ਪੰਜਾਬ ’ਚ ਮੀਂਹ ਨਾਲ ਗਰਮੀ ਤੋਂ ਰਾਹਤ

ਚੰਡੀਗੜ੍ਹ (ਸਮਾਜਵੀਕਲੀ): ਪੰਜਾਬ ਵਿਚ ਅੱਜ ਧੂੜ ਭਰੀ ਤੇਜ਼ ਹਨੇਰੀ ਚੱਲੀ ਅਤੇ ਕਈ ਥਾਵਾਂ ’ਤੇ ਬਾਰਿਸ਼ ਪੈਣ ਨਾਲ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਗਈ ਹੈ। ਧੂਰੀ (ਸੰਗਰੂਰ) ਵਿਚ ਵੀਰਵਾਰ ਰਾਤ ਇੱਕ ਘਰ ਦੀ ਛੱਤ ਡਿੱਗਣ ਨਾਲ ਇੱਕ ਮਹਿਲਾ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਲੰਘੇ 24 ਘੰਟਿਆਂ ਦੌਰਾਨ ਪੰਜਾਬ ਦੇ ਅੱਧੀ ਦਰਜਨ ਤੋਂ ਜ਼ਿਆਦਾ ਜ਼ਿਲ੍ਹਿਆਂ ਵਿਚ ਹਲਕੀ ਬਾਰਿਸ਼ ਹੋਈ ਹੈ। ਅੱਜ ਪੂਰਾ ਦਿਨ ਬੱਦਲਵਾਈ ਰਹੀ ਅਤੇ ਤੇਜ਼ ਹਨੇਰੀ ਕਾਰਨ ਆਵਾਜਾਈ ਵਿਚ ਵੀ ਵਿਘਨ ਪਿਆ।

ਪੰਜਾਬ ਵਿਚ ਅੱਜ ਪਾਰਾ 10 ਡਿਗਰੀ ਸੈਲਸੀਅਸ ਤੱਕ ਡਿੱਗਾ ਹੈ। ਮੌਸਮ ਵਿਭਾਗ ਅਨੁਸਾਰ ਬਠਿੰਡਾ ਵਿਚ ਤਾਪਮਾਨ ਵਿਚ ਮਾਮੂਲੀ ਫੇਰਬਦਲ ਹੋਇਆ ਹੈ ਪਰ ਬਾਕੀ ਪੰਜਾਬ ਦੇ ਮੁਕਾਬਲੇ ਇਹ ਸ਼ਹਿਰ ਥੋੜ੍ਹਾ ਗਰਮ ਰਿਹਾ। ਠੰਢੀਆਂ ਹਵਾਵਾਂ ਕਰਕੇ ਲੋਕਾਂ ਨੂੰ ਰਾਹਤ ਮਿਲੀ ਹੈ। ਪੰਜਾਬ ਦੇ ਅੰਮ੍ਰਿਤਸਰ, ਜਲੰਧਰ, ਕਪੂਰਥਲਾ, ਲੁਧਿਆਣਾ ਅਤੇ ਪਟਿਆਲਾ ਦੇ ਤਾਪਮਾਨ ਵਿਚ ਅੱਜ ਕਾਫ਼ੀ ਗਿਰਾਵਟ ਆਈ ਹੈ। ਪਟਿਆਲਾ ਦਾ ਪਾਰਾ 36 ਡਿਗਰੀ ਅਤੇ ਲੁਧਿਆਣਾ ਦਾ 34 ਡਿਗਰੀ ਸੈਲਸੀਅਸ ’ਤੇ ਆ ਗਿਆ ਹੈ।

ਚੰਡੀਗੜ੍ਹ ਅਤੇ ਆਸ-ਪਾਸ ਦੇ ਖੇਤਰਾਂ ਵਿਚ ਅੱਜ ਮੀਂਹ ਨੇ ਰਾਹਤ ਪਹੁੰਚਾਈ ਹੈ ਅਤੇ ਚੰਡੀਗੜ੍ਹ ਦਾ ਤਾਪਮਾਨ ਅੱਜ 34 ਡਿਗਰੀ ਸੈਲਸੀਅਸ ’ਤੇ ਆ ਗਿਆ। ਹਰਿਆਣਾ ਦੇ ਸਿਰਸਾ ਇਲਾਕੇ ਵਿਚ ਕਾਫ਼ੀ ਭਰਵਾਂ ਮੀਂਹ ਪਿਆ ਹੈ ਅਤੇ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ। ਫਰੀਦਕੋਟ, ਫਿਰੋਜ਼ਪੁਰ ਅਤੇ ਮੋਗਾ ਤੋਂ ਇਲਾਵਾ ਮਾਲਵੇ ਦੇ ਕੁਝ ਹੋਰਨਾਂ ਇਲਾਕਿਆਂ ਵਿਚ ਧੂੜ ਭਰੀ ਹਨੇਰੀ ਕਰਕੇ ਆਵਾਜਾਈ ’ਚ ਕਾਫ਼ੀ ਸਮੱਸਿਆ ਆਈ। ਕਈ ਮੁੱਖ ਸੜਕਾਂ ’ਤੇ ਦਰੱਖਤ ਵੀ ਝੱਖੜ ਕਾਰਨ ਟੁੱਟ ਕੇ ਡਿਗ ਗਏ। ਬਿਜਲੀ ਦੇ ਖੰਭੇ ਵੀ ਖੇਤਾਂ ਵਿਚ ਡਿੱਗੇ ਹਨ। ਬਾਘਾ ਪੁਰਾਣਾ ਅਤੇ ਮੁਦਕੀ ਦੇ ਇਲਾਕੇ ਵਿਚ ਅੱਜ ਹਲਕਾ ਮੀਂਹ ਪਿਆ ਹੈ। ਮੌਸਮ ਵਿਭਾਗ ਅਨੁਸਾਰ ਪਹਿਲੀ ਜੂਨ ਤੱਕ ਹੋਰ ਬਾਰਿਸ਼ ਪੈਣ ਦੀ ਸੰਭਾਵਨਾ ਹੈ।

Previous articleਲੌਕਡਾਊਨ: ਸ਼ਾਹ ਨੇ ਮੋਦੀ ਨੂੰ ਮੁੱਖ ਮੰਤਰੀਆਂ ਦੇ ਵਿਚਾਰ ਦੱਸੇ
Next articleਖੇਤੀ ਮੋਟਰਾਂ ਨੂੰ ਮੁਫ਼ਤ ਬਿਜਲੀ ਜਾਰੀ ਰਹੇਗੀ: ਅਮਰਿੰਦਰ