ਫਤਹਿਗੜ੍ਹ ਸਾਹਿਬ ਵਿਚ ਦੋ ਅਤੇ ਕਪੂਰਥਲਾ ’ਚ ਇੱਕ ਵਾਇਰਸ ਦੀ ਲਪੇਟ ’ਚ; ਲੁਧਿਆਣਾ ’ਚ ਇਕ, ਰੋਪੜ ਵਿੱਚ 2,
ਮੁਹਾਲੀ ਵਿੱਚ ਚਾਰ ਤੇ ਅੰਮ੍ਰਿਤਸਰ ’ਚ ਵੀ ਇੱਕ ਨਵਾਂ ਮਾਮਲਾ ਸਾਹਮਣੇ ਆਇਆ
ਚੰਡੀਗੜ੍ਹ (ਸਮਾਜਵੀਕਲੀ) – ਪੰਜਾਬ ’ਚ ਕਰੋਨਾਵਾਇਰਸ 14 ਜ਼ਿਲ੍ਹਿਆਂ ’ਚ ਦਾਖ਼ਲ ਹੋ ਚੁੱਕਾ ਹੈ ਤੇ ਗਿਆਰਾਂ ਨਵੇਂ ਮਾਮਲੇ ਸਾਹਮਣੇ ਆਏ ਹਨ। ਕਪੂਰਥਲਾ ਤੇ ਫਤਿਹਗੜ੍ਹ ਸਾਹਿਬ ਤੋਂ ਵੀ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਮੁਤਾਬਕ ਫਤਿਹਗੜ੍ਹ ਸਾਹਿਬ ਵਿਚ 2 ਅਤੇ ਕਪੂਰਥਲਾ ਵਿੱਚ ਇੱਕ ਵਿਅਕਤੀ ਇਸ ਵਾਇਰਸ ਦੀ ਲਪੇਟ ਵਿੱਚ ਆਇਆ ਹੈ। ਹੁਣ ਤੱਕ 4 ਮਰੀਜ਼ਾਂ ਨੂੰ ਵਾਇਰਸ ਤੋਂ ਰਾਹਤ ਮਿਲਣ ਕਾਰਨ ਹਸਪਤਾਲ ਤੋਂ ਛੁੱਟੀ ਵੀ ਦਿੱਤੀ ਜਾ ਚੁੱਕੀ ਹੈ।
ਵਿਭਾਗ ਮੁਤਾਬਕ ਕਰੋਨਾ ਤੋਂ ਪੀੜਤ ਤਿੰਨ ਵਿਅਕਤੀਆਂ ਦੀ ਹਾਲਤ ਗੰਭੀਰ ਮੰਨੀ ਜਾ ਰਹੀ ਹੈ। ਹੁਸ਼ਿਆਰਪੁਰ ਦੇ ਹਰਜਿੰਦਰ ਸਿੰਘ ਅਤੇ ਅੰਮ੍ਰਿਤਸਰ ਦੇ ਬਲਬੀਰ ਸਿੰਘ ਦੀ ਹਾਲਤ ਜ਼ਿਆਦਾ ਗੰਭੀਰ ਹੈ ਜਦਕਿ ਰੋਪੜ ਦੇ ਮੋਹਨ ਸਿੰਘ ਦੀ ਵੀ ਹਾਲਤ ਗੰਭੀਰ ਹੋਣ ਕਾਰਨ ਵੈਂਟੀਲੇਟਰ ’ਤੇ ਰੱਖਿਆ ਜਾ ਰਿਹਾ ਹੈ। ਇਸ ਤਰ੍ਹਾਂ ਵਾਇਰਸ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ ਵੱਧ ਕੇ 79 ਹੋ ਗਈ ਹੈ।
ਤਾਜ਼ਾ ਮਾਮਲਿਆਂ ਵਿੱਚ ਫਤਿਹਗੜ੍ਹ ਸਾਹਿਬ ਅਤੇ ਕਪੂਰਥਲਾ ਦੇ ਮਾਮਲਿਆਂ ਸਮੇਤ ਲੁਧਿਆਣਾ ਵਿੱਚ 1, ਰੋਪੜ ਵਿੱਚ 2, ਮੁਹਾਲੀ ਵਿੱਚ 1 ਅਤੇ ਅੰਮ੍ਰਿਤਸਰ ਵਿੱਚ ਵੀ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਵਿੱਚ ਇਸ ਸਮੇਂ ਜ਼ਿਆਦਤਰ ਮਾਮਲੇ ਅਜਿਹੇ ਸਾਹਮਣੇ ਆ ਰਹੇ ਹਨ ਜਿਨ੍ਹਾਂ ਮਰੀਜ਼ਾਂ ਨੂੰ ਕਰੋਨਾਵਾਇਰਸ ਦੀ ਲਾਗ ਲੱਗਣ ਦਾ ਕੋਈ ਸਰੋਤ ਸਾਹਮਣੇ ਨਹੀਂ ਆ ਰਿਹਾ।
ਪੰਜਾਬ ਦੇ ਨਵਾਂ ਸ਼ਹਿਰ ਜ਼ਿਲ੍ਹੇ ਵਿੱਚੋਂ ਸਭ ਤੋਂ ਪਹਿਲਾਂ ਬਲਦੇਵ ਸਿੰਘ ਦੀ ਮੌਤ ਹੋਣ ਤੋਂ ਬਾਅਦ ਕਰੋਨਾਵਾਇਰਸ ਤੋਂ ਪ੍ਰਭਾਵਿਤ ਮਰੀਜ਼ ਵੱਡੀ ਗਿਣਤੀ ਵਿਚ ਸਾਹਮਣੇ ਆਏ ਸਨ। ਸਿਹਤ ਵਿਭਾਗ ਦਾ ਦੱਸਣਾ ਹੈ ਕਿ ਪਿਛਲੇ ਚਾਰ ਕੁ ਦਿਨਾਂ ਤੋਂ ਇਸ ਜ਼ਿਲ੍ਹੇ ਵਿਚੋਂ ਕੋਈ ਵੀ ਮਰੀਜ਼ ਸਾਹਮਣੇ ਨਹੀਂ ਆਇਆ।
ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੇ ਇਲਾਜ ’ਚ ਕੁਤਾਹੀ ਵਰਤਣ ਦੇ ਦੋਸ਼ਾਂ ’ਚ ਘਿਰਨ ਤੋਂ ਬਾਅਦ ਰਾਜ ਸਰਕਾਰ ਵੱਲੋਂ ਅੱਜ ਤਿੰਨ ਸਰਕਾਰੀ ਮੈਡੀਕਲ ਕਾਲਜਾਂ- ਰਾਜਿੰਦਰਾ ਮੈਡੀਕਲ ਕਾਲਜ ਤੇ ਹਸਪਤਾਲ ਪਟਿਆਲਾ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਅਤੇ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਤੇ ਹਸਪਤਾਲ ਦੇ ਸੀਨੀਅਰ ਪ੍ਰੋਫੈਸਰਾਂ ਦੀਆਂ ਡਿਊਟੀਆਂ ਤਾਲਮੇਲ ਲਈ ਲਾਈਆਂ ਗਈਆਂ ਹਨ ਤੇ ਇਨ੍ਹਾਂ ਪ੍ਰਫੈਸਰਾਂ ਦੇ ਫੋਨ ਨੰਬਰ ਵੀ ਜਨਤਕ ਕੀਤੇ ਗਏ ਹਨ।