ਦੋ ਦਿਨਾਂ ਤੋਂ ਸੂਰਜ ਦਿਖਾਈ ਨਹੀਂ ਦਿੱਤਾ;
ਅਗੇਤੀ ਕਣਕ ਲਈ ਠੰਢ ਲਾਹੇਵੰਦ
ਪੰਜਾਬ ਵਿੱਚ ਇਸ ਸੀਜ਼ਨ ਦੌਰਾਨ ਪੈ ਰਹੀ ਹੱਡ ਚੀਰਵੀਂ ਠੰਢ ਨੇ ਪਿਛਲੇ ਦਸ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਸੀਤ ਲਹਿਰ ਵੀ ਜ਼ੋਰ ਫੜ ਰਹੀ ਹੈ। ਪੰਜਾਬ ਦੇ ਕਰੀਬ ਸਾਰੇ ਹਿੱਸਿਆਂ ਵਿੱਚ ਧੁੰਦ ਛਾਈ ਹੋਈ ਹੈ। ਸੂਬੇ ਭਰ ਵਿੱਚ ਪਿਛਲੇ ਦੋ ਦਿਨਾਂ ਤੋਂ ਸੂਰਜ ਵੀ ਦਿਖਾਈ ਨਹੀਂ ਦਿੱਤਾ। ਮੌਸਮ ਵਿਭਾਗ ਦੇ ਡਾਇਰੈਕਟਰ ਡਾ. ਸੁਰਿੰਦਰ ਪਾਲ ਨੇ ਦੱਸਿਆ ਕਿ ਪੰਜਾਬ ਦੇ ਅੰਮ੍ਰਿਤਸਰ, ਗੁਰਦਾਸਪੁਰ, ਲੁਧਿਆਣਾ, ਫ਼ਰੀਦਕੋਟ ਅਤੇ ਬਠਿੰਡਾ ਵਿੱਚ ਦਹਾਕਾ ਪਹਿਲਾਂ ਪਈ ਠੰਢ ਨੂੰ ਇਸ ਵਾਰ ਦੀ ਠੰਢ ਨੇ ਮਾਤ ਦੇ ਦਿੱਤੀ ਹੈ। ਇਸ ਮੌਸਮ ਵਿਗਿਆਨੀ ਨੇ ਦੱਸਿਆ ਕਿ ਇੱਕ ਹਫ਼ਤੇ ਤੱਕ ਇਸੇ ਤਰ੍ਹਾਂ ਦਾ ਮੌਸਮ ਬਣਿਆ ਰਹਿਣ ਦੀ ਸੰਭਾਵਨਾ ਹੈ ਅਤੇ 31 ਦਸੰਬਰ ਨੂੰ ਪੰਜਾਬ ਵਿੱਚ ਕਈ ਥਾਈਂ ਮੀਂਹ ਵੀ ਪੈ ਸਕਦਾ ਹੈ। ਤਾਪਮਾਨ ਹੋਰ ਹੇਠਾਂ ਆਉਣ ਦੀ ਵੀ ਸੰਭਾਵਨਾ ਹੈ। ਮੌਸਮ ਵਿਭਾਗ ਨੇ 31 ਦਸੰਬਰ ਨੂੰ ਹਿਮਾਚਲ ਪ੍ਰਦੇਸ਼ ਵਿੱਚ ਬਰਫਬਾਰੀ ਹੋਣ ਦੀ ਭਵਿੱਖਬਾਣੀ ਵੀ ਕੀਤੀ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਤਾਪਮਾਨ ਵਿੱਚ ਆਈ ਭਾਰੀ ਗਿਰਾਵਟ ਪਛੇਤੀ ਬੀਜੀ ਕਣਕ ਲਈ ਤਾਂ ਲਾਹੇਵੰਦ ਮੰਨੀ ਜਾ ਸਕਦੀ ਹੈ ਪਰ ਕਪਾਹ ਪੱਟੀ ਦੇ ਖਿੱਤੇ ਵਿੱਚ ਜਿੱਥੇ ਕਿਸਾਨਾਂ ਨੇ ਕਣਕ ਦੀ ਬੀਜਾਈ ਪੱਛੜ ਕੇ ਕੀਤੀ ਹੈ, ਉਥੇ ਕਣਕ ਦੀ ਫ਼ਸਲ ਨੂੰ ਜ਼ਿਆਦਾ ਠੰਢ ਨਾਲ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਬਜ਼ੀਆਂ ਲਈ ਵੀ ਜ਼ਿਆਦਾ ਠੰਢ ਨੁਕਸਾਨਦੇਹ ਹੈ। ਮੌਸਮ ਵਿਭਾਗ ਦਾ ਦੱਸਣਾ ਹੈ ਕਿ ਚੰਡੀਗੜ੍ਹ ਵਿੱਚ ਅੱਜ ਦਿਨ ਦਾ ਤਾਪਮਾਨ 9 ਡਿਗਰੀ ਰਿਹਾ ਅਤੇ ਘੱਟੋ-ਘੱਟ ਤਾਮਪਾਨ 6.9 ਡਿਗਰੀ ਸੀ। ਇਸ ਸ਼ਹਿਰ ਵਿੱਚ ਸਾਲ 2014 ਵਿਚ ਕਾਫ਼ੀ ਠੰਢ ਪਈ ਸੀ ਤੇ ਅੱਜ ਪਈ ਠੰਢ ਨੇ 2014 ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਪੰਜਾਬ ਦੇ ਕੁਝ ਸ਼ਹਿਰਾਂ ’ਚ ਰਿਕਾਰਡ ਕੀਤੇ ਤਾਪਮਾਨ ਮੁਤਾਬਕ ਫ਼ਰੀਦਕੋਟ ਵਿੱਚ ਘੱਟੋ-ਘੱਟ ਤਾਪਮਾਨ 4.6 ਡਿਗਰੀ, ਲੁਧਿਆਣਾ ’ਚ 5.5 ਡਿਗਰੀ, ਪਟਿਆਲਾ ’ਚ 5.8 ਡਿਗਰੀ ਅਤੇ ਅੰਮ੍ਰਿਤਸਰ ਵਿੱਚ 6.5 ਡਿਗਰੀ ਸੈਲਸੀਅਸ ਰਿਹਾ। ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਧੁੰਦ ਅਤੇ ਠੰਢ ਤੋਂ ਬਚਾਅ ਲਈ ਸੁਝਾਅ ਵੀ ਜਾਰੀ ਕੀਤੇ ਗਏ ਹਨ। ਧੁੰਦ ਕਾਰਨ ਸੜਕਾਂ ’ਤੇ ਵਾਹਨ ਸਾਵਧਾਨੀ ਨਾਲ ਚਲਾਉਣ ਅਤੇ ਬਹੁਤ ਜ਼ਰੂਰੀ ਹਾਲਾਤ ਵਿੱਚ ਰਾਤ ਸਮੇਂ ਗੱਡੀ ਚਲਾਉਣ ਦੀ ਸਲਾਹ ਦਿੱਤੀ ਗਈ ਹੈ। ਇਸੇ ਤਰ੍ਹਾਂ ਡਾਕਟਰਾਂ ਨੇ ਧੁੰਦ ਵਿਚ ਸਵੇਰ ਦੀ ਸੈਰ ਤੋਂ ਪ੍ਰਹੇਜ਼ ਕਰਨ ਲਈ ਕਿਹਾ ਹੈ।