ਚੰਡੀਗੜ੍ਹ : ਤਿੰਨ ਦਿਨਾਂ ਤੋਂ ਪੈ ਰਹੇ ਬੇਮੌਸਮੀ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਖੇਤਾਂ ਵਿਚ ਲਹਿਰਾਉਂਦੀ ਝੋਨੇ ਦੀ ਫ਼ਸਲ ਦੇ ਬਦਰੰਗ ਹੋਣ ਦੇ ਡਰ ਨੇ ਕਿਸਾਨਾਂ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਹੈ। ਬੇਮੌਸਮੀ ਮੀਂਹ ਨਾਲ ਜਿਥੇ ਝੋਨੇ ਦੀ ਵਾਢੀ ਦੇਰ ਨਾਲ ਸ਼ੁਰੂ ਹੋਣ ਦੀ ਸੰਭਾਵਨਾ ਬਣ ਗਈ ਹੈ, ਉਥੇ ਕਿਸਾਨਾਂ ਨੂੰ ਝੋਨੇ ਦਾ ਝਾੜ ਘੱਟ ਹੋਣ ਦੀ ਚਿੰਤਾ ਵੀ ਲੱਗ ਗਈ ਹੈ। ਦੱਸਿਆ ਜਾਂਦਾ ਹੈ ਕਿ ਮਾਝੇ ਵਿਚ ਅਗੇਤੀ ਕਿਸਮ ਦਾ ਝੋਨਾ ਲੱਗਿਆ ਹੋਣ ਕਰਕੇ ਮੰਡੀਆਂ ਵਿਚ ਪੁੱਜ ਗਿਆ ਸੀ, ਮੰਡੀਆਂ ਵਿਚ ਯੋਗ ਪ੍ਰਬੰਧ ਨਾ ਹੋਣ ਕਾਰਨ ਤੇਜ਼ ਮੀਂਹ ਵਿਚ ਕਿਸਾਨਾਂ ਦਾ ਝੋਨਾ ਵਹਿ ਗਿਆ ਹੈ। ਸਰਕਾਰ ਵਲੋਂ ਪਹਿਲੀ ਅਕਤੂਬਰ ਤੋਂ ਸਰਕਾਰੀ ਖਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਹੋਇਆ ਹੈ।
ਕਿਸਾਨਾਂ ਅਨੁਸਾਰ ਪਿਛਲੇ ਤਿੰਨ ਦਿਨ ਤੋਂ ਪੰਜਾਬ ਦੇ ਵੱਖ-ਵੱਖ ਖਿੱਤਿਆਂ ਵਿਚ ਮੀਂਹ ਪੈ ਰਿਹਾ ਹੈ। ਲਗਾਤਾਰ ਮੀਂਹ ਪੈਣ ਨਾਲ ਝੋਨੇ ਦਾ ਪੌਦਾ ਕਮਜ਼ੋਰ ਹੋਣ ਕਰਕੇ ਕਿਸਾਨਾਂ ਨੂੰ ਫਸਲ ਡਿੱਗਣ ਦਾ ਡਰ ਸਤਾ ਰਿਹਾ ਹੈ। ਭਾਵੇਂ ਕਿ ਤਿੰਨ ਦਿਨ ਤੋਂ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ, ਪਰ ਹਾਲੇ ਤੇਜ਼ ਹਵਾ ਚੱਲਣ ਤੋਂ ਬਚਾਅ ਹੈ।
ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੇਮੌਸਮੀ ਮੀਂਹ ਨੇ ਕਿਸਾਨਾਂ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਹੈ। ਲਗਪਗ ਸਾਰੇ ਜ਼ਿਲਿ੍ਆਂ ਵਿਚ ਮੀਂਹ ਪੈਣ ਦੀਆਂ ਰਿਪੋਰਟਾਂ ਮਿਲੀਆਂ ਹਨ। ਰਾਜੇਵਾਲ ਦਾ ਕਹਿਣਾ ਹੈ ਕਿ ਜੇਕਰ ਤੇਜ਼ ਹਵਾ ਚੱਲ ਪਈ ਤਾਂ ਕਿਸਾਨਾਂ ਦਾ ਵੱਡਾ ਨੁਕਸਾਨ ਹੋਵੇਗਾ। ਮੀਂਹ ਨਾਲ ਜਿਥੇ ਵਾਢੀ ਦਾ ਸੀਜ਼ਨ ਦੇਰ ਨਾਲ ਸ਼ੁਰੂ ਹੋਵੇਗਾ, ਉਥੇ ਡਿੱਗੀ ਹੋਈ ਫਸਲ ਦਾ ਰੰਗ ਬਦਰੰਗ ਹੋਣ ਦੀਆਂ ਸੰਭਾਵਨਾਵਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ।
ਇਸੇ ਤਰ੍ਹਾਂ ਡਿੱਗੀ ਹੋਈ ਫਸਲ ਨੂੰ ਵੱਢਣਾ ਬਹੁਤ ਔਖਾ ਹੋ ਜਾਵੇਗਾ। ਜੇਕਰ ਰੰਗ ਬਦਰੰਗ ਹੋ ਗਿਆ ਤਾਂ ਡਿਸਕਲਰ ਦਾ ਬਹਾਨਾ ਲਾ ਕੇ ਖਰੀਦ ਏਜੰਸੀਆਂ ਤੈਅ ਮਾਪਦੰਡ ‘ਤੇ ਖਰਾ ਨਾ ਉਤਰਨ ਦੀ ਆੜ ਵਿਚ ਕਿਸਾਨਾਂ ਨੂੰ ਮੰਡੀਆਂ ਵਿਚ ਤੰਗ ਕਰਨਗੀਆਂ। ਰਾਜੇਵਾਲ ਅਨੁਸਾਰ ਜਿਹੜੇ ਕਿਸਾਨਾਂ ਨੇ ਅਗੇਤਾ ਝੋਨਾ ਬੀਜਿਆ ਹੋਇਆ ਹੈ, ਅਗੇਤੇ ਝੋਨੇ ਦੀ ਕਟਾਈ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਜੰਡਿਆਲਾ ਗੁਰੂ, ਅੰਮਿ੍ਤਸਰ ਵਿਖੇ ਝੋਨਾ ਪਾਣੀ ‘ਚ ਵਹਿੰਦੇ ਦੀਆਂ ਖ਼ਬਰਾਂ ਨਸ਼ਰ ਹੋ ਰਹੀਆਂ ਹਨ। ਰਾਜੇਵਾਲ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਕਿਸਾਨਾਂ ਤੋਂ ਛੇ ਫ਼ੀਸਦੀ ਟੈਕਸ, ਤਿੰਨ ਫ਼ੀਸਦੀ ਪੇਂਡੂ ਵਿਕਾਸ ਫੰਡ ਅਤੇ ਤਿੰਨ ਫ਼ੀਸਦੀ ਮਾਰਕੀਟ ਫੀਸ ਵਸੂਲਿਆ ਜਾਂਦਾ ਹੈ। ਕਰੀਬ 110 ਰੁਪਏ ਪ੍ਰਤੀ ਕੁਇੰਟਲ ਕਿਸਾਨਾਂ ਤੋਂ ਵਸੂਲਣ ਦੇ ਬਾਵਜੂਦ ਮੰਡੀ ਬੋਰਡ ਮੰਡੀਆਂ ਵਿਚ ਫੜ੍ਹ ਪੱਕਾ ਨਹੀਂ ਕਰ ਸਕਿਆ।