ਸੁਖਬੀਰ ਨੇ ਪਰਮਿੰਦਰ ਨੂੰ ਸੰਗਰੂਰ ਤੋਂ ਉਮੀਦਵਾਰ ਐਲਾਨਿਆ
ਸ਼੍ਰੋਮਣੀ ਅਕਾਲੀ ਦਲ ਨੇ ਸੰਗਰੂਰ ਸੰਸਦੀ ਹਲਕੇ ਤੋਂ ਆਗਾਮੀ ਚੋਣਾਂ ਲਈ ਪਰਮਿੰਦਰ ਸਿੰਘ ਢੀਂਡਸਾ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਇਹ ਜਾਣਕਾਰੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਮੀਡੀਆ ਨੂੰ ਦਿੱਤੀ। ਪਾਰਟੀ ਵੱਲੋਂ ਕੀਤੇ ਗਏ ਤਾਜ਼ਾ ਐਲਾਨ ਨਾਲ ਸੰਸਦੀ ਚੋਣਾਂ ਲਈ ਐਲਾਨੇ ਉਮੀਦਵਾਰਾਂ ਦੀ ਗਿਣਤੀ ਛੇ ਹੋ ਗਈ ਹੈ। ਰਾਜਸੀ ਤੌਰ ’ਤੇ ਅਹਿਮ ਮੰਨੇ ਜਾਂਦੇ ਸੰਗਰੂਰ ਸੰਸਦੀ ਹਲਕੇ ਦੇ ਉਮੀਦਵਾਰ ਸਬੰਧੀ ਅਕਾਲੀ ਦਲ ਅੰਦਰ ਹੀ ਨਹੀਂ ਸਗੋਂ ਢੀਂਡਸਾ ਪਰਿਵਾਰ ਵਿਚ ਵੀ ਪਿਛਲੇ ਦਿਨਾਂ ਤੋਂ ਕਸ਼ਮਕਸ਼ ਚੱਲ ਰਹੀ ਸੀ। ਸਾਬਕਾ ਵਿੱਤ ਮੰਤਰੀ ਤੇ ਲਹਿਰਾਗਾਗਾ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰ ਰਹੇ ਪਰਮਿੰਦਰ ਸਿੰਘ ਢੀਂਡਸਾ ਨੂੰ ਉਮੀਦਵਾਰ ਬਣਾਏ ਜਾਣ ਤੋਂ ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਸਹਿਮਤ ਨਹੀਂ ਸਨ। ਉਹ ਇਸ ਸਬੰਧੀ ਆਪਣੀ ਅਸਹਿਮਤੀ ਜਨਤਕ ਤੌਰ ’ਤੇ ਵੀ ਪ੍ਰਗਟ ਕਰਦੇ ਆ ਰਹੇ ਸਨ। ਪਾਰਟੀ ਪ੍ਰਧਾਨ ਵੱਲੋਂ ਅੱਜ ਅਧਿਕਾਰਤ ਤੌਰ ’ਤੇ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ‘ਸੀਨੀਅਰ’ ਢੀਂਡਸਾ ਨੇ ਪਿਤਾ ਦੀ ਹੈਸੀਅਤ ਵਿੱਚ ਆਪਣੇ ਪੁੱਤਰ ਨੂੰ ਕਾਮਯਾਬੀ ਲਈ ਆਸ਼ੀਰਵਾਦ ਤਾਂ ਦਿੱਤਾ ਪਰ ਨਾਲ ਹੀ ਸੰਸਦੀ ਚੋਣਾਂ ਦੌਰਾਨ ਪ੍ਰਚਾਰ ਤੋਂ ਕਿਨਾਰਾ ਕਰ ਲੈਣ ਦੀ ਗੱਲ ਵੀ ਕਹੀ। ਜ਼ਿਕਰਯੋਗ ਹੈ ਕਿ ਲੰਘੇ ਸਾਲ ਸਤੰਬਰ ਵਿੱਚ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੇ ਸਾਰੇ ਅਹੁਦੇ ਤਿਆਗਣ ਦਾ ਐਲਾਨ ਕੀਤਾ ਸੀ। ਉਹ ਪਾਰਟੀ ਦੇ ਸਾਧਾਰਨ ਮੈਂਬਰ ਵਜੋਂ ਕੰਮ ਕਰਦੇ ਆ ਰਹੇ ਹਨ ਅਤੇ ਲਗਾਤਾਰ ਸੁਖਬੀਰ ਸਿੰਘ ਬਾਦਲ ’ਤੇ ਸ਼ਬਦੀ ਬਾਣ ਦਾਗਦੇ ਆ ਰਹੇ ਹਨ।