ਉੱਤਰ ਖੇਤਰ ਵਿੱਚ ਚੱਲੀਆਂ ਠੰਢੀਆਂ ਹਵਾਵਾਂ ਨਾਲ ਪੰਜਾਬ, ਹਰਿਆਣਾ ਤੇ ਜੰਮੂ-ਕਸ਼ਮੀਰ ਵਿੱਚ ਠੰਢ ਨੇ ਜ਼ੋਰ ਫੜ ਲਿਆ ਹੈ। ਅੱਜ 0.2 ਡਿਗਰੀ ਸੈਲਸੀਅਸ ਤਾਪਮਾਨ ਨਾਲ ਆਦਮਪੁਰ ਪੰਜਾਬ ਵਿੱਚੋਂ ਸਭ ਤੋਂ ਠੰਢਾ ਰਿਹਾ ਜਦੋਂਕਿ ਕਰਨਾਲ ਸਿਫ਼ਰ ਡਿਗਰੀ ਸੈਲਸੀਅਸ ਤਾਪਮਾਨ ਨਾਲ ਹਰਿਆਣਾ ਤੇ ਪੰਜਾਬ ਵਿੱਚੋਂ ਸਭ ਤੋਂ ਠੰਢਾ ਸ਼ਹਿਰ ਰਿਹਾ। ਦੋਹਾਂ ਸੂਬਿਆਂ ਵਿੱਚ ਤਾਪਮਾਨ ਆਮ ਨਾਲੋਂ ਕਾਫੀ ਹੇਠਾਂ ਦਰਜ ਕੀਤਾ ਗਿਆ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਆਦਮਪੁਰ 0.2 ਡਿਗਰੀ ਸੈਲਸੀਅਸ ਘੱਟੋ-ਘੱਟ ਤਾਪਮਾਨ ਨਾਲ ਲਗਾਤਾਰ ਦੂਜੇ ਦਿਨ ਵੀ ਸਭ ਤੋਂ ਠੰਢਾ ਸ਼ਹਿਰ ਰਿਹਾ। ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 2.2 ਡਿਗਰੀ ਸੈਲਸੀਅਸ, ਲੁਧਿਆਣਾ ਚ 1.4 ਡਿਗਰੀ, ਪਟਿਆਲਾ ਵਿੱਚ 4.7 ਡਿਗਰੀ, ਪਠਾਨਕੋਟ ਵਿੱਚ 3.1 ਡਿਗਰੀ, ਹਲਵਾਰਾ ਵਿੱਚ 2.2 ਡਿਗਰੀ ਅਤੇ ਬਠਿੰਡਾ ਵਿੱਚ 2.4 ਡਿਗਰੀ ਘੱਟੋ-ਘੱਟ ਤਾਪਮਾਨ ਦਰਜ ਕੀਤਾ ਗਿਆ। ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ 4.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉੱਧਰ, ਹਰਿਆਣਾ ਵਿੱਚ ਕਰਨਾਲ ਸਿਫਰ ਡਿਗਰੀ ਸੈਲਸੀਅਸ ਤਾਪਮਾਨ ਨਾਲ ਦੋਹਾਂ ਸੂਬਿਆਂ ਵਿੱਚ ਸਭ ਤੋਂ ਠੰਢਾ ਸ਼ਹਿਰ ਰਿਹਾ। ਇਸੇ ਤਰ੍ਹਾਂ ਹਿਸਾਰ ਵਿੱਚ ਘੱਟੋ ਘੱਟ ਤਾਪਮਾਨ 2.7 ਡਿਗਰੀ, ਅੰਬਾਲਾ ਵਿੱਚ 4.6 ਡਿਗਰੀ ਅਤੇ ਨਾਰਨੌਲ 2 ਡਿਗਰੀ ਸੈਲਸੀਅਸ ਤਾਪਮਾਨ, ਜੋ ਆਮ ਨਾਲੋਂ ਪੰਜ ਡਿਗਰੀ ਘੱਟ ਹੈ, ਨਾਲ ਕੰਬੇ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਜ਼ਿਲ੍ਹੇ ਲਾਹੌਲ ਤੇ ਸਪੀਤੀ ਦਾ ਪ੍ਰਸ਼ਾਸਕੀ ਕੇਂਦਰ ਕੀਲੌਂਗ ਮਨਫ਼ੀ 8.8 ਡਿਗਰੀ ਸੈਲਸੀਅਮ ਤਾਪਮਾਨ ਨਾਲ ਸੂਬੇ ਦਾ ਸਭ ਤੋਂ ਠੰਢਾ ਸਥਾਨ ਹੈ। ਠੰਢੀਆਂ ਹਵਾਵਾਂ ਨੇ ਸਾਰੇ ਸੂਬੇ ਨੂੰ ਜਕੜਿਆ ਹੋਇਆ ਹੈ ਅਤੇ ਮਨਾਲੀ, ਕਲਪਾ, ਸਿਓਬਾਗ਼, ਭੁੰਤਰ ਅਤੇ ਸੁੰਦਰਨਗਰ ਵਿੱਚ ਪਾਰਾ ਜਮਣ ਦੇ ਪੁਆਇੰਟ ਤੋਂ ਹੇਠਾਂ ਪਹੁੰਚ ਗਿਆ ਹੈ।
HOME ਪੰਜਾਬ ਠਰਿਆ, ਕਰਨਾਲ ਜੰਮਿਆ