ਚੰੰਡੀਗੜ੍ਹ ਨਕੋਦਰ (ਹਰਜਿੰਦਰ ਛਾਬੜਾ) ਪਤਰਕਾਰ 9592282333
(ਸਮਾਜਵੀਕਲੀ): ਪੰਜਾਬ ਸਰਕਾਰ ਨੇ ਕੋਰੋਨਾ ਦੇ ਮੱਦੇਨਜ਼ਰ ਪਾਬੰਦੀਆਂ ਸਬੰਧੀ ਅੱਜ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ। ਸਰਕਾਰ ਨੇ ਵਿਆਹ ਸਮਾਗਮਾਂ ਤੇ ਸਮਾਜਿਕ ਪ੍ਰੋਗਰਾਮਾਂ ਸਬੰਧੀ ਨਵੀਆਂ ਹਦਾਇਤਾਂ ਦਿੱਤੀਆਂ ਹਨ। ਹੁਣ ਵਿਆਹ ਸਮਾਗਮ ‘ਚ 30 ਲੋਕ ਹੀ ਹਿੱਸਾ ਲੈ ਸਕਦੇ ਹਨ। ਇਸੇ ਤਰ੍ਹਾਂ ਸਮਾਜਿਕ ਪ੍ਰੋਗਰਾਮਾਂ ਤੇ ਸਮਾਗਮਾਂ ‘ਚ ਪੰਜ ਤੋਂ ਜ਼ਿਆਦਾ ਲੋਕ ਹਿੱਸਾ ਨਹੀਂ ਲੈ ਸਕਣਗੇ। ਇਨ੍ਹਾਂ ਨਿਰਦੇਸ਼ਾਂ ਦੀ ਉਲੰਘਣਾ ਕਰਨ ‘ਤੇ ਐੱਫਆਈਆਰ ਦਰਜ ਕੀਤੀ ਜਾਵੇਗੀ।
ਕੋਰੋਨਾ ਵਾਇਰਸ ਦੇ ਨਵੇਂ ਮਰੀਜ਼ਾਂ ਦੀ ਗਿਣਤੀ ‘ਚ ਕੋਈ ਗਿਰਾਵਟ ਨਾ ਆਉਂਦੀ ਦੇਖ ਪੰਜਾਬ ਸਰਕਾਰ ਨੇ ਸੋਮਵਾਰ ਨੂੰ ਸਮਾਜਿਕ ਤੇ ਜਨਤਕ ਸਮਾਗਮ ਸਬੰਧੀ ਸਖ਼ਤ ਨਿਰਦੇਸ਼ ਜਾਰੀ ਕੀਤੇ। ਨਵੀਂ ਗਾਈਡਲਾਈਨ ਅਨੁਸਾਰ ਵਿਆਹ ਸਮਾਗਮ ਹਿੱਸਾ ਲੈਣ ਵਾਲੇ ਮਹਿਮਾਨਾਂ ਦੀ ਗਿਣਤੀ 50 ਤੋਂ ਘਟਾ ਕੇ 30 ਕਰ ਦਿੱਤੀ ਗਈ ਹੈ। ਉੱਥੇ ਹੀ ਭੋਗ, ਬਰਥਡੇ ਪਾਰਟੀ ਆਦਿ ‘ਚ ਪੰਜ ਤੋਂ ਜ਼ਿਆਦਾ ਮਹਿਮਾਨ ਸ਼ਾਮਲ ਨਹੀਂ ਹੋ ਸਕਣਗੇ। ਜੇਕਰ ਅਜਿਹਾ ਹੁੰਦਾ ਹੈ ਤਾਂ ਪੁਲਿਸ ਨੂੰ ਐੱਫਆਈਆਰ ਦਰਜ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ।
ਸਮਾਗਮ ਜੇਕਰ ਮੈਰਿਜ ਪੈਲੇਸ ਜਾਂ ਹੋਟਲ ‘ਚ ਹੋ ਰਹੇ ਹਨ ਤਾਂ ਉੱਥੋਂ ਦੀ ਮੈਨੇਜਮੈਂਟ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਜਾਵੇਗਾ ਤੇ ਮਾਪਦੰਡਾਂ ਦੀ ਉਲੰਘਣਾ ਦੇ ਮਾਮਲੇ ‘ਚ ਲਾਇਸੈਂਸ ਦੀ ਮੁਅੱਤਲੀ ਦਾ ਸਾਹਮਣਾ ਕਰਨਾ ਪਵੇਗਾ। ਇਸ ਤੋਂ ਇਲਾਵਾ ਵਿਆਹ ਵਾਲੀਆਂ ਥਾਵਾਂ, ਹੋਟਲਾਂ ਤੇ ਹੋਰ ਕਮਰਸ਼ੀਅਲ ਅਦਾਰਿਆਂ ਦੀ ਮੈਨੇਜਮੈਂਟ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਇਨਡੋਰ ਖ਼ਾਲੀ ਥਾਵਾਂ ਦੀ ਵੈਂਟੀਲੇਸ਼ਨ ਲਈ ਲੋੜੀਂਦੀ ਵਿਵਸਥਾ ਕੀਤੀ ਗਈ ਹੈ।
ਸੂਬਾ ਸਰਕਾਰ ਨੇ ਪੰਜਾਬ ‘ਚ ਕੋਰੋਨਾ ਵਾਇਰਸ ਦਾ ਕਮਿਊਨਿਟੀ ਸਪ੍ਰੈੱਡ ਰੋਕਣ ਲਈ ਚੇਨਈ ਆਈਆਈਟੀ ਦੇ ਮਾਹਿਰਾਂ ਨਾਲ ਸਮਝੌਤਾ ਕੀਤਾ ਹੈ, ਉੱਥੇ ਹੀ ਪੰਜਾਬ ਸਰਕਾਰ ਨੇ ਜਨਤਕ ਅਦਾਰਿਆਂ ਦੇ ਨਾਲ-ਨਾਲ ਦਫ਼ਤਰਾਂ, ਬੰਦ ਥਾਵਾਂ ‘ਚ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਹੈ। ਸਰਕਾਰੀ ਦਫ਼ਤਰਾਂ ‘ਚ ਕਿਸੇ ਵੀ ਤਰ੍ਹਾਂ ਦੀ ਪ੍ਰੈਜ਼ੇਂਟੇਸ਼ਨ ਤੇ ਏਸੀ ਬੈਠਕਾਂ ‘ਤੇ ਰੋਕ ਲਗਾ ਦਿੱਤੀ ਗਈ ਹੈ ਜਿਸ ਵਿਚ 5 ਤੋਂ ਜ਼ਿਆਦਾ ਲੋਕ ਸ਼ਾਮਲ ਹੋਣ।
ਇਸ ਦੇ ਨਾਲ ਹੀ ਬੈਠਕਾਂ ‘ਚ ਚਾਹ ਆਦਿ ਪਰੋਸਣ ‘ਤੇ ਵੀ ਪਾਬੰਦੀ ਰਹੇਗੀ। ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਦਿੱਤੀ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਜ਼ਿਲ੍ਹੇ ‘ਚ ਕੋਈ ਵੀ ਪ੍ਰਾਈਵੇਟ ਹਸਪਤਾਲ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਕਰਨ ਤੋਂ ਮਨ੍ਹਾ ਤਾਂ ਨਹੀਂ ਕਰ ਰਿਹਾ।