ਨਵੀਂ ਦਿੱਲੀ (ਸਮਾਜ ਵੀਕਲੀ) :ਪੰਜਾਬ ਸਰਕਾਰ ਨੇ ਕੌਮੀ ਗਰੀਨ ਟ੍ਰਿਬਿਊਨਲ (ਐੱਨਜੀਟੀ) ਨੂੰ ਦੱਸਿਆ ਹੈ ਕਿ ਸੂਬੇ ’ਚ ਪਟਾਕੇ ਚਲਾਉਣ ’ਤੇ ਪਾਬੰਦੀ ਲਾਉਣ ਦੀ ਲੋੜ ਨਹੀਂ ਹੈ ਕਿਉਂਕਿ ਸੂਬੇ ਦਾ ਕੋਈ ਵੀ ਹਿੱਸਾ ਕੌਮੀ ਰਾਜਧਾਨੀ ਖੇਤਰ (ਐੱਨਸੀਆਰ) ਨਾਲ ਨਹੀਂ ਲਗਦਾ ਹੈ। ਉਨ੍ਹਾਂ ਕਿਹਾ ਹੈ ਕਿ ਅੰਮ੍ਰਿਤਸਰ, ਲੁਧਿਆਣਾ, ਮੰਡੀ ਗੋਬਿੰਦਗੜ੍ਹ, ਪਟਿਆਲਾ, ਜਲੰਧਰ ਅਤੇ ਖੰਨਾ ’ਚ ਹਵਾ ਗੁਣਵੱਤਾ ਨਿਗਰਾਨ ਸਟੇਸ਼ਨ ਲਗਾਏ ਗਏ ਹਨ ਅਤੇ ਅਗਸਤ ਮਹੀਨੇ ਦੌਰਾਨ ਇਨ੍ਹਾਂ ਸ਼ਹਿਰਾਂ ’ਚ ਹਵਾ ਗੁਣਵੱਤਾ ਸੂਚਕ ਅੰਕ ਵਧੀਆ ਰਿਹਾ।
ਉਂਜ ਸਤੰਬਰ ’ਚ ਹਵਾ ਦੀ ਗੁਣਵੱਤਾ ਸੰਤੋਸ਼ਜਨਕ ਅਤੇ ਅਕਤੂਬਰ ’ਚ ਦਰਮਿਆਨੇ ਪੱਧਰ ਦੀ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਦੀਵਾਲੀ, ਗੁਰਪੁਰਬ, ਕ੍ਰਿਸਮਸ ਅਤੇ ਨਵੇਂ ਵਰ੍ਹੇ ’ਤੇ ਪਟਾਕੇ ਚਲਾਉਣ ਲਈ ਸਮਾਂ ਤੈਅ ਕੀਤਾ ਸੀ ਜਿਸ ਦੀ ਸੂਚਨਾ ਪ੍ਰਦੇਸ਼ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਵੱਖ ਵੱਖ ਅਖ਼ਬਾਰਾਂ ’ਚ ਜਨਤਕ ਨੋਟਿਸਾਂ ਰਾਹੀਂ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਸਾਰੇ ਤੱਥਾਂ ਨੂੰ ਦੇਖਦਿਆਂ ਪੰਜਾਬ ’ਚ ਐਤਕੀਂ ਪਟਾਕਿਆਂ ’ਤੇ ਪਾਬੰਦੀ ਲਾਉਣ ਦੀ ਲੋੜ ਨਹੀਂ ਹੈ। ਐੱਨਜੀਟੀ ਨੇ ਹੁਕਮ ਰਾਖਵੇਂ ਰਖਦਿਆਂ ਕਿਹਾ ਕਿ ਉਹ 9 ਨਵੰਬਰ ਨੂੰ ਵੈੱਬਸਾਈਟ ’ਤੇ ਇਸ ਨੂੰ ਨਸ਼ਰ ਕਰਨਗੇ।