ਮੋਗਾ (ਸਮਾਜਵੀਕਲੀ) : ਸੂਬੇ ਦੇ ਖੇਤੀ ਸਕੱਤਰ ਕਾਹਨ ਸਿੰਘ ਪੰਨੂ ਨੇ ਸਪਸ਼ਟ ਕੀਤਾ ਹੈ ਕਿ ਕੇਂਦਰ ਜਾਂ ਰਾਜ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਕਿਸਾਨ ਟਰੈਕਟਰ ਸਬਸਿਡੀ ਨਾਮ ਦੀ ਕੋਈ ਸਕੀਮ ਸ਼ੁਰੂ ਨਹੀਂ ਕੀਤੀ। ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਗਲਤ ਅਨਸਰਾਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸਰਕਾਰ ਕਿਸਾਨਾਂ ਨੂੰ ਟਰੈਕਟਰਾਂ ’ਤੇ 50 ਫ਼ੀਸਦੀ ਸਬਸਿਡੀ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਗਲਤ ਅਨਸਰ ਸਕੀਮ ਦਾ ਫਾਇਦਾ ਦੇਣ ਦੀ ਗੱਲ ਆਖਦਾ ਹੈ ਤਾਂ ਕਿਸਾਨ ਵਿਭਾਗ ਦੇ ਧਿਆਨ ਵਿੱਚ ਲਿਆਉਣ ਤਾਂ ਜੋ ਗਲਤ ਅਨਸਰਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਕੇਂਦਰ ਜਾਂ ਰਾਜ ਸਰਕਾਰ ਦੁਆਰਾ ਅਜਿਹੀ ਕੋਈ ਯੋਜਨਾ ਨਹੀਂ ਹੈ ਅਤੇ ਨਾ ਹੀ ਕਿਸੇ ਵੀ ਪੱਧਰ ’ਤੇ ਕੋਈ ਪ੍ਰਸਤਾਵ ਦੀ ਯੋਜਨਾ ਹੈ।
ਸ੍ਰੀ ਪੰਨੂ ਨੇ ਅੱਗੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਅਤੇ ਮਕੈਨੀਕਲ ਟਰਾਂਸਪਲਾਂਟੇਸ਼ਨ ਸਬੰਧੀ ਸਬਸਿਡੀ ਤੇ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਵੱਲੋਂ ਖਰੀਦੀਆਂ ਜਾਣੀਆਂ ਹਨ। ਇਨ੍ਹਾਂ ਸਭਾਵਾਂ ਨੂੰ ਸਬਸਿਡੀ ਤੇ ਇਹ ਮਸ਼ੀਨਾਂ ਲਈ ਦਰਖਾਸਤਾਂ ਦੇਣ ਦੀ ਤਾਰੀਖ 30 ਮਈ ਤੱਕ ਵਧਾ ਦਿੱਤੀ ਗਈ ਹੈ।
ਖੇਤੀਬਾੜੀ ਅਧਿਕਾਰੀ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਸਾਨਾਂ ਨੂੰ ਦੱਸਿਆ ਕਿ ਇਹ ਗੁਮਰਾਹਕੁੰਨ ਪ੍ਰਚਾਰ ਹੈ। ਕੋਈ ਵੀ ਨਿੱਜੀ ਜਾਣਕਾਰੀ ਜਿਵੇਂ ਕਿ ਆਧਾਰ ਕਾਰਡ, ਬੈਂਕ ਖਾਤਾ, ਫੋਨ ਨੰਬਰ, ਈਮੇਲ ਕਿਸੇ ਨਾਲ ਸਾਂਝਾ ਨਾ ਕੀਤਾ ਜਾਵੇ। ਖੇਤੀ ਸਬਸਿਡੀ ਸਕੀਮਾਂ ਸਬੰਧੀ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਹਾਸਲ ਕਰਨੀ ਹੋਵੇ ਤਾਂ ਉਨ੍ਹਾਂ ਦੇ ਦਫਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।