ਲੁਧਿਆਣਾ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਪੰਜਾਬ ‘ਚ ਮੌਸਮ ਨੂੰ ਲੈ ਕੇ ਬਦਲਾਅ ਸ਼ੁਰੂ ਹੋ ਚੁੱਕਿਆ ਹੈ। ਜੇਕਰ ਰਾਤ ਦੇ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਪਾਰਾ ਕਾਫੀ ਘਟਣ ਨਾਲ ਸਰਦ ਰਾਤਾਂ ਦੀ ਸ਼ੁਰੂਆਤ ਹੋ ਚੁੱਕੀ ਹੈ।ਇਸ ਬਾਰੇ ਗੱਲ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਿਸਟੀ ਦੇ ਮੌਸਮ ਮਹਿਕਮੇ ਦੇ ਮਾਹਰ ਪ੍ਰਭਜੋਤ ਕੌਰ ਨੇ ਦੱਸਿਆ ਕਿ ਪਹਾੜਾਂ ‘ਚ ਬਰਫ਼ਬਾਰੀ ਹੋਣ ਕਾਰਨ ਪੰਜਾਬ ‘ਚ ਰਾਤ ਦਾ ਤਾਪਮਾਨ ਅਚਾਨਕ 3 ਤੋਂ 4 ਡਿਗਰੀ ਸੈਲਸੀਅਸ ਘਟ ਗਿਆ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ‘ਚ ਅਜੇ ਸੁੱਕੀ ਠੰਡ ਪੈ ਰਹੀ ਹੈ ਕਿਉਂਕਿ ਪਿਛਲੇ ਡੇਢ ਮਹੀਨੇ ਤੋਂ ਸੂਬੇ ਅੰਦਰ ਬਾਰਸ਼ ਨਹੀਂ ਹੋਈ ਹੈ ਅਤੇ ਆਉਣ ਵਾਲੇ 3-4 ਦਿਨਾਂ ਦੌਰਾਨ ਵੀ ਬਾਰਸ਼ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਇਸ ਤੋਂ ਬਾਅਦ ਮੌਸਮ ਬਦਲ ਸਕਦਾ ਹੈ।ਉਨ੍ਹਾਂ ਕਿਹਾ ਕਿ ਦਿਨ ਦੇ ਤਾਪਮਾਨ ‘ਚ ਵੀ ਬੀਤੇ 2 ਦਿਨਾਂ ਤੋਂ ਗਿਰਾਵਟ ਦੇਖੀ ਗਈ ਹੈ ਅਤੇ ਆਉਣ ਵਾਲੇ ਕੁੱਝ ਦਿਨਾਂ ‘ਚ ਮੌਸਮ ਇਸ ਤਰ੍ਹਾਂ ਦਾ ਹੀ ਰਹੇਗਾ। ਡਾ. ਪ੍ਰਭੋਜਤ ਕੌਰ ਨੇ ਦੱਸਿਆ ਕਿ ਇਸ ਸਮੇਂ ਸਰ੍ਹੋਂ ਅਤੇ ਕਣਕ ਦੀ ਫ਼ਸਲ ਦੀ ਬਿਜਾਈ ਚੱਲ ਰਹੀ ਹੈ ਅਤੇ ਇਹ ਮੌਸਮ ਫ਼ਸਲਾਂ ਲਈ ਕਾਫੀ ਲਾਹੇਵੰਦ ਸਾਬਿਤ ਹੁੰਦਾ ਹੈ।