ਕੇਂਦਰ ਸਰਕਾਰ ਨੇ ਪਿਛਲੇ ਦਿਨੀਂ ਪੰਜਾਬ ’ਚੋਂ ਮਿਲੇ ਹਥਿਆਰਾਂ, ਗੋਲੀ ਸਿੱਕਾ ਅਤੇ ਸੰਚਾਰ ਸਾਧਨਾਂ ਦੀ ਖੇਪ ਨਾਲ ਸਬੰਧਤ ਮਾਮਲੇ ਦੀ ਜਾਂਚ ਕੌਮੀ ਜਾਂਚ ਏਜੰਸੀ (ਐੱਨਆਈਏ) ਨੂੰ ਸੌਂਪਣ ਦਾ ਫ਼ੈਸਲਾ ਲਿਆ ਹੈ। ਸ਼ੱਕ ਕੀਤਾ ਜਾ ਰਿਹਾ ਹੈ ਕਿ ਸਰਹੱਦ ਪਾਰੋਂ ਇਹ ਹਥਿਆਰ ਡਰੋਨਾਂ ਰਾਹੀਂ ਪੰਜਾਬ ’ਚ ਪਹੁੰਚਾਏ ਗਏ ਸਨ।
ਇਹ ਫ਼ੈਸਲਾ ਪੰਜਾਬ ਸਰਕਾਰ ਦੀ ਬੇਨਤੀ ’ਤੇ ਲਿਆ ਗਿਆ ਹੈ ਜਿਸ ਨੇ ਪਿਛਲੇ ਮਹੀਨੇ ਦਾਅਵਾ ਕੀਤਾ ਸੀ ਕਿ ਪੰਜਾਬ ਪੁਲੀਸ ਨੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਦਹਿਸ਼ਤਗਰਦਾਂ ਦਾ ਪਰਦਾਫਾਸ਼ ਕੀਤਾ ਹੈ ਜਿਨ੍ਹਾਂ ਨੂੰ ਪਾਕਿਸਤਾਨ ਅਤੇ ਜਰਮਨੀ ’ਚ ਬੈਠੇ ਗੁੱਟਾਂ ਦੀ ਹਮਾਇਤ ਹਾਸਲ ਸੀ। ਪੰਜਾਬ ਪੁਲੀਸ ਨੇ ਕਿਹਾ ਸੀ ਕਿ ਦਹਿਸ਼ਤੀ ਗੁੱਟ ਪੰਜਾਬ ਅਤੇ ਨਾਲ ਲਗਦੇ ਸੂਬਿਆਂ ’ਚ ਹਮਲੇ ਕਰਨ ਦੀ ਸਾਜ਼ਿਸ਼ ਘੜ ਰਹੇ ਸਨ। ਗ੍ਰਹਿ ਮੰਤਰਾਲੇ ਦੇ ਹੁਕਮਾਂ ’ਚ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਦੀ ਰਾਏ ਹੈ ਕਿ ਕੌਮੀ ਜਾਂਚ ਏਜੰਸੀ ਐਕਟ 2008 ਤਹਿਤ ਜੁਰਮ ਹੋਇਆ ਹੈ ਅਤੇ ਫਿਰਕੂ ਤਣਾਅ ਪੈਦਾ ਕਰਨ, ਅਸਥਿਰਤਾ ਫੈਲਾਉਣ ਅਤੇ ਪੰਜਾਬ ’ਚ ਮੁੜ ਅਤਿਵਾਦ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕਾਰਨ ਇਸ ਦੀ ਜਾਂਚ ਐੱਨਆਈਏ ਤੋਂ ਕਰਵਾਉਣ ਦੀ ਲੋੜ ਹੈ।
ਜ਼ਿਕਰਯੋਗ ਹੈ ਕਿ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਚੋਹਲਾ ਸਾਹਿਬ ਦੇ ਬਾਹਰਵਾਰ ਪੈਂਦੇ ਇਲਾਕੇ ’ਚੋਂ ਚਾਰ ਵਿਅਕਤੀਆਂ ਨੂੰ 22 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਨ੍ਹਾਂ ਦੀ ਨਿਸ਼ਾਨਦੇਹੀ ’ਤੇ ਪੰਜ ਏਕੇ-47 ਰਾਈਫਲਾਂ, ਪਿਸਤੌਲਾਂ, ਸੈਟੇਲਾਈਟ ਫੋਨ ਅਤੇ ਹੱਥਗੋਲੇ ਬਰਾਮਦ ਹੋਏ ਸਨ।
INDIA ਪੰਜਾਬ ਤੋਂ ਮਿਲੇ ਹਥਿਆਰਾਂ ਦੀ ਜਾਂਚ ਐੱਨਆਈਏ ਹਵਾਲੇ