ਜਲੰਧਰ (ਸਮਾਜਵੀਕਲੀ): ਪੰਜਾਬ ਵਿਚ ਕੋਰੋਨਾ ਪ੍ਰਭਾਵਿਤਾਂ ਦੇ ਸਿਹਤਯਾਬ ਹੋਣ ਦੀ ਗਿਣਤੀ ਵੱਧਦੀ ਜਾ ਰਹੀ ਹੈ। ਮੰਗਲਵਾਰ ਨੂੰ 17 ਹੋਰ ਮਰੀਜ਼ ਠੀਕ ਹੋ ਗਏ। ਇਨ੍ਹਾਂ ਨੂੰ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ। ਹੁਣ ਸੂਬੇ ਵਿਚ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ 2017 ਹੋ ਗਈ ਹੈ। ਦੂਜੇ ਪਾਸੇ ਮੰਗਲਵਾਰ ਨੂੰ ਲੁਧਿਆਣਾ ਵਿਚ 85 ਸਾਲਾ ਅਤੇ ਪਠਾਨਕੋਟ ਵਿਚ 60 ਸਾਲਾ ਬਜ਼ੁਰਗ ਦੀ ਕੋਰੋਨਾ ਦੇ ਕਾਰਨ ਮੌਤ ਹੋ ਗਈ। ਪੰਜਾਬ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ 46 ਹੋ ਗਿਆ ਹੈ।
ਇਸ ਵਿਚਕਾਰ ਮੰਗਲਵਾਰ ਨੂੰ ਸੂਬੇ ‘ਚ 37 ਨਵੇਂ ਮਾਮਲੇ ਸਾਹਮਣੇ ਆਏ। ਸੂਬੇ ਵਿਚ ਹੁਣ ਕੁੱਲ 2418 ਮਰੀਜ਼ ਹੋ ਗਏ ਹਨ। ਹਾਲਾਂਕਿ, ਇਨ੍ਹਾਂ ਵਿਚ ਸਰਗਰਮ ਮਰੀਜ਼ ਸਿਰਫ਼ 355 ਹੀ ਹਨ। ਬਾਕੀ 2017 ਠੀਕ ਹੋ ਚੁੱਕੇ ਹਨ। ਰਾਜ ਵਿਚ ਮਰੀਜ਼ਾਂ ਦਾ ਰਿਕਵਰੀ ਰੇਟ 85 ਫ਼ੀਸਦੀ ਤੋਂ ਜ਼ਿਆਦਾ ਹੈ। ਮੰਗਲਵਾਰ ਨੂੰ ਜਲੰਧਰ ਵਿਚ ਅੱਠ, ਪਠਾਨਕੋਟ ਵਿਚ ਸੱਤ, ਸੰਗਰੂਰ ਵਿਚ ਤਿੰਨ, ਅੰਮ੍ਰਿਤਸਰ, ਮੋਗਾ, ਨਵਾਂਸ਼ਹਿਰ ਅਤੇ ਮੋਹਾਲੀ ਵਿਚ ਦੋ-ਦੋ ਜਦਕਿ ਫਰੀਦਕੋਟ, ਪਟਿਆਲਾ ਅਤੇ ਗੁਰਦਾਸਪੁਰ ਵਿਚ ਇਕ-ਇਕ ਕੇਸ ਆਇਆ। ਉੱਧਰ, ਚੰਡੀਗੜ੍ਹ ਦੇ ਸੈਕਟਰ-30 ਵਿਚ ਵੀ ਇਕ 80 ਸਾਲਾ ਮਹਿਲਾ ਦੀ ਮੌਤ ਹੋ ਗਈ ਜਦਕਿ ਸ਼ਹਿਰ ਵਿਚ ਤਿੰਨ ਨਵੇਂ ਕੇਸ ਆਏ। ਇੱਥੇ ਕੁੱਲ 300 ਇਨਫੈਕਟਿਡ ਮਰੀਜ਼ ਹੋ ਗਏ ਹਨ।