭਾਰਤ ਪ੍ਰਭਾਤ ਪਾਰਟੀ ਦੇ ਪਰਮਿੰਦਰ ਸਿੰਘ, ਭਾਰਤੀਯਾ ਲੋਕ ਸੇਵਾ ਦਲ ਦੇ ਭੋਲਾ ਸਿੰਘ, ਆਜ਼ਾਦ ਉਮੀਦਵਾਰ ਜਗਮੀਤ ਸਿੰਘ, ਪੰਜਾਬ ਏਕਤਾ ਪਾਰਟੀ ਦੇ ਬਲਦੇਵ ਸਿੰਘ ਤੇ ਹੋਰਨਾਂ ਨੇ ਪਰਚੇ ਭਰੇ। ਹਲਕਾ ਫਿਰੋਜ਼ਪੁਰ ਤੋਂ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ, ਜਨਰਲ ਸਮਾਜ ਪਾਰਟੀ ਦੇ ਬਲਵੰਤ ਸਿੰਘ, ਆਜ਼ਾਦ ਉਮੀਦਵਾਰ ਪਰਮਿੰਦਰ ਸਿੰਘ, ਡੈਮੋਕਰੇਟਿਕ ਪਾਰਟੀ ਆਫ ਇੰਡੀਆ (ਅੰਬੇਦਕਰ) ਦੇ ਸਤਨਾਮ ਸਿੰਘ, ਆਜ਼ਾਦ ਉਮੀਦਵਾਰ ਸ਼ੁਸ਼ੀਲ ਕੁਮਾਰ, ਅਕਾਲੀ ਦਲ (ਅੰਮ੍ਰਿਤਸਰ) ਦੇ ਜਤਿੰਦਰ ਸਿੰਘ ਤੇ ਹੋਰਾਂ ਨੇ ਅੱਜ ਪਰਚੇ ਭਰੇ ਹਨ। ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ, ਆਜ਼ਾਦ ਉਮੀਦਵਾਰ ਰਾਕੇਸ਼ ਭਾਟਿਆ, ਆਜ਼ਾਦ ਉਮੀਦਵਾਰ ਗੁਰਚਰਨ ਸਿੰਘ, ਆਜ਼ਾਦ ਉਮੀਦਵਾਰ ਰਣਵੀਰ ਸਿੰਘ, ਆਜ਼ਾਦ ਉਮੀਦਵਾਰ ਸੰਦੀਪ ਕੁਮਾਰ, ਪੰਜਾਬ ਲੇਬਰ ਪਾਰਟੀ ਦੇ ਗੁਰਮੀਤ ਸਿੰਘ ਇੰਸਾ, ਆਜ਼ਾਦ ਉਮੀਦਵਾਰ ਲਖਬੀਰ ਸਿੰਘ, ਵੀਰਪਾਲ ਕੌਰ, ਮਨਜੀਤ ਕੌਰ, ਭੋਲਾ ਸਿੰਘ ਸਹੋਤਾ, ਸੁਨੀਲ ਕੁਮਾਰ, ਆਮ ਆਦਮੀ ਪਾਰਟੀ ਦੀ ਰਣਜੀਤ ਕੌਰ, ਆਜ਼ਾਦ ਉਮੀਦਵਾਰ ਅਮਰੀਕ ਸਿੰਘ, ਹਰਪਾਲ ਸਿੰਘ, ਸੁਰਜੀਤ ਸਿੰਘ, ਭਾਰਤੀ ਲੋਕ ਸੇਵਾ ਦਲ ਦੇ ਜਗਦੇਵ ਸਿੰਘ, ਆਜ਼ਾਦ ਉਮੀਦਵਾਰ ਗੁਰਮੇਲ ਸਿੰਘ, ਪੰਜਾਬ ਏਕਤਾ ਪਾਰਟੀ ਦੇ ਦੀਪਕ ਬਾਂਸਲ, ਆਜ਼ਾਦ ਉਮੀਦਵਾਰ ਗੁਰਦੀਪ ਸਿੰਘ, ਆਜ਼ਾਦ ਉਮੀਦਵਾਰ ਤੇਜਾ ਸਿੰਘ ਅਤੇ ਆਜ਼ਾਦ ਉਮੀਦਵਾਰ ਸੁਖਰਾਜ ਸਿੰਘ ਨੱਤ ਵੱਲੋਂ, ਲੋਕ ਸਭਾ ਹਲਕਾ ਸੰਗਰੂਰ ਤੋਂ ਆਜ਼ਾਦ ਉਮੀਦਵਾਰ ਦਿਆਲ ਚੰਦ, ਅਕਾਲੀ ਦਲ ਦੇ ਪਰਮਿੰਦਰ ਸਿੰਘ ਅਤੇ ਗਗਨਦੀਪ ਕੌਰ, ਭਾਰਤੀ ਜਨਰਾਜ ਪਾਰਟੀ ਦੇ ਮਨੀਸ਼ ਕੁਮਾਰ, ਜਨਤਾ ਦਲ (ਯੂਨਾਈਟਿਡ) ਦੇ ਮਾਲਵਿੰਦਰ ਸਿੰਘ, ਲੋਕ ਇਨਸਾਫ਼ ਪਾਰਟੀ ਦੇ ਜਸਰਾਜ ਸਿੰਘ ਲੋਂਗੀਆ, ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਅਤੇ ਹੋਰਨਾਂ ਨੇ ਕਾਗਜ਼ ਦਾਖ਼ਲ ਕੀਤੇ ਹਨ। ਜਲੰਧਰ ਤੋਂ ਆਜ਼ਾਦ ਉਮੀਦਵਾਰ ਨੀਟੂ, ਭਾਰਤ ਪ੍ਰਭਾਤ ਪਾਰਟੀ ਦੇ ਗੁਰੁਪਾਲ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਚਰਨਜੀਤ ਸਿੰਘ ਤੇ ਹੋਰਨਾਂ ਵੱਲੋਂ ਕਾਗਜ਼ ਦਾਖ਼ਲ ਕੀਤੇ ਗਏ ਹਨ। ਪਟਿਆਲਾ ਤੋਂ ਆਜ਼ਾਦ ਉਮੀਦਵਾਰ ਜਗਮੇਲ ਸਿੰਘ, ਬਲਦੀਪ ਸਿੰਘ, ਬਨਵਾਰੀ ਲਾਲ, ਅਵਤਾਰ ਸਿੰਘ, ਰਾਸ਼ਟਰੀ ਜਨਸ਼ਕਤੀ ਪਾਰਟੀ (ਸੈਕੁਲਰ) ਦੇ ਅਜੈਬ ਸਿੰਘ ਸਣੇ ਹੋਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ।