ਚੰਡੀਗੜ੍ਹ (ਸਮਾਜਵੀਕਲੀ) – ਪੰਜਾਬ ਦੇ ਉੱਤਰੀ ਪੂਰਬੀ ਹਿੱਸੇ ’ਚ ਅੱਜ ਸਵੇਰ ਵੇਲੇ ਅਣਕਿਆਸੀ ਬਾਰਸ਼ ਹੋਈ ਅਤੇ ਤੇਜ਼ ਹਵਾਵਾਂ ਚੱਲੀਆਂ। ਦੱਖਣੀ ਪੰਜਾਬ ਪੂਰਾ ਤਰ੍ਹਾਂ ਅਣਭਿੱਜ ਰਿਹਾ ਜਦੋਂ ਕਿ ਮਾਝੇ ਅਤੇ ਦੁਆਬੇ ਵਿੱਚ ਸਵੇਰੇ ਕਰੀਬ ਅੱਠ ਵਜੇ ਬਾਰਸ਼ ਪੈਣੀ ਸ਼ੁਰੂ ਹੋਈ। ਇਨ੍ਹਾਂ ਹਿੱਸਿਆਂ ਵਿਚ ਅੱਜ ਦੋ ਸੈਂਟੀਮੀਟਰ ਤੱਕ ਬਾਰਸ਼ ਹੋਣ ਦੀਆਂ ਰਿਪੋਰਟਾਂ ਹਨ। ਬੱਦਲਾਂ ਦੀ ਗਰਜ਼ ਨਾਲ ਅੱਜ ਅਚਨਚੇਤ ਹਨੇਰਾ ਛਾ ਗਿਆ।
ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਜ਼ਿਲ੍ਹਾ ਮੁਹਾਲੀ, ਰੋਪੜ, ਨਵਾਂ ਸ਼ਹਿਰ, ਕਪੂਰਥਲਾ, ਜਲੰਧਰ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਪਟਿਆਲਾ, ਮੋਗਾ ਅਤੇ ਲੁਧਿਆਣਾ ਤੋਂ ਇਲਾਵਾ ਜ਼ਿਲ੍ਹਾ ਸੰਗਰੂਰ ਦੇ ਮਾਲੇਰਕੋਟਲਾ ਇਲਾਕੇ ਵਿੱਚ ਬਾਰਸ਼ ਹੋਈ ਹੈ। ਹਵਾ ਦੀ ਗਤੀ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਰਹੀ। ਆਉਂਦੇ ਦਿਨਾਂ ਵਿਚ ਮੌਸਮ ਅਣਕਿਆਸਾ ਰਹੇਗਾ।
ਨਰਮਾ ਪੱਟੀ ਵਿਚ ਹੁਣ ਨਰਮੇ ਦੀ ਬਿਜਾਂਦ ਦਾ ਕੰਮ ਚੱਲ ਰਿਹਾ ਹੈ ਪ੍ਰੰਤੂ ਮੀਂਹ ਤੋਂ ਅੱਜ ਇਸ ਪੱਟੀ ਦਾ ਬਚਾਅ ਰਿਹਾ। ਦੂਜੇ ਪਾਸੇ ਅੱਜ ਅਣਕਿਆਸੇ ਮੀਂਹ ਕਾਰਨ ਖਰੀਦੀ ਹੋਈ ਕਣਕ ਦੀ ਫਸਲ ਨੁਕਸਾਨੀ ਗਈ। ਤੇਜ਼ ਝੱਖੜ ਨੇ ਬਿਜਲੀ ਸਪਲਾਈ ’ਚ ਵਿਘਨ ਪਾ ਦਿੱਤਾ।
ਭਾਵੇਂ ਮੰਡੀਆਂ ’ਚ ਖਰੀਦ ਦਾ ਕੰਮ ਆਖਰੀ ਪੜਾਅ ’ਤੇ ਹੈ ਪ੍ਰੰਤੂ ਪੰਜਾਬ ਭਰ ਦੇ ਖਰੀਦ ਕੇਂਦਰਾਂ ’ਚ ਹਾਲੇ ਵੀ 28.52 ਲੱਖ ਮੀਟਰਿਕ ਟਨ ਕਣਕ ਦੀ ਫਸਲ ਚੁਕਾਈ ਬਿਨਾਂ ਪਈ ਹੈ। ਸੰਗਰੂਰ ਜ਼ਿਲ੍ਹੇ ਵਿਚ 1.71 ਲੱਖ ਮੀਟਰਿਕ ਟਨ ਕਣਕ ਦੀ ਲਿਫਟਿੰਗ ਹੋਣੀ ਬਾਕੀ ਹੈ। ਸੰਗਰੂਰ ਅਤੇ ਪਠਾਨਕੋਟ ਵਿੱਚ ਤਾਂ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ।
ਸੰਗਰੂਰ ਜ਼ਿਲ੍ਹੇ ਵਿਚ ਇੱਕਾ ਦੁੱਕਾ ਥਾਵਾਂ ’ਤੇ ਹਲਕੀ ਗੜੇਮਾਰੀ ਵੀ ਹੋਈ ਹੈ। ਤੇਜ਼ ਹਵਾਵਾਂ ਚੱਲਣ ਨਾਲ ਦਰੱਖਤਾਂ ਦਾ ਨੁਕਸਾਨ ਹੋਇਆ ਹੈ ਅਤੇ ਬਿਜਲੀ ਸਪਲਾਈ ’ਚ ਵੀ ਵਿਘਨ ਪਿਆ ਹੈ। ਇਸੇ ਤਰ੍ਹਾਂ ਪਠਾਨਕੋਟ ਜ਼ਿਲ੍ਹੇ ਵਿਚ ਅੱਜ ਅਸਮਾਨੀ ਬਿਜਲੀ ਡਿੱਗਣ ਕਾਰਨ ਬਿਜਲੀ ਸਪਲਾਈ ਕਾਫ਼ੀ ਸਮਾਂ ਪ੍ਰਭਾਵਿਤ ਰਹੀ।
ਮੁਹਾਲੀ ਜ਼ਿਲ੍ਹੇ ਦੇ ਕਈ ਖਰੀਦ ਕੇਂਦਰਾਂ ਵਿਚ ਬਰਸਾਤ ਕਾਰਨ ਖਰੀਦ ਕੀਤੀ ਜਿਣਸ ਪ੍ਰਭਾਵਿਤ ਹੋਈ ਹੈ। ਦੱਖਣੀ ਪੰਜਾਬ ਪੂਰੀ ਤਰ੍ਹਾਂ ਸੁੱਕਾ ਰਿਹਾ ਪ੍ਰੰਤੂ ਸ਼ਾਮ ਵੇਲੇ ਕੁਝ ਜ਼ਿਲ੍ਹਿਆਂ ਵਿਚ ਹਨੇਰਾ ਛਾਇਆ ਰਿਹਾ। ਪੰਜਾਬ ਦੇ ਕਿਸਾਨਾਂ ਨੇ ਅੱਜ ਤੋਂ ਝੋਨੇ ਦੀ ਪਨੀਰੀ ਲਾਉਣੀ ਸ਼ੁਰੂ ਕਰ ਦਿੱਤੀ ਹੈ।