(ਸਮਾਜ ਵੀਕਲੀ)
ਪਿੰਡਾਂ ਤੇ ਸ਼ਹਿਰਾਂ ਵਿੱਚੋ ਪੰਜਾਬੀਆਂ ਅਤੇ ਖ਼ਾਸਕਰ ਸਿੱਖਾਂ ਦੇ ਵੱਡੀ ਗਿਣਤੀ ਵਿੱਚ ਗਾਇਬ ਹੋਣ ਤੋਂ ਬਾਅਦ ਉਵੇਂ ਹੀ ਲਗਦਾ ਹੈ ਜਿਵੇਂ ਘਰ ਦੇ ਕਿਸੇ ਜੀਅ ਨੂੰ ਘਰੋਂ ਬੇਦਖਲ ਕਰਨ ਤੋਂ ਬਾਅਦ ਵਿਹੜਾ ਕੁਝ ਖਾਲੀ ਖਾਲੀ ਜਿਹਾ ਲੱਗਣ ਲਗਦਾ ਹੈ। ਰਾਸ਼ਟਰਵਾਦ ਦੇ ਹਮਾਇਤੀ ਬਹੁਗਿਣਤੀ ਲੋਕਾਂ ਨੂੰ ਸ਼ਾਇਦ ਇਹ ਗੱਲ ਹਾਸੋ ਹੀਣੀ ਹੀ ਲੱਗੇਗੀ ਪਰ ਸੱਚ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ । ਪੰਜਾਬ ਵਿੱਚ ਸਮੇਂ ਸਮੇਂ ਤੇ ਬਣੀਆਂ ਸਰਕਾਰਾਂ ਨੇ ਕਦੇ ਇਸ ਪਾਸੇ ਧਿਆਨ ਹੀ ਨਹੀਂ ਦਿੱਤਾ ਤੇ ਨਾ ਪੰਜਾਬੀਆਂ ਨੂੰ ਕਦੇ ਇਲਮ ਹੋਇਆ ਹੈ ਕਿ ਇੱਕ ਡੂੰਘੀ ਸਾਜ਼ਿਸ਼ ਤਹਿਤ ਉਨ੍ਹਾਂ ਦੀ ਘੇਰਾਬੰਦੀ ਕੀਤੀ ਜਾ ਰਹੀ ਹੈ ਤੇ ਸੂਬੇ ਦੀ ਆਬਾਦੀ ਦਾ ਤਵਾਜ਼ਨ ਵਿਗਾੜਿਆ ਜਾ ਰਿਹਾ ਹੈ।
ਹੁਣ ਜਦੋਂ ਲੱਖਾਂ ਹੀ ਲੋਕ ਸਿੱਖ ਧਰਮ ਨੂੰ ਬੇਦਾਵਾ ਦੇ ਕੇ ਈਸਾਈ ਬਣ ਰਹੇ ਹਨ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੇ ਕਰਤਿਆਂ ਧਰਤਿਆਂ ਤੇ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਹੈ। ਉਹ ਹਨ੍ਹੇਰੇ ਵਿੱਚ ਹੱਥ ਪੈਰ ਮਾਰਦੇ ਪ੍ਰਤੀਤ ਹੋ ਰਹੇ ਹਨ । ਉਨ੍ਹਾਂ ਨੇ ਕੁੱਝ ਸਿੱਖ ਤੇ ਨਿਹੰਗ ਜੱਥੇਬੰਦੀਆਂ ਨੂੰ ਮੂਹਰੇ ਲਾ ਕੇ ਈਸਾਈ ਬਣੇ ਲੋਕਾਂ ਨੂੰ ਮੁੜ ਸਿੱਖ ਪੰਥ ਵਿੱਚ ਮੋੜ ਲਿਆਉਣ ਲਈ ਹਥਿਆਰਬੰਦ ਹੋਕੇ ਬਹੁੜਨ ਲਈ ਪ੍ਰੇਰਿਆ ਹੈ । ਇਹ ਕੇਹੀ ਹਾਸੋਹੀਣੀ, ਬੇਤੁਕੀ ਤੇ ਘਟੀਆ ਗੱਲ ਹੈ ਕਿ ਇੱਕ ਜੁੰਮੇਵਾਰ ਸ਼ਖ਼ਸ ਇਹ ਕਹਿ ਰਿਹਾ ਹੈ ਕਿ ਈਸਾਈਆਂ ਦੀ ਧਰਮ ਚਰਚਾ ਰੋਕ ਦਿਓ ।
ਵਾਹ ਜੱਥੇਦਾਰ ਜੀ ਵਾਹ ! ਨਹੀਂ ਰੀਸਾਂ! ਪਿਛਲੇ ਦਿਨੀਂ ਜੋ ਕੁਝ ਮਾਝੇ ਵਿੱਚ ਵਾਪਰਿਆ ਹੈ, ਉਹ ਬਹੁਤ ਹੀ ਨਿੰਦਣ ਯੋਗ ਹੈ । ਧਰਮ ਹਰ ਇਕ ਦਾ ਨਿੱਜੀ ਮਸਲਾ ਹੈ। ਕਿਸੇ ਨੂੰ ਧੱਕੇ ਨਾਲ਼ ਨਹੀਂ ਮਨਾਇਆ ਜਾ ਸਕਦਾ। ਇਤਿਹਾਸ ਗਵਾਹ ਹੈ ਕਿ ਜਦੋਂ ਔਰੰਗਜ਼ੇਬ ਨੇ ਹਿੰਦੂਆਂ ਨੂੰ ਤਲਵਾਰ ਦੇ ਜ਼ੋਰ ਨਾਲ਼ ਮੁਸਲਮਾਨ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਤਿੰਨ ਅੰਨਿਨ ਸਿੱਖਾਂ ਸਮੇਤ ਦਿੱਲੀ ਦੇ ਚਾਂਦਨੀ ਚੌਕ ਵਿੱਚ ਸੀਸ ਕਟਵਾ ਲਿਆ ਸੀ ਪਰ ਮੁਗਲ ਹਕੂਮਤ ਦੀ ਧੱਕੇਸ਼ਾਹੀ ਪ੍ਰਵਾਨ ਨਹੀਂ ਕੀਤੀ ਸੀ ।
ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲ਼ਿਆਂ ਨੇ ਸੋਟਾ ਆਪਣੀ ਪੀੜ੍ਹੀ ਹੇਠਾਂ ਫੇਰਨ ਦੀ ਬਜਾਏ ਉਹਨਾਂ ਗਰੀਬਾਂ ਉਪਰ ਫੇਰਨਾ ਸ਼ੁਰੂ ਕਰ ਦਿੱਤਾ ਹੈ ਜਿਹਨਾਂ ਨੂੰ ਅੱਧੀ ਸਦੀ ਤੋਂ ਪਿੰਡਾਂ ਦੇ ਗੁਰਦੁਆਰਿਆਂ ਵਿੱਚੋਂ ਬਾਹੋਂ ਫੜ੍ਹ ਫੜ੍ਹ ਬਾਹਰ ਕੱਢਿਆ ਜਾਂਦਾ ਸੀ । ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਜਾਤਾਂ ਗੋਤਾਂ ਦੇ ਨਾਮ ਤੇ ਗੁਰਦੁਆਰੇ ਬਣੇ ਹੋਏ ਹਨ । ਸਮਸ਼ਾਨ ਘਾਟ ਤਾਂ ਹਰ ਪਿੰਡ ਵਿੱਚ ਪਹਿਲਾਂ ਤੋਂ ਹੀ ਵੱਖੋ ਵੱਖ ਹਨ । ਪੰਜਾਬ ਦੇ ਕਈ ਪਿੰਡਾਂ ਦੇ ਗੁਰਦੁਆਰਿਆਂ ਅਤੇ ਡੇਰਿਆਂ ਨੇ ਵੱਖ ਵੱਖ ਜਾਤਾਂ ਲਈ ਭਾਂਡੇ ਵੀ ਵੱਖਰੇ ਬਣਾਏ ਹੋਏ ਹਨ ।
ਗੁਰੂ ਨਾਨਕ ਪਾਤਸ਼ਾਹ ਜੀ ਨੇ ਚਾਰ ਉਦਾਸੀਆਂ ਕਰਕੇ ਮੁਲਤਾਨ ਤੋਂ ਬੰਗਾਲ ਤੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦੇ ਸਮਾਜਵਾਦੀ ਤੇ ਇਨਕਲਾਬੀ ਮਹਾਂਪੁਰਖਾਂ ਦੀ ਬਾਣੀ ਇਕੱਤਰ ਕੀਤੀ ਜਿਸਨੂੰ ਉਹਨਾਂ ਤੋਂ ਬਾਅਦ ਇਕ ਥਾਲ਼ ਵਿੱਚ ਸਜਾ ਕੇ ਦੁਨੀਆਂ ਭਰ ਦੇ ਲੋਕਾਂ ਅੱਗੇ ਪਰੋਸ ਦਿੱਤਾ ਗਿਆ। ਗੁਰੂ ਗ੍ਰੰਥ ਸਾਹਿਬ ਰੂਪੀ ਇਸ ਥਾਲ਼ ਰਾਹੀਂ ਪਖੰਡੀ ਪੂਜਾਰੀਆਂ ਦੇ ਜਾਲ਼ ਵਿੱਚ ਫਸੇ ਲੋਕਾਂ ਨੂੰ ਕੁਦਰਤੀ ਵਿਧਾਨ ਅਧੀਨ ਬਣੇ ਆਦਿ ਜੁਗਾਦੀ ਸੱਚ ਧਰਮ ਨਾਲ਼ ਜੋੜਿਆ ਗਿਆ । ਉਹਨਾਂ ਸਮਿਆਂ ਵਿੱਚ ਤਾਂ ਆਵਾਜਾਈ ਦਾ ਕੋਈ ਸਾਧਨ ਵੀ ਨਹੀਂ ਸੀ ਤੇ ਗੁਰੂ ਜੀ ਨੇ ਮਨੁੱਖਤਾ ਦੇ ਭਲੇ ਲਈ ਪੱਚੀ ਸਾਲਾਂ ਦੌਰਾਨ ਪੈੰਤੀ ਹਜ਼ਾਰ ਮੀਲਾਂ ਦਾ ਸਫ਼ਰ ਪੈਦਲ ਹੀ ਤੈਅ ਕੀਤਾ ਸੀ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਲਾਏ ਸੱਚ ਧਰਮ ਦੀ ਰਾਖੀ ਕਰਦਿਆਂ ਭਾਂਵੇਂ ਆਪਣਾ ਸਾਰਾ ਪਰਿਵਾਰ ਵਾਰਨਾ ਪੈ ਗਿਆ ਪਰ ਉਨ੍ਹਾਂ ਨੇ ਸਮੇਂ ਦੀ ਹਕੂਮਤ ਦੀ ਈਨ ਨਾ ਮੰਨੀ।
ਹੁਣ ਸ਼੍ਰੋਮਣੀ ਕਮੇਟੀ ਕੋਲ਼ ਘਾਟਾ ਕਿਸ ਗੱਲ ਦਾ ਹੈ ? ਅਰਬਾਂ ਦਾ ਸਲਾਨਾ ਬੱਜਟ ਹੈ । ਬਾਹਰ ਅੰਦਰ ਆਉਣ ਜਾਣ ਲਈ ਹਰ ਤਰ੍ਹਾਂ ਦੇ ਸਾਧਨ ਹਨ । ਲੰਗਰ ਛਕਣ ਤੇ ਛਕਾਉਣ ਵਾਲ਼ਿਆਂ ਦੀ ਵੱਡੀ ਫੌਜ ਹੈ । ਉਹ ਫੌਜ ਜੋ ਆਪਣਿਆਂ ਨੂੰ ਹੀ ਕੁੱਟਣ ਮਾਰਨ ਤੇ ਛੇਕਣ ਛੇਕਾਉਣ ਲਈ ਹਰ ਵੇਲ਼ੇ ਤਿਆਰ ਬਰ ਤਿਆਰ ਰਹਿੰਦੀ ਹੈ । ਪਿਛਲੇ ਤੀਹ ਸਾਲਾਂ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਵਿਹੜੇ ਅੰਦਰ ਸਿੱਖਾਂ ਨੇ ਕਈ ਵਾਰ ਆਪਸ ਵਿੱਚ ਤਲਵਾਰਬਾਜ਼ੀ ਕੀਤੀ ਹੈ ਤੇ ਡਾਂਗ ਸੋਟਾ ਵੀ ਖੜਕਾਇਆ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਗੱਲ ਦਾ ਜਵਾਬ ਸਿੱਖ ਸੰਗਤਾਂ ਨੂੰ ਕਦੋਂ ਦੇਵੇਗੀ ਕਿ ਅਰਬਾਂ ਦੇ ਬਜਟ ਨਾਲ਼ ਹੁਣ ਤੱਕ ਕੌਮ ਦਾ ਕੀ ਕੁਝ ਸਵਾਰਿਆ ਗਿਆ ਹੈ ?
ਸ਼੍ਰੋਮਣੀ ਕਮੇਟੀ ਕੋਲ਼ ਹਰ ਗੱਲ ਦਾ ਘੜਿਆ ਘੜਾਇਆ ਜਵਾਬ ਮੌਜੂਦ ਹੈ ਕਿ ਉਨ੍ਹਾਂ ਨੇ ਪੁਰਾਤਨ ਗੁਰਦੁਆਰਿਆਂ ਦੀਆਂ ਕੱਚੀਆਂ ਪਿੱਲੀਆਂ ਇਮਾਰਤਾਂ ਢਾਹ ਕੇ ਨਵੀਆਂ ਉਸਾਰ ਦਿੱਤੀਆਂ ਹਨ ਤੇ ਅੰਦਰ ਬਾਹਰ ਚੁਫੇਰੇ ਪੱਕੇ ਫਰਸ਼ਾਂ ਉਪਰ ਸੰਗਮਰਮਰ ਲਗਾ ਦਿੱਤਾ ਹੈ ਜਦੋਂਕਿ ਅਸਲ ਵਿੱਚ ਕਾਰ ਸੇਵਾ ਦੇ ਨਾਂ ਤੇ ਆਮ ਲੋਕਾਂ ਹੱਥੋਂ ਇਤਿਹਾਸਕ ਯਾਦਗਾਰਾਂ ਦਾ ਹਮੇਸ਼ਾ ਲਈ ਭੋਗ ਪਵਾਇਆ ਹੈ। ਵੱਡੀਆਂ ਤੇ ਮਹਿੰਗੀਆਂ ਗੱਡੀਆਂ ਖਰੀਦੀਆਂ ਹਨ ਤੇ ਦੇਸ਼ਾਂ ਵਿਦੇਸ਼ਾਂ ਦੀ ਸੈਰ ਕੀਤੀ ਹੈ। ਉਹ ਧਾਰਮਕ ਲਿਟਰੇਚਰ ਛਾਪ ਛਾਪ ਕੇ ਧਰਮ ਦਾ ਦੂਰ ਦੂਰ ਤੱਕ ਪ੍ਰਚਾਰ ਕਰਨ ਅਤੇ ਲੱਖਾਂ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਵਾਲ਼ੇ ਬਣਾਉਣ ਦੇ ਦਾਅਵੇ ਵੀ ਪੇਸ਼ ਕਰਦੇ ਰਹਿੰਦੇ ਹਨ ਵਗੈਰਾ ਵਗੈਰਾ…
ਪਰ ਸੱਚ ਤੋਂ ਮੁਨਕਰ ਹੋਣਾ ਔਖਾ ਹੈ । ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗਏ ਸਿੱਖੀ ਦੇ ਪ੍ਰਚਾਰ ਤੇ ਪਸਾਰ ਦੇ ਨਤੀਜੇ ਪਿਛਲੇ ਵੀਹ ਸਾਲਾਂ ਤੋਂ ਸਾਹਮਣੇ ਆਉਣੇ ਸ਼ੁਰੂ ਹੋਏ ਹਨ । ਪੰਜਾਬ ਵਿੱਚ ਪਖੰਡੀ ਸਾਧਾਂ ਦੇ ਹਜ਼ਾਰਾਂ ਡੇਰੇ ਖੁੱਲ੍ਹ ਗਏ ਹਨ । ਲੱਖਾਂ ਸਿੱਖ ਪਹਿਲਾਂ ਸੌਦਾ ਸਾਧ ਦੇ ਪ੍ਰੇਮੀ ਬਣੇ ਤੇ ਹੁਣ ਈਸਾਈ ਬਣ ਰਹੇ ਹਨ । ਉਹ ਸਿੱਖ ਗੁਰੂ ਨਾਨਕ ਪਾਤਸ਼ਾਹ ਜੀ ਦੀ ਲਿਖੀ ਤੇ ਇਕੱਠੀ ਕੀਤੀ ਮਾਖਿਓ ਮਿੱਠੀ ਸਰਬ ਸਾਂਝੀ ਗੁਰਬਾਣੀ ਨੂੰ ਛੱਡ ਕੇ ਸਾਧਾਂ ਦੀ ਮਹਿਮਾ ਮੰਡਨ ਕਰਨ ਵਾਲ਼ਾ ਭਜਨ ਕੀਰਤਨ ਸੁਣਨ ਡੇਰਿਆਂ ਵੱਲ ਕਿਉਂ ਜਾ ਰਹੇ ਹਨ ? ਕੀ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਜਾਂ ਪੰਥ ਦੇ ਨਾਂ ਤੇ ਲੁੱਟਮਾਰ ਕਰਨ ਵਾਲ਼ੀਆਂ ਅਣਗਿਣਤ ਜਥੇਬੰਦੀਆਂ ਨੇ ਆਪਣੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣਕੇ ਇਸ ਭਗੌੜੇਪਨ ਪਿੱਛੇ ਵਰਤ ਰਹੇ ਵਰਤਾਰੇ ਦੀ ਕੋਈ ਮਨੋਵਿਗਿਆਨਕ ਖੋਜ ਕਰਵਾਈ ਹੈ?
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਅਧੀਨ ਆਉਂਦੇ ਇਤਹਾਸਕ ਗੁਰਦੁਆਰਿਆਂ ਤੇ ਜੱਟ ਬਰਾਦਰੀ ਦਾ ਕਬਜ਼ਾ ਹੋਣ ਤੋਂ ਬਾਅਦ ਉਹਨਾਂ ਵਿੱਚੋਂ ਬਹੁਤਿਆਂ ‘ਚ ਮਨੂੰਵਾਦੀ ਵਿਚਾਰਧਾਰਾ ਲਾਗੂ ਹੋ ਚੁੱਕੀ ਹੈ । ਇਹ ਬੀਮਾਰੀ ਨਾਗਪੁਰ ਤੋਂ ਪ੍ਰਕਾਸ਼ ਸਿੰਘ ਬਾਦਲ ਰਾਹੀ ਪੰਜਾਬ ਦੇ ਗੁਰਦੁਆਰਿਆਂ ਵਿੱਚ ਅਜਿਹੀ ਫੈਲਾਈ ਗਈ ਹੈ ਕਿ ਹੁਣ ਸਿੱਖ ਹੀ ਸਿੱਖ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣ ਲੱਗ ਪਿਆ ਹੈ। ਪਿਛਲੀ ਅੱਧੀ ਸਦੀ ਦੌਰਾਨ ਬਾਦਲ ਪਰਵਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪਣੀ ਕਠਪੁਤਲੀ ਕਿਵੇਂ ਬਣਾਇਆ ਹੈ, ਇਹ ਹੁਣ ਕੋਈ ਲੁਕਿਆ ਛਿਪਿਆ ਰਾਜ ਨਹੀਂ ਰਹਿ ਗਿਆ। ਨਾਗਪੁਰੀਆਂ ਦੇ ਤਨਖ਼ਾਹਦਾਰ ਪੰਜੇ ਤਖ਼ਤਾਂ ਦੇ ਜਥੇਦਾਰ ਕਿਵੇਂ ਬਾਦਲ ਦੇ ਇਸ਼ਾਰਿਆਂ ਤੇ ਨੱਚਦੇ ਰਹੇ ਤੇ ਨਾਗਪੁਰੋਂ ਟਾਈਪ ਹੋ ਕੇ ਆਏ ਹੁਕਮਨਾਮੇ ਜਾਰੀ ਕਰਦੇ ਰਹੇ ਹਨ, ਇਹ ਸਭ ਹੁਣ ਇਤਿਹਾਸ ਦਾ ਹਿੱਸਾ ਬਣ ਚੁੱਕਿਆ ਹੈ ।
ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿੰਨੀਆਂ ਬੇਅਦਬੀਆ ਬਾਦਲ ਹਕੂਮਤ ਦੌਰਾਨ ਕਰਵਾਈਆਂ ਗਈਆਂ ਹਨ, ਉਹ ਕੌਣ ਤੇ ਕਿਸਦੇ ਇਸ਼ਾਰੇ ਤੇ ਕਰਵਾ ਰਿਹਾ ਸੀ, ਇਹ ਵੀ ਜੱਗ ਜ਼ਾਹਰ ਹੋ ਚੁੱਕਿਆ ਹੈ। ਲੋਕ ਸਭ ਕੁਝ ਜਾਣ ਗਏ ਹਨ। ਕਈ ਝੂਠੀਆਂ ਸੱਚੀਆਂ ਜਾਂਚਾਂ ਪਹਿਲਾਂ ਹੋ ਚੁੱਕੀਆਂ ਹਨ ਤੇ ਅੱਗੋਂ ਵੀ ਹੁੰਦੀਆਂ ਰਹਿਣਗੀਆਂ। ਇਹ ਬੇਅਦਬੀਆਂ ਕੀਹਨੇ ਕਰਵਾਈਆਂ ਹਨ, ਕਿਸ ਨੂੰ ਨਹੀਂ ਪਤਾ ? ਪੰਜਾਬ ਦਾ ਬੱਚਾ ਬੱਚਾ ਉਹਨਾਂ ਨੂੰ ਜਾਣਦਾ ਤੇ ਪਛਾਣਦਾ ਹੈ । ਜਿਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਨੇ ਸਿੱਖੀ ਭੇਸ ਧਾਰਕੇ ਸਿੱਖੀ ਦੀਆਂ ਜੜ੍ਹਾਂ ਵਿੱਚ ਮੰਨੂਵਾਦ ਦਾ ਜਿਹੜਾ ਕੌੜਾ ਤੇਲ ਪਾਇਆ ਹੈ ਅਜਿਹਾ ਤਾਂ ਪਹਿਲਾਂ ਕੋਈ ਮੁਗਲ, ਅੰਗਰੇਜ਼ ਜਾਂ ਕੋਈ ਅਖੌਤੀ ਰਾਸ਼ਟਰਵਾਦੀ ਹਕੂਮਤ ਵੀ ਨਹੀਂ ਕਰ ਸਕੀ ਸੀ। ਸਿੱਖਾਂ ਦਾ ਮਾਣ ਮੱਤਾ ਇਤਿਹਾਸ ਡੇਰਿਆਂ ਵਾਲ਼ਿਆਂ ਨੇ ਰੋਲ਼ ਕੇ ਰੱਖ ਦਿੱਤਾ ਹੈ। ਇਹ ਹੀ ਮੁੱਖ ਕਾਰਨ ਹਨ ਜਿਹਨਾਂ ਕਰਕੇ ਅੱਜ ਪੰਜਾਬ ਦੇ ਪਿੰਡਾਂ ਵਿੱਚੋਂ ਪੰਜਾਬੀਆਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ ।
ਕੁੱਝ ਦਿਨਾਂ ਤੋਂ ਸਾਡੇ ਇਲਾਕੇ ਵਿੱਚ ਪਿੰਡਾਂ ਦੀਆਂ ਗੂਗਾਮਾੜੀਆਂ ਤੇ ਮੇਲੇ ਲੱਗ ਰਹੇ ਹਨ ਤੇ ਛਿੰਞਾਂ ਭਰ ਰਹੀਆਂ ਹਨ । ਅਸੀਂ ਉਚੇਚੇ ਤੌਰ ਤੇ ਇਹਨਾਂ ਮੇਲਿਆਂ ਦਾ ਸਰਵੇਖਣ ਕੀਤਾ ਹੈ । ਮੇਲਿਆਂ ਵਿਚ ਪੰਜਾਬੀਆਂ ਤੇ ਸਿੱਖਾਂ ਦੀ ਹਾਜ਼ਰੀ ਪੋਟਿਆਂ ਤੇ ਗਿਣੀ ਜਾਣ ਜੋਗੀ ਹੀ ਰਹਿ ਗਈ ਹੈ। ਮੇਲਿਆਂ ‘ਚ ਦੁਕਾਨਾਂ ਲਾਉਣ ਵਾਲ਼ੇ ਤੇ ਉਨ੍ਹਾਂ ਤੋਂ ਸੌਦਾ ਸੂਤ ਖਰੀਦਣ ਵਾਲ਼ੇ ਸਭ ਘੋਨ ਮੋਨ ਤੇ ਓਪਰੇ ਸਭਿਆਚਾਰ ਵਾਲ਼ੇ ਨਜ਼ਰ ਆ ਰਹੇ ਸਨ ।
ਸਰਹੰਦ ਨਹਿਰ ਕਿਨਾਰੇ ਗਣੇਸ਼ ਦੀਆਂ ਮੂਰਤੀਆਂ ਜਲ ਪ੍ਰਵਾਹ ਕਰਨ ਵਾਲ਼ਿਆਂ ਨੇ ਨਹਿਰਾਂ ਭਰ ਦਿੱਤੀਆਂ ਹਨ । ਪੰਜਾਬੀ ਸਭਿਆਚਾਰ ਦਾ ਹਿੱਸਾ ਨਾ ਹੋਣ ਦੇ ਬਾਵਜੂਦ ਗਣੇਸ਼ ਪੂਜਾ ਤੇ ਛਟ ਪੂਜਾ ਤੋਂ ਬਾਅਦ ਮੂਰਤੀਆਂ ਦਾ ਬੇਤਹਾਸ਼ਾ ਵਿਸਰਜਨ ਜੀਵਨ ਦੇਣ ਵਾਲ਼ੀਆਂ ਨਹਿਰਾਂ ਵਿੱਚ ਕਰਵਾ ਕੇ ਪੰਜਾਬ ਦੀਆਂ ਹਕੂਮਤਾਂ ਨੇ ਪੌਣ ਪਾਣੀ ਸੁਰੱਖਿਆ ਵਾਲ਼ੀ ਧੰਨ ਧੰਨ ਕਰਵਾ ਦਿੱਤੀ ਹੈ ।
ਸਾਡੇ ਮੂਹਰੇ ਤੁਰੇ ਜਾ ਰਹੇ ਸਾਡੇ ਵਰਗੇ ਕੁਝ ਫ਼ਿਕਰਮੰਦ ਨੌਜਵਾਨਾਂ ਦੇ ਬੋਲ ਮੇਰੇ ਕੰਨਾਂ ਵਿੱਚ ਪਏ, “ਇਸ ਵਾਰ ਮੇਲੇ ਵਿੱਚੋਂ ਪੰਜਾਬੀ ਤੇ ਸਿੱਖ ਬਿਲਕੁਲ ਗਾਇਬ ਹਨ, ਕਿੱਥੇ ਚਲੇ ਗਏ ਇਹ ਲੋਕ ?”
ਸਲਵਾਰਾਂ ਦੀ ਥਾਂ ਪਲਾਜੇ ਤੇ ਸਾੜੀਆਂ ਅਤੇ ਸਿਰ ਤੇ ਸੰਧੂਰ ਪਾਉਣ ਵਾਲ਼ੀਆਂ ਬੀਬੀਆਂ ਦੀ ਹੀ ਭੀੜ ਸੀ ! ਮੈਂ ਮੇਲੇ ਵਿੱਚ ਗੁਆਚੇ ਡੌਰ ਭੌਰ ਬਾਲ ਵਾਂਗੂੰ ਕਿਸੇ ਪੰਜਾਬੀ ਤੇ ਸਿੱਖ ਨੂੰ ਲੱਭ ਰਿਹਾ ਸੀ !
ਪੰਜਾਬੀ ਸੱਭਿਆਚਾਰਕ ਰੰਗ ਤਮਾਸ਼ਿਆਂ ਵਿੱਚ ਓਪਰੀਆਂ ਰਹੁ ਰੀਤਾਂ ਦੀ ਮਿਲਾਵਟ ਕਰਕੇ ਪੰਜਾਬ ਦੇ ਮੇਲਿਆਂ ਵਿੱਚੋਂ ਪੰਜਾਬੀਅਤ ਨੂੰ ਖ਼ਾਰਿਜ਼ ਕਰਵਾਉਣ ਲਈ ਕੌਣ ਜਿੰਮੇਵਾਰ ਹੈ ? ਪੰਜਾਬ ਦੇ ਰੰਗਲੇ ਸਭਿਆਚਾਰ ਨੂੰ ਆਪਣੇ ਹੱਥੀਂ ਦੂਜਿਆਂ ਦੇ ਹੱਥ ਫੜਾਉਣ ਲਈ ਕੌਣ ਜ਼ਿੰਮੇਵਾਰ ਹੈ?
ਬੁੱਧ ਸਿੰਘ ਨੀਲੋੰ