ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਵਿੱਚ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੀਆਂ 31 ਕਿਸਾਨ ਜਥੇਬੰਦੀਆਂ ਭਲਕੇ ਪਹਿਲੀ ਅਕਤੂਬਰ ਤੋਂ ਅਣਮਿਥੇ ਸਮੇਂ ਲਈ ਰੇਲਾਂ ਦਾ ਚੱਕਾ ਜਾਮ ਕਰਨ ਦੇ ਨਾਲ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰੀ ਟਿਕਾਣਿਆਂ ਅਤੇ ਕਾਨੂੰਨ ਦਾ ਪੱਖ ਪੂਰਨ ਵਾਲੇ ਸਿਆਸਤਦਾਨਾਂ ਦਾ ਘਿਰਾਓ ਸ਼ੁਰੂ ਕਰਨਗੀਆਂ। ਇਨ੍ਹਾਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਸੂਬੇ ਵਿੱਚ ਭਲਕ ਤੋਂ ਸਮੁੱਚਾ ਰੇਲ ਨੈੱਟਵਰਕ ਠੱਪ ਕਰ ਦਿੱਤਾ ਜਾਵੇਗਾ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 24 ਸਤੰਬਰ ਤੋਂ ਫਿਰੋਜ਼ਪੁਰ ਅਤੇ ਅੰਮ੍ਰਿਤਸਰ ਵਿੱਚ ਲਗਾਏ ਪੱਕੇ ਮੋਰਚਿਆਂ ਕਾਰਨ ਸੂਬੇ ਵਿੱਚ ਪਿਛਲੇ 7 ਦਿਨਾਂ ਤੋਂ ਪੰਜਾਬ ਦਾ ਪੂਰੇ ਦੇਸ਼ ਨਾਲੋਂ ਰੇਲ ਸੰਪਰਕ ਟੁੱਟਿਆ ਹੋਇਆ ਹੈ। ਕਿਸਾਨਾਂ ਵੱਲੋਂ ਸਮੁੱਚੇ ਜ਼ਿਲ੍ਹਿਆਂ ਵਿੱਚ ਰੇਲ ਪਟੜੀਆਂ ’ਤੇ ਟੈਂਟ ਗੱਡ ਕੇ ਪੱਕੇ ਮੋਰਚੇ ਲਗਾਏ ਜਾ ਰਹੇ ਹਨ।
ਕਿਸਾਨ ਯੂਨੀਅਨ ਦੇ ਆਗੂ ਡਾ. ਦਰਸ਼ਨ ਪਾਲ ਨੇ ਦੱਸਿਆ ਕਿ 30 ਤੋਂ ਵੱਧ ਥਾਵਾਂ ’ਤੇ ਭਲਕ ਤੋਂ ਪੱਕੇ ਤੌਰ ’ਤੇ ਮੋਰਚਾਬੰਦੀ ਕੀਤੇ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੰਬਾਨੀ ਅਤੇ ਅਡਾਨੀ ਵਰਗੇ ਕਾਰੋਬਾਰੀਆਂ ਦੇ ਪੈਟਰੋਲ ਪੰਪਾਂ, ਰਿਟੇਲ ਸਟੋਰਾਂ ਅਤੇ ਹੋਰਨਾਂ ਟਿਕਾਣਿਆਂ ਦੀ ਨਿਸ਼ਾਨਦੇਹੀ ਕਰਕੇ ਮੋਰਚੇ ਲਾਏ ਜਾਣਗੇ।
ਕਿਸਾਨ ਆਗੂ ਨੇ ਦੱਸਿਆ ਕਿ ਭਾਜਪਾ ਮੰਤਰੀਆਂ, ਸੰਸਦ ਮੈਂਬਰਾਂ, ਸਾਬਕਾ ਮੰਤਰੀਆਂ ਤੇ ਹੋਰਨਾਂ ਆਗੂਆਂ ਦੇ ਘਰਾਂ ਦੀ ਨਿਸ਼ਾਨਦੇਹੀ ਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਰੇਲਾਂ ਦਾ ਚੱਕਾ ਜਾਮ ਅਣਮਿਥੇ ਸਮੇਂ ਲਈ ਕੀਤਾ ਜਾ ਰਿਹਾ ਹੈ ਤੇ ਕਿਸਾਨਾਂ ਵੱਲੋਂ ਵਿੱਢੀ ਇਹ ਲੜਾਈ ਆਰ ਪਾਰ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਮੁਲਕ ਦੇ ਸਾਰੇ ਮਾਲ ਖਜ਼ਾਨੇ ਬਹੁਕੌਮੀ ਕੰਪਨੀਆਂ ਤੇ ਪੂੰਜੀਪਤੀਆਂ ਦੇ ਦੇਸੀ ਦਲਾਲਾਂ ਅੰਬਾਨੀ-ਅਡਾਨੀ ਵਰਗੇ ਕਾਰਪੋਰੇਟ ਕਾਰੋਬਾਰੀਆਂ ਨੂੰ ਸੰਭਾਲਣ ’ਤੇ ਤੁਲੀ ਹੋਈ ਹੈ।
ਉਨ੍ਹਾਂ ਕਿਹਾ ਕਿ ਜਿੱਥੇ ਇੱਕ ਪਾਸੇ ਭਾਜਪਾ ਆਗੂਆਂ ਨੂੰ ਘੇਰ ਕੇ ਲੋਕ ਰੋਹ ਦਾ ਸੇਕ ਚਾੜ੍ਹਨਾ ਜ਼ਰੂਰੀ ਹੈ, ਉੱਥੇ ਨਾਲ ਹੀ ਕਾਰਪੋਰੇਟ ਘਰਾਣਿਆਂ ਨੂੰ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਹੁਣ ਉਨ੍ਹਾਂ ਦੇ ਲੋਟੂ ਕਾਰੋਬਾਰ ਵੀ ਲੋਕ ਰੋਹ ਦੇ ਨਿਸ਼ਾਨੇ ’ਤੇ ਆਉਣਗੇ। ਲੋਕ ਨਾ- ਸਿਰਫ ਕਾਰਪੋਰੇਟੀ ਮਨਸੂਬਿਆਂ ਨੂੰ ਚੁਣੌਤੀ ਦੇਣਗੇ, ਸਗੋਂ ਉਨ੍ਹਾਂ ਦੇ ਚੱਲ ਰਹੇ ਲੁਟੇਰੇ ਕਾਰੋਬਾਰਾਂ ਨੂੰ ਵੀ ਨੱਥ ਪਾਉਣ ਲਈ ਅੱਗੇ ਆਉਣਗੇ।
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਸਾਰੇ ਜ਼ਿਲ੍ਹਿਆਂ ਦੀਆਂ ਤਿਆਰੀ ਮੀਟਿੰਗਾਂ ਵਿੱਚ ਕਾਲ਼ੇ ਖੇਤੀ ਕਾਨੂੰਨਾਂ ਵਿਰੁੱਧ 31 ਜਥੇਬੰਦੀਆਂ ਦੇ ਘੋਲ਼ ਸੱਦੇ ਨਾਲ ਤਾਲਮੇਲਵੇਂ ਐਕਸ਼ਨ ਵਜੋਂ ਪਹਿਲੀ ਅਕਤੂਬਰ ਤੋਂ ਧਬਲਾਨ (ਪਟਿਆਲਾ), ਸੁਨਾਮ (ਸੰਗਰੂਰ), ਬੁਢਲਾਡਾ (ਮਾਨਸਾ) ਤੇ ਗਿੱਦੜਬਾਹਾ (ਮੁਕਤਸਰ) ਵਿੱਚ ਅਣਮਿਥੇ ਸਮੇਂ ਦੇ ਰੇਲ ਜਾਮ ਤੋਂ ਇਲਾਵਾ ਸਤਵੰਤ ਸਿੰਘ ਪੂਨੀਆ (ਸੰਗਰੂਰ), ਬਿਕਰਮਜੀਤ ਸਿੰਘ ਚੀਮਾ (ਪਾਇਲ ਲੁਧਿਆਣਾ), ਸੁਨੀਤਾ ਗਰਗ (ਕੋਟਕਪੂਰਾ) ਤੇ ਅਰੁਣ ਨਾਰੰਗ ਐੱਮਐੱਲਏ ਅਬੋਹਰ 4 ਭਾਜਪਾ ਆਗੂਆਂ ਸਮੇਤ ਕਾਲਾਝਾੜ (ਸੰਗਰੂਰ), ਬਡਬਰ (ਬਰਨਾਲਾ), ਲਹਿਰਾਬੇਗਾ ਤੇ ਜੀਦਾ (ਬਠਿੰਡਾ) ਅਤੇ ਕੱਥੂਨੰਗਲ (ਗੁਰਦਾਸਪੁਰ) 5 ਟੌਲ ਪਲਾਜ਼ਿਆਂ; ਭੁੱਚੋ ਵਿੱਚ ਬੈਸਟ ਪ੍ਰਾਈਸ, ਬਠਿੰਡਾ ਅਤੇ ਰੋਖਾ (ਅਜਨਾਲਾ ਅੰਮ੍ਰਿਤਸਰ) ਵਿੱਚ ਰਿਲਾਇੰਸ ਦੇ 3 ਸ਼ਾਪਿੰਗ ਮਾਲਜ਼; ਮੋਗਾ ਅਤੇ ਛਾਜਲੀ (ਸੰਗਰੂਰ) ’ਚ ਅਡਾਨੀ ਦੇ ਦੋ ਗੋਦਾਮਾਂ; ਧਨੌਲਾ ਤੇ ਸੰਘੇੜਾ (ਬਰਨਾਲਾ), ਨਿਆਲ (ਪਟਿਆਲਾ), ਧੂਰੀ-ਦਿੜ੍ਹਬਾ-ਭਵਾਨੀਗੜ੍ਹ-ਮਲੇਰਕੋਟਲਾ-ਅਹਿਮਦਗੜ੍ਹ-ਲਹਿਰਾ-ਸੰਗਰੂਰ ਤੇ ਸੁਨਾਮ ਸਾਰੇ ਜ਼ਿਲ੍ਹਾ ਸੰਗਰੂਰ; ਰਾਮਪੁਰਾ ਤੇ ਲਹਿਰਾਬੇਗਾ (ਬਠਿੰਡਾ); ਜਲਾਲਾਬਾਦ (ਫਾਜ਼ਿਲਕਾ) ਅਤੇ ਵਲੂਰ (ਫਿਰੋਜ਼ਪੁਰ) 15 ਰਿਲਾਇੰਸ ਪੰਪਾਂ; ਧੌਲਾ ਤੇ ਭੋਤਨਾ (ਬਰਨਾਲਾ), ਕਾਤਰੋਂ (ਪਟਿਆਲਾ) 3 ਐੱਸਾਰ ਪੰਪਾਂ ਅਤੇ ਵਣਾਂਵਾਲੀ (ਮਾਨਸਾ) ਥਰਮਲ ਪਲਾਂਟ ਕੁੱਲ 29 ਕਾਰਪੋਰੇਟ ਕਾਰੋਬਾਰਾਂ ਅੱਗੇ ਦਿਨ-ਰਾਤ ਦੇ ਪੱਕੇ ਧਰਨਿਆਂ ਦੀ ਵਿਉਂਤਬੰਦੀ ਕੀਤੀ ਗਈ।
ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇਕ ਬਿਆਨ ਰਾਹੀਂ ਦੱਸਿਆ ਕਿ ਅਡਾਨੀ ਗਰੁੱਪ ਨੇ ਪੰਜਾਬ ਅੰਦਰ ਅਨਾਜ ਖਰੀਦ ਕੇ ਸਟੋਰ ਕਰਨ ਲਈ ਵੱਡੇ ਗ਼ੁਦਾਮ ਉਸਾਰੇ ਹੋਏ ਹਨ। ਕਾਨੂੰਨ ਪਾਸ ਹੁੰਦਿਆਂ ਹੀ ਇਨ੍ਹਾਂ ਨੂੰ ਹੋਰ ਫੈਲਾਉਣ ਲਈ ਪੇਸ਼ਕਦਮੀ ਵੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਗੋਦਾਮਾਂ ਵਿੱਚ ਕਿਸਾਨਾਂ ਦੀਆਂ ਫ਼ਸਲਾਂ ਨੂੰ ਦਿਨ ਦਿਹਾੜੇ ਲੁੱਟ ਕੇ ਰੱਖਿਆ ਜਾਣਾ ਹੈ।
ਇੱਥੇ ਰੱਖਿਆ ਅਨਾਜ ਜਨਤਕ ਵੰਡ ਪ੍ਰਣਾਲੀ ਰਾਹੀਂ ਗਰੀਬਾਂ ਨੂੰ ਵੰਡਣ ਦੀ ਥਾਂ ਵੱਡੇ ਮੁਨਾਫਿਆਂ ਖਾਤਰ ਦੇਸ਼-ਵਿਦੇਸ਼ ’ਚ ਪਹੁੰਚਾਇਆ ਜਾਣਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵੱਡੇ ਪ੍ਰਾਈਵੇਟ ਗੋਦਾਮਾਂ ਦੇ ਘਿਰਾਓ ਰਾਹੀਂ ਇਹ ਸੰਦੇਸ਼ ਦਿੱਤਾ ਜਾਵੇਗਾ ਕਿ ਪੰਜਾਬ ਅੰਦਰ ਖੇਤੀ ਖੇਤਰ ਅਤੇ ਜਨਤਕ ਵੰਡ ਪ੍ਰਣਾਲੀ ਨੂੰ ਇਉਂ ਹੜੱਪਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਟੌਲ ਪਲਾਜ਼ਿਆਂ, ਬਹੁਕੌਮੀ ਕੰਪਨੀਆਂ ਦੇ ਸ਼ਾਪਿੰਗ ਮਾਲਾਂ ਜਿਵੇਂ ਬੈਸਟ ਪ੍ਰਾਈਸ ਆਦਿ ਦੇ ਘਿਰਾਓ ਨਾਲ ਸੰਘਰਸ਼ ਨੂੰ ਹੋਰ ਉਚੇਰੇ ਪੜਾਅ ’ਤੇ ਲਿਜਾਇਆ ਜਾਵੇਗਾ।