* ਰਾਹਤ ਕਾਰਜਾਂ ਲਈ ਕਈ ਇਲਾਕਿਆਂ ’ਚ ਫ਼ੌਜ ਅਤੇ ਐੱਨਡੀਆਰਐੱਫ ਦੀਆਂ ਟੀਮਾਂ ਸੱਦੀਆਂ
* ਰੂਪਨਗਰ-ਨੰਗਲ ਰੇਲ ਟਰੈਕ ਉੱਤੇ ਦਰਜਨ ਦੇ ਕਰੀਬ ਰੇਲ ਗੱਡੀਆਂ ਰੱਦ
* ਮੁਹਾਲੀ ਜ਼ਿਲ੍ਹੇ ਦੇ ਕਈ ਪਿੰਡਾਂ ਦਾ ਮੁਹਾਲੀ ਅਤੇ ਖਰੜ ਨਾਲੋਂ ਸੰਪਰਕ ਟੁੱਟਿਆ
* ਸਰਕਾਰੀਆ ਤੇ ਕਾਂਗੜ ਵੱਲੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ
ਪਿਛਲੇ ਦੋ ਦਿਨ ਤੋਂ ਪੈ ਰਹੇ ਮੀਂਹ ਕਾਰਨ ਪੰਜਾਬ ਸਮੇਤ ਉੱਤਰੀ ਰਾਜਾਂ ਦੇ ਕਈ ਹਿੱਸਿਆਂ ਵਿਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਮੀਂਹ ਕਾਰਨ ਪੰਜਾਬ ਵਿਚ ਪੰਜ ਮੌਤਾਂ ਹੋ ਚੁੱਕੀਆਂ ਹਨ। ਦਰਜਨਾਂ ਪਸ਼ੂ ਵੀ ਮਾਰੇ ਗਏ ਹਨ ਤੇ ਸੈਂਕੜੇ ਪਿੰਡਾਂ ਦੇ ਲੋਕਾਂ ਨੂੰ ਪਿੰਡ ਛੱਡ ਜਾਣ ਦੇ ਹੁਕਮ ਦਿੱਤੇ ਗਏ ਹਨ। ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ। ਕਈ ਇਲਾਕਿਆਂ ਵਿੱਚ ਫ਼ੌਜ ਬੁਲਾਈ ਗਈ ਹੈ। ਆਨੰਦਪੁਰ ਸਾਹਿਬ ਨੇੜੇ ਡੇਢ ਦਰਜਨ ਦੇ ਕਰੀਬ ਪਿੰਡ ਪਾਣੀ ਵਿੱਚ ਘਿਰੇ ਹੋਏ ਹਨ ਅਤੇ ਰੂਪਨਗਰ-ਨੰਗਲ ਰੇਲ ਟਰੈਕ ਉੱਤੇ ਦਰਜਨ ਦੇ ਕਰੀਬ ਰੇਲ ਗੱਡੀਆਂ ਰੱਦ ਹੋ ਗਈਆਂ ਹਨ। ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਵਧਣਾ ਜਾਰੀ ਹੈ ਪਰ ਸਤਲੁਜ ਵਿਚ ਪਾਣੀ ਕੁੱਝ ਘਟਣ ਨਾਲ ਰਾਹਤ ਮਿਲੀ ਹੈ। ਪੰਜਾਬ ਭਰ ਤੋਂ ਆ ਰਹੀਆਂ ਰਿਪੋਰਟਾਂ ਮੁਤਾਬਕ ਗੁਰਦਾਸਪੁਰ, ਫ਼ਿਰੋਜ਼ਪੁਰ, ਨਵਾਂ ਸ਼ਹਿਰ, ਰੋਪੜ, ਜਲੰਧਰ, ਮੋਗਾ ਅਤੇ ਹੋਰ ਕਈ ਜ਼ਿਲ੍ਹਿਆਂ ਵਿੱਚ ਜ਼ਿਆਦਾ ਪਾਣੀ ਆਉਣ ਕਰਕੇ ਪਿੰਡ ਖ਼ਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ। ਬਿਆਸ ’ਚ ਹੜ੍ਹ ਆਉਣ ਕਾਰਨ ਗੁਰਦਾਸਪੁਰ ਜ਼ਿਲ੍ਹੇ ਦੇ ਇਕ ਪਿੰਡ ਵਿਚ ਫਸੇ ਹੋਏ ਗਿਆਰਾਂ ਜਣਿਆਂ ਨੂੰ ਬਚਾਇਆ ਗਿਆ। ਡੀਸੀਵਿਪੁਲ ਉੱਜਵਲ ਨੇ ਦੱਸਿਆ ਕਿ ਪਿੰਡ ਵਿਚ ਗੁੱਜਰ ਭਾਈਚਾਰੇ ਦੇ ਕੁਝ ਲੋਕਾਂ ਤੇ ਉਨ੍ਹਾਂ ਦੇ ਪਸ਼ੂਆਂ ਦੇ ਫਸੇ ਹੋਣ ਬਾਰੇ ਜਾਣਕਾਰੀ ਮਿਲੀ ਸੀ। ਇਨ੍ਹਾਂ ਨੂੰ ਪ੍ਰਸ਼ਾਸਨ ਤੇ ਫ਼ੌਜ ਨੇ ਸਾਂਝੀ ਮੁਹਿੰਮ ਚਲਾ ਕੇ ਬਚਾਇਆ। ਮੁਹਾਲੀ ਜ਼ਿਲ੍ਹੇ ਦੇ ਕਈ ਪਿੰਡਾਂ ਦਾ ਮੁਹਾਲੀ ਅਤੇ ਖਰੜ ਨਾਲੋਂ ਸੰਪਰਕ ਟੁੱਟ ਗਿਆ ਹੈ। ਪੰਜਾਬ ਸਰਕਾਰ ਨੇ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਸੂਬਾ ਤੇ ਜ਼ਿਲ੍ਹਾ ਪੱਧਰ ਉੱਤੇ ਕੰਟਰੋਲ ਰੂਮ ਸਥਾਪਿਤ ਕੀਤੇ ਹਨ। ਡਿਪਟੀ ਕਮਿਸ਼ਨਰਾਂ ਨੇ ਲੋੜ ਪੈਣ ਉੱਤੇ ਗੁਰਦਾਸਪੁਰ, ਫ਼ਿਰੋਜ਼ਪੁਰ, ਰੋਪੜ ਜ਼ਿਲ੍ਹਿਆਂ ਵਿੱਚ ਫੌਜ ਅਤੇ ਐਨਡੀਆਰਐਫ ਦੀਆਂ ਟੀਮਾਂ ਬੁਲਾਈਆਂ ਹਨ। ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਰਾਵੀ ਅਤੇ ਬਿਆਸ ਦਰਿਆਵਾਂ ਦੇ ਨੇੜੇ ਨਾ ਜਾਣ ਦੀ ਅਪੀਲ ਕੀਤੀ ਹੈ। ਸਤਲੁਜ ਦਰਿਆ ਅਤੇ ਉੱਪਰਲੇ ਇਲਾਕਿਆਂ ਤੋਂ ਆਏ ਹੜ੍ਹ ਦੇ ਪਾਣੀ ਕਾਰਨ ਆਨੰਦਪੁਰ ਸਾਹਿਬ ਦੀਆਂ ਖੱਡਾਂ ਨੇੜਲੇ ਦਰਜਨਾਂ ਪਿੰਡਾਂ ਵਿੱਚ ਪਾਣੀ ਭਰ ਗਿਆ ਹੈ। ਲਗਭਗ ਡੇਢ ਸੌ ਦੇ ਕਰੀਬ ਲੋਕਾਂ ਨੂੰ ਪੰਜਾਬ ਪੁਲੀਸ ਅਤੇ ਐਨਡੀਆਰਐਫ ਦੀ ਟੀਮ ਨੇ ਸੁਰੱਖਿਅਤ ਬਾਹਰ ਕੱਢਿਆ ਹੈ। ਇਨ੍ਹਾਂ ਇਲਾਕਿਆਂ ਦੀ ਕਰੀਬ ਅੱਠ ਤੋਂ ਦਸ ਹਜ਼ਾਰ ਏਕੜ ਫ਼ਸਲ ਪਾਣੀ ਦੀ ਮਾਰ ਹੇਠ ਆ ਗਈ ਹੈ। ਦੋ ਪਿੰਡਾਂ ਵਿੱਚ ਤੇਰਾਂ ਦੇ ਕਰੀਬ ਮੱਝਾਂ ਦੀ ਮੌਤ ਹੋ ਗਈ ਹੈ। ਇਸੇ ਦੌਰਾਨ ਨੰਗਲ ਤੋਂ ਨੈਣਾ ਦੇਵੀ ਮਾਰਗ ਉੱਤੇ ਢਿੱਗਾਂ ਡਿੱਗਣ ਕਰਕੇ ਅੱਜ ਪੂਰਾ ਦਿਨ ਕੋਈ ਵੀ ਬੱਸ ਇਸ ਰਸਤੇ ਉੱਤੇ ਨਹੀਂ ਚੱਲ ਸਕੀ।