ਪੰਜਾਬ ਦੀ ਅਮੀਰ ਵਿਰਾਸਤ ਦਾ ਵਾਰਿਸ ਲੋਕ ਗਾਇਕ : ਭੋਲਾ ਯਮਲਾ

 

ਸੰਗੀਤ ਦੀ ਤੁਰਦੀ ਫਿਰਦੀ ਸੰਸਥਾ ਹੈ – ਭੋਲਾ ਯਮਲਾ

(ਸਮਾਜ ਵੀਕਲੀ): ਅਜੋਕੇ ਸਮੇ ਵਿਚ ਲੱਚਰਤਾ, ਹਥਿਆਰਾਂ ਤੇ ਨਸ਼ੇ ਨੂੰ ਉਤਸਾਹਿਤ ਕਰਨ ਵਾਲੀ ਗਾਇਕੀ ਦੇ ਦੌਰ ਵਿਚ ਜਦੋ ਵੀ ਸਾਫ ਸੁਥਰੀ ਗਾਇਕੀ ਤੇ ਪ੍ਰਵਾਰਿਕ ਗਾਇਕੀ ਦਾ ਜ਼ਿਕਰ ਹੁੰਦਾ ਹੈ ਤਾਂ ਆਪ ਮੁਹਾਰੇ ਹੀ ਸੰਗੀਤ ਦੀ ਤੁਰਦੀ ਫਿਰਦੀ ਸੰਸਥਾ ਵਜੋਂ ਜਾਣੇ ਜਾਂਦੇ ਬਾਈ ਭੋਲਾ ਯਮਲਾ ਦਾ ਨਾਮ ਦਿਲ ਦਿਮਾਗ ਵਿਚ ਉੱਭਰ ਆਉਂਦਾ ਹੈ l

ਭੋਲਾ ਯਮਲਾ ਦਾ ਜਨਮ ਜਿਲ੍ਹਾ ਫਰੀਦਕੋਟ ਦੇ ਪਿੰਡ ਝਖੜਵਾਲਾ ਵਿਖ਼ੇ ਮਾਤਾ ਰਾਣੀ ਕੌਰ ਦੀ ਕੁੱਖੋਂ ਪਿਤਾ ਸ਼੍ਰੀ ਮਿੱਠੂ ਰਾਮ ਰੁਪਾਣਾ ਦੇ ਘਰ ਹੋਇਆ ਸੰਗੀਤ ਦੀ ਮੁਢਲੀ ਸਿੱਖਿਆ ਉਸਨੇ ਅਪਣੇ ਪਿਤਾ ਤੋਂ ਹਾਸਿਲ ਕੀਤੀ ਇਸਤੋਂ ਬਾਅਦ ਭੋਲੇ ਨੂੰ ਉਸਦਾ ਪਰਿਵਾਰ ਉਸਨੂੰ ਉਸਤਾਦ ਲਾਲ ਚੰਦ ਯਮਲਾ ਜੱਟ ਡੇਰੇ ਲੁੱਧਿਆਣੇ ਲੈ ਗਿਆ ਜਿਥੇ ਯਮਲਾ ਜੱਟ ਡੇਰੇ ਦੇ ਮੁੱਖੀ ਉਸਤਾਦ ਜਸਵਿੰਦਰ ਯਮਲਾ ਜੱਟ ਦਾ ਸ਼ਾਗਿਰਦ ਪਾਇਆ ਗਿਆ ਕੁਝ ਸਾਲ ਸੰਗੀਤ ਸਿੱਖਣ ਤੋਂ ਬਾਅਦ ਭੋਲੇ ਨੇ ਮਰਹੂਮ ਉਸਤਾਦ ਜਸਦੇਵ ਯਮਲਾ ਜੱਟ ਤੇ ਪ੍ਰੋ.ਰਾਜੇਸ਼ ਮੋਹਨ ਤੋਂ ਲੰਬਾ ਸਮਾਂ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ l

ਸੰਗੀਤ ਦੇ ਉਘੇ ਸੰਗੀਤ ਵਿਦਵਾਨ ਉਸਤਾਦ ਭੋਲਾ ਯਮਲਾ ਨੇ ਸੰਗੀਤ ਵਿਸ਼ੇ ਵਿੱਚ ਐਮ. ਏ. ਬੀ.ਐਡ, ਸੰਗੀਤ ਭਾਸਕਰ, ਸੰਗੀਤ ਵਿਸ਼ਾਰਧ ਤੇ ਹੋਰ ਉੱਚੀ ਵਿੱਦਿਆ ਹਾਸਿਲ ਕੀਤੀ ਹੈ lਅਪਣੇ ਦਾਦਾ- ਗੁਰੂ ਉਸਤਾਦ ਲਾਲ ਚੰਦ ਯਮਲਾ ਜੱਟ ਨੂੰ ਆਪਣਾ ਆਦਰਸ਼ ਤੇ ਪ੍ਰੇਰਨਾ ਮੰਨਣ ਵਾਲੇ ਬਾਈ ਭੋਲਾ ਯਮਲਾ ਨੇ ਉਸਤਾਦ ਯਮਲਾ ਜੱਟ ਦੇ ਨਕਸ਼ੇ ਕਦਮਾਂ ਤੇ ਚਲਦੇ ਹੋਏ ਕਦੇ ਵੀ ਵਪਾਰਿਕ ਪੱਖ ਨੂੰ ਮੁਖ ਨਹੀਂ ਰੱਖਿਆ ਸਗੋਂ ਪ੍ਰਵਾਰਿਕ ਤੇ ਸਮਾਜ ਸੁਧਾਰਕ ਗੀਤ ਗਾ ਕੇ ਸਮਾਜ ਨੂੰ ਵਡਮੁਲੀ ਸਿੱਖਿਆ ਦਿਤੀ ਹੈ l

ਉਸਦੇ ਗੀਤ “ਤੂੰਬੀ ਵਰਜਿਸ ਰਫਲਾਂ” ਨੇ ਲੱਚਰ ਤੇ ਹਥਿਆਰਾਂ ਵਾਲੇ ਗੀਤ ਗਾਉਣ ਵਾਲੇ ਗਾਇਕਾਂ ਨੂੰ ਤੇ ਸਮਾਜ ਨੂੰ ਵੱਖਰੀ ਸੇਧ ਦਿੱਤੀ ਹੈ ਜਿਸ ਗੀਤ ਨਾਲ ਭੋਲਾ ਯਮਲਾ ਦਾ ਨਾਮ ਦੁਨੀਆਂ ਭਰ ਚਰਚਿਤ ਹੋਇਆ ਤੇ ਇਸ ਗੀਤ ਸਮੇ ਪੰਜਾਬ ਸਰਕਾਰ ਨੇ ਸੱਭਿਆਚਾਰਕ ਕਮਿਸ਼ਨ ਬਣਾਇਆ ਤੇ ਟੀ. ਵੀ. ਚੈਨਲਾਂ ਨੇ ਲੱਚਰ ਤੇ ਅਸ਼ਲੀਲ ਗੀਤਾਂ ਨੂੰ ਪ੍ਰਸਾਰਿਤ ਨਾ ਕਰਨ ਦਾ ਐਲਾਨ ਕੀਤਾ, ਇਸ ਤੋਂ ਇਲਾਵਾ ਭੋਲੇ ਯਮਲਾ ਦਾ ਗਾਇਆ ਤੇ ਉਘੇ ਗੀਤਕਾਰ ਕੁਲਦੀਪ ਬਰਾੜ ਡੋਡ ਦਾ ਲਿਖਿਆ ਗੀਤ “ਰੋਟੀ ਗ਼ਰਮ ਤੇ ਵਹੁਟੀ ਨਰਮ ਮਿਲਦੀ ਕਰਮਾਂ ਵਾਲਿਆਂ ਨੂੰ” ਉਘੇ ਸ਼ਾਇਰ ਸ਼ਰਨਜੀਤ ਬੈਂਸ ਦਾ ਲਿਖਿਆ ਗੀਤ ” ਤੇਰੇ ਬਿਨ ਜੀਣਾ ਕੀ ” ਸੰਸਾਰ ਪ੍ਰਸਿੱਧ ਹੋਏ ਹਨ l

ਅਪਣੇ ਗੀਤ “ਮਾਪੇ” ਰਾਹੀਂ ਭੋਲੇ ਯਮਲੇ ਨੇ ਨੌਜਵਾਨਾਂ ਨੂੰ ਅਪਣੇ ਮਾਂ-ਬਾਪ ਤੇ ਗੁਰੂ – ਅਧਿਆਪਕ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਦਿਤੀ ਹੈ l ਉਘੇ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦੇ ਲਿਖੇ ਗੀਤ “ਬਲੀਡਿੰਗ ਸੌਲ” ਰਾਹੀਂ ਗਰਭ ਚ ਮਾਰੀਆਂ ਜਾਣ ਵਾਲੀਆਂ ਧੀਆਂ ਦਾ ਦਰਦ ਬਿਆਨ ਕੀਤਾ ਹੈ ਤੇ ਭਰੂਣ ਹੱਤਿਆ ਦਾ ਡਟਵਾਂ ਵਿਰੋਧ ਕੀਤਾ ਹੈ l

ਸੰਗੀਤ ਦੇ ਹਰ ਗਾਇਨ ਸ਼ੈਲੀ ਵਿੱਚ ਮੁਹਾਰਿਤ ਰੱਖਣ ਵਾਲੇ ਉਸਤਾਦ ਭੋਲਾ ਯਮਲਾ ਨੂੰ ਪੰਜਾਬ ਦੇ ਸਾਰੇ ਗਾਇਕਾਂ ਵਿੱਚੋ ਸਭ ਤੋਂ ਵੱਧ ਪੜੇ ਲਿਖੇ ਹੋਣ ਦਾ ਮਾਣ ਹਾਸਿਲ ਹੈ l ਸੰਗੀਤ ਦੇ ਪ੍ਰਚਾਰ ਪ੍ਰਸਾਰ ਦੇ ਮਨਸ਼ੇ ਨਾਲ ਭੋਲਾ ਯਮਲਾ ਨੇ ਅਪਣੇ ਉਸਤਾਦ ਜਸਦੇਵ ਯਮਲਾ ਜੱਟ ਤੇ ਉਸਤਾਦ ਜਸਵਿੰਦਰ ਯਮਲਾ ਜੱਟ ਹੋਰਾਂ ਦੀ ਯਾਦ ਤੇ ਸਤਿਕਾਰ ਵਿੱਚ “ਯਮਲਾ ਜੱਟ ਇੰਸਟੀਟਿਊਟ ਆਫ਼ ਪ੍ਰੋਫੈਸ਼ਨਲ ਐਜੂਕੇਸ਼ਨ ਸਦਰਵਾਲਾ” ਸ੍ਰੀ ਮੁਕਤਸਰ ਸਾਹਿਬ ਦੀ ਸਥਾਪਨਾ ਕੀਤੀ ਹੈ ਜਿਥੇ ਅਨੇਕਾਂ ਕਲਾ ਪ੍ਰੇਮੀਆਂ ਨੇ ਸੰਗੀਤ ਦੇ ਵਿਦਿਆਰਥੀਆਂ ਨੇ ਸਿੱਖਿਆ ਲੈ ਕੇ ਕਾਫੀ ਲਾਹਾ ਲਿਆ ਹੈ l

ਕਲਾਕਾਰਾਂ ਦੇ ਵਿਕਾਸ ਦੇ ਲਈ ਤੱਤਪਰ ਭੋਲਾ ਯਮਲਾ ‘ਆਰਟਿਸਟ ਵੈਲਫ਼ੇਅਰ ਸੋਸਾਇਟੀ ਪੰਜਾਬ ਦੇ ਬਤੌਰ ਸੂਬਾ ਪ੍ਰਧਾਨ ਆਪਣੀ ਸੇਵਾ ਨਿਭਾ ਰਹੇ ਹਨ ਤੇ “ਸੱਭਿਆਚਾਰਕ ਚੇਤਨਾ ਮੁਹਿੰਮ ਪੰਜਾਬ” ਦੇ ਬਤੌਰ ਬਾਨੀ ਚੇਅਰਮੈਨ ਅਨੇਕਾਂ ਸੱਭਿਆਚਾਰਕ ਚੇਤਨਾ ਸਮਾਗਮ,ਵਿਰਾਸਤ ਮੇਲੇ ਤੇ ਅਨੇਕਾਂ ਗਤੀਵਿਧੀਆਂ ਕਰਵਾ ਚੁੱਕੇ ਹਨ ਜੋ ਬਾ-ਦਸਤੂਰ ਜਾਰੀ ਹੈ l ਅਪਣੀਆਂ ਅਨੇਂਕਾ ਗਤੀਵਿਧੀਆਂ ਸਦਕਾ ਭੋਲਾ ਯਮਲਾ ਭਾਰਤ ਦੇ ਸਰਬੋਤਮ “ਪਦਮਸ਼੍ਰੀ ਐਵਾਰਡ ਲਈ ਨਾਮਜਦ ਕੀਤਾ ਗਿਆ ਹੈ ਇਸ ਤੋਂ ਇਲਾਵਾ ਭੋਲਾ ਯਮਲਾ ਨੂੰ ਦੋ ਵਾਰ ਗੋਲ੍ਡ ਮੈਡਲ ਨਾਲ ਨਿਵਾਜਿਆ ਗਿਆ ਹੈ ਤੇ ਅਨੇਕਾਂ ਐਵਾਰਡ ਹਾਸਿਲ ਹੋਏ ਹਨ l

ਜਲਦ ਹੀ ਭੋਲਾ ਯਮਲਾ ਅਪਣੇ ਸਾਥੀ ਗਾਇਕ ਦਿਲਬਾਗ ਕਲਿਆਣ ਤੇ ਸੁਤੰਤਰ ਸਿੰਘ ਨਾਲ ਸਾਹਿਬਜਾਦਿਆਂ ਨੂੰ ਸਮਰਪਿਤ ਗੀਤ ‘ਬਾਲ ਦਿਵਸ” ਲੈ ਕੇ ਆ ਰਿਹਾ ਹੈ l

ਉੱਚੀ ਤੇ ਸੁੱਚੀ ਕਲਾ ਦੇ ਇਸ ਵਾਰਿਸ ਨੂੰ ਸਰਕਾਰਾਂ ਪ੍ਰਤੀ ਗਿਲਾ ਸ਼ਿਕਵਾ ਹੈ ਜੋ ਉਸਨੂੰ ਉਸਦੀ ਯੋਗਤਾ ਮੁਤਾਬਿਕ ਕੋਈ ਨੌਕਰੀ ਪ੍ਰਦਾਨ ਨਹੀਂ ਸਕੀਆਂ ਇਸਦੇ ਉਲਟ ਭੋਲਾ ਯਮਲਾ ਨੇ ਅਪਣੀ ਮੇਹਨਤ ਨਾਲ ਸੈਕੜੇ ਨੌਜਵਾਨਾਂ ਨੂੰ ਸਿੱਖਿਆ ਦੇ ਕੇ ਰੁਜਗਾਰ ਪ੍ਰਦਾਨ ਕੀਤਾ ਹੈ l ਅਸੀਂ ਕਾਮਨਾ ਕਰਦੇ ਹਾਂ ਕਿ ਪ੍ਰਮਾਤਮਾ ਇਸ ਮਾਣਮੱਤੀ ਤੇ ਮਹਾਨ ਰੂਹ ਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ l

ਰਾਮੇਸ਼ਵਰ ਸਿੰਘ 
99148-80392
Previous articleਵਧੀਕ ਡਿਪਟੀ ਕਮਿਸ਼ਨਰ ਵਲੋਂ ਕਰੋਨਾ ਵੈਕਸ਼ੀਨੇਸ਼ਨ ਦੀਆਂ ਤਿਆਰੀਆਂ ਦਾ ਜਾਇਜ਼ਾ
Next articleਅਸਲੀ ਗੈਂਗ