(ਸਮਾਜ ਵੀਕਲੀ)
ਆਓ !ਹੱਸ ਹੱਸ ਆਪਾਂ ਮਨਾਈਏ ਸਾਰੇ
‘ਪੰਜਾਬ ਡੇ’ਆਇਆ,ਸਭ ਕੋਈ ਪੁਕਾਰੇ
ਜਿਗਰਾ ਰੱਖ ਕੇ ਸੁਣਿਓ ਮੇਰੀ ਕਹਾਣੀ
ਕਿੰਝ ਕਿੰਝ ਵੰਡਿਆ ਗਿਆ ਮੇਰਾ ਪਾਣੀ
ਕਿਹੜੀਆਂ ਖੁਸ਼ੀਆਂ ਤੇ ਕਿਹੜੇ ਨੇ ਰੰਗ
ਕਿਸੇ ਨੂੰ ਨਾ ਆਵੇ ਰੱਤੀ ਭਰ ਵੀ ਸੰਗ ?
ਸੱਤ ਦਰਿਆਵਾਂ ਦੀ ਸੀ ਇਹ ਪੱਕੀ ਯਾਰੀ
ਸਪਤ ਸਿੰਧੂ ਵਾਲ਼ੀ ਸੱਭਿਅਤਾ ਪਿਆਰੀ
ਸਿੰਧ ਦਰਿਆ ਸੀ ਵਗਦਾ ਇੱਕ ਕਿਨਾਰੇ
ਦੂਜੇ ਪਾਸੇ ਖੜ੍ਹੀ ਜਮਨਾ ਮਾਰੇ ਲਲਕਾਰੇ
ਕਿਹੜਾ ਤੱਕ ਜਾਊ ਅੱਖ ਚੱਕ ਕੇ ਵਿਚਾਲੇ
ਪੰਜਾਂ ਦੀ ਰਾਖੀ ਲਈ ਖੜ੍ਹੇ ਹਾਂ ਸਰਕਾਰੇ
ਕਿਹੜਾ ਵੰਡ ਗਿਆ ਮੈਨੂੰ ਕੋਈ ਤਾਂ ਜਾਣੇ
ਸੱਤਾਂ ਦੇ ਕਰ ਗਿਆ ਪੰਜ-ਨਾਦੀ ਬਾਣੇ
ਪੰਜ ਦਰਿਆਈ ਮੇਰੀ ਸ਼ਾਨ ਸੀ ਨਿਰਾਲੀ
ਪੰਜ ਆਬ ਵਾਲੀ ਮੇਰੀ ਅਣਖੀ ਕਹਾਣੀ
ਵੱਡੀ ਸਰਕਾਰ ਦੀ ਸੀ ਸਰਕਾਰ ਲਾਹੌਰੀ
ਮੁਲਤਾਨੀ,ਝੰਗ ਸਿਆਲਾਂ ਨਾਲ ਪਿਸੌ਼ਰੀ
ਬੁੱਲ੍ਹਾ, ਫ਼ਰੀਦ, ਸ਼ਾਹ ਹੁਸੈਨ, ਸੂਫ਼ੀ ਸਾਰੇ
ਸ਼ਾਹ ਮੁਹੰਮਦ ਲਿਖੇ ਮੇਰੇ ਕਿੱਸੇ ਪਿਆਰੇ
ਲੰਡਨ ਵਾਲੇ ਲਿਖ ਗਏ ਕਈ ਖ਼ੂਨੀ ਸਾਕੇ
ਡਾਹਢਾ ਦੁਖੀ ਹੋਇਆ ਸੀ ਮੈਂ ਦੁੱਖ ਪਾ ਕੇ
ਸੰਨ ਸੰਤਾਲੀ ਵੀ ਲੈ ਆਇਆ ਦੁੱਖ ਭਾਰੇ
ਮੇਰੇ ਪੰਜ ਮਿੱਠੇ ਪਾਣੀ ਕੀਤੇ ਢਾਈ ਖਾਰੇ
ਢਾਈ ਬਣ ਗਏ ਲਹਿੰਦੇ ਤੇ ਢਾਈ ਚੜ੍ਹਦੇ
ਆਪਣੀ ਕੀਤੀ ਕਿਉਂ ਗੋਰੇ ਦੇ ਸਿਰ ਮੜ੍ਹਦੇ?
ਸਪਤ- ਸਿੰਧੂ,ਪੰਜ ਆਬ ਤੇ ਚੜ੍ਹਦੇ ਲਹਿੰਦੇ
ਐਨੇ ਨਾਲ਼ ਵੀ ਸਬਰ ਨਹੀਂ ਸੀ ਸਭ ਕਹਿੰਦੇ
ਇੱਕ ਨਵੰਬਰ ਛਿਆਹਠ ਦਾ ਪੰਜਾਬ ਨਵਾਂ
ਆਪਣੀ ਹੱਡਬੀਤੀ ਤੇ ਹੋਰ ਮੈਂ ਕੀ ਕਹਾਂ ?
ਘਟਦਾ ਘਟਦਾ ਰਹਿ ਗਿਆ ਮੁੱਠ ਹੱਡੀਆਂ
ਮੈਂ ਬੇਬਸ ਬਾਬੇ ਵਰਗਾ ਜੋ ਆਸਾਂ ਛੱਡੀਆਂ
ਮਨਾਓ ਪਿਆਰਿਓ ਪੰਜਾਬ ਡੇ ਆਇਆ
ਕੋਈ ਨਾ ਸਮਝਿਓ ਮੈਂ ਜੋ ਦੁੱਖ ਪਾਇਆ…!
ਬਰਜਿੰਦਰ ਕੌਰ ਬਿਸਰਾਓ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly