ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਵਿਚ ਝੋਨੇ ਦੀ ਅਗੇਤੀ ਸਰਕਾਰੀ ਖਰੀਦ ਅੱਜ ਤੋਂ ਸ਼ੁਰੂ ਹੋ ਗਈ ਹੈ ਜਿਸ ਮਗਰੋਂ ਮੰਡੀਆਂ ਵਿਚ ਫਸਲ ਦੀ ਆਮਦ ਤੇਜ਼ ਹੋਣ ਦੇ ਆਸਾਰ ਬਣ ਗਏ ਹਨ। ਕੇਂਦਰ ਸਰਕਾਰ ਨੇ ਕਿਸਾਨੀ ਰੋਹ ਠੰਢਾ ਕਰਨ ਲਈ ਇਸ ਵਾਰ ਝੋਨੇ ਦੀ ਸਰਕਾਰੀ ਖਰੀਦ ਪਹਿਲੀ ਅਕਤੂਬਰ ਦੀ ਬਜਾਏ 26 ਸਤੰਬਰ ਤੋਂ ਹੀ ਕਰਨ ਦਾ ਫ਼ੈਸਲਾ ਕੀਤਾ ਹੈ। ਪੰਜਾਬ ਸਰਕਾਰ ਨੇ ਝੋਨਾ ਖ਼ਰੀਦਣ ਦਾ ਅੱਜ ਤੋਂ ਆਗਾਜ਼ ਕਰ ਦਿੱਤਾ ਹੈ। ਖੇਤੀ ਕਾਨੂੰਨਾਂ ਕਰਕੇ ਪਹਿਲੀ ਦਫ਼ਾ ਹੈ ਕਿ ਫਸਲ ਦੀ ਖ਼ਰੀਦ ਦੇ ਮੌਕੇ ਬਿਪਤਾ ਭਰਿਆ ਦੌਰ ਹੈ।
ਵੇਰਵਿਆਂ ਅਨੁਸਾਰ ਸੂਬੇ ਵਿਚ ਅੱਜ ਪਹਿਲੇ ਦਿਨ 4296 ਕੁਇੰਟਲ ਝੋਨਾ ਖ਼ਰੀਦਿਆ ਗਿਆ ਜਿਸ ’ਚੋਂ ਭਾਰਤੀ ਖੁਰਾਕ ਨਿਗਮ ਨੇ ਸਿਰਫ਼ 11 ਕੁਇੰਟਲ ਝੋਨੇ ਦੀ ਅੰਮ੍ਰਿਤਸਰ ਵਿਚ ਖ਼ਰੀਦ ਕੀਤੀ ਹੈ। ਪ੍ਰਾਈਵੇਟ ਵਪਾਰੀਆਂ ਨੇ ਪਹਿਲੇ ਦਿਨ 3112 ਕੁਇੰਟਲ ਝੋਨਾ ਖ਼ਰੀਦਿਆ ਹੈ। ਪਹਿਲੇ ਦਿਨ ਅੰਮ੍ਰਿਤਸਰ, ਰੋਪੜ ਅਤੇ ਪਟਿਆਲਾ ਵਿਚ ਸਰਕਾਰੀ ਖਰੀਦ ਸ਼ੁਰੂ ਹੋਈ ਹੈ ਜਦੋਂ ਕਿ ਬਾਕੀ ਸੂਬੇ ਵਿਚ ਝੋਨੇ ਦੀ ਫਸਲ ਦੀ ਆਮਦ ਪੱਛੜ ਕੇ ਹੁੰਦੀ ਹੈ। ਪੰਜਾਬ ਮੰਡੀ ਬੋਰਡ ਵੱਲੋਂ ਕੋਵਿਡ ਕਰਕੇ ਇਸ ਵਾਰ 4035 ਖ਼ਰੀਦ ਕੇਂਦਰ ਬਣਾਏ ਗਏ ਹਨ, ਜਿੱਥੇ 30-30 ਫੁੱਟ ਦੇ ਖਾਨੇ ਬਣਾਏ ਗਏ ਹਨ। ਇਸ ਦੇ ਨਾਲ ਮਾਸਕ, ਹੱਥ ਧੋਣ ਲਈ ਸਾਬਣ ਅਤੇ ਸੈਨੇਟਾਈਜ਼ਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਝੋਨੇ ਦੀ ਫਸਲ ਨੂੰ ਵੇਚਣ ਸਮੇਂ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਅੱਜ ਰਾਜਪੁਰਾ ਮੰਡੀ ਵਿਚ ਝੋਨੇ ਦੀ ਖਰੀਦ ਸ਼ੁਰੂ ਕਰਵਾਈ।
ਪੰਜਾਬ ਸਰਕਾਰ ਤਰਫ਼ੋਂ ਰਾਜ ਭਰ ’ਚੋਂ 170 ਲੱਖ ਮੀਟਰਿਕ ਟਨ ਝੋਨੇ ਦੀ ਖਰੀਦ ਦੇ ਪ੍ਰਬੰਧ ਕੀਤੇ ਗਏ ਹਨ। ਵਜ਼ੀਰ ਆਸ਼ੂ ਨੇ ਦੱਸਿਆ ਕਿ ਝੋਨੇ ਦੀ ਖਰੀਦ ਲਈ ਬਾਰਦਾਣਾ ਅਤੇ ਟਰਾਂਸਪੋਰਟ ਦੇ ਇੰਤਜ਼ਾਮ ਕੀਤੇ ਗਏ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਕਿਸਾਨਾਂ ਦਾ ਦਾਣਾ-ਦਾਣਾ ਚੁੱਕਿਆ ਜਾਵੇਗਾ। ਆਸ਼ੂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਮਹਾਮਾਰੀ ਕਰਕੇ ਖੇਤਾਂ ’ਚ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਅਤੇ ਫਸਲ ਸੁਕਾ ਕੇ ਹੀ ਮੰਡੀਆਂ ’ਚ ਲਿਆਂਦੀ ਜਾਵੇ।
ਕਣਕ ਦੇ ਸੀਜ਼ਨ ਵਾਂਗ ਹੀ ਪਾਸ ਪ੍ਰਣਾਲੀ ਰਾਹੀਂ ਕਿਸਾਨ ਆਪਣੀ ਫ਼ਸਲ ਮੰਡੀਆਂ ’ਚ ਲਿਆ ਸਕਣਗੇ। ਵੱਖ-ਵੱਖ ਦਿਨਾਂ ਲਈ ਵੱਖ-ਵੱਖ ਰੰਗਾਂ ਦੇ ਪਾਸ ਆੜ੍ਹਤੀਆਂ ਤੋਂ ਪ੍ਰਾਪਤ ਕੀਤੇ ਜਾ ਸਕਣਗੇ। ਸ੍ਰੀ ਆਸ਼ੂ ਨੇ ਆੜ੍ਹਤੀਆਂ ਨੂੰ ਅਪੀਲ ਕੀਤੀ ਕਿ ਉਹ ਖਰੀਦੀ ਫਸਲ ਦੀ ਅਦਾਇਗੀ ਐੱਮਐੱਸਪੀ (1888 ਰੁਪਏ ਪ੍ਰਤੀ ਕੁਇੰਟਲ) ਦੇ ਹਿਸਾਬ ਨਾਲ ਕਿਸਾਨਾਂ ਦੇ ਖਾਤਿਆਂ ’ਚ ਤਬਦੀਲ ਕਰਦੇ ਰਹਿਣ। ਮੰਤਰੀ ਨੇ ਕਿਹਾ ਕਿ ਰਾਜ ਵਿੱਚ ਝੋਨੇ ਦੀ ਖਰੀਦ ਲਈ ਨਗਦ-ਕ੍ਰੈਡਿਟ ਸੀਮਾ (ਸੀਸੀਐੱਲ) ਵੀ ਇੱਕ-ਦੋ ਦਿਨਾਂ ’ਚ ਜਾਰੀ ਹੋ ਜਾਵੇਗੀ ਜਦੋਂ ਕਿ ਝੋਨੇ ਦੀ ਖਰੀਦੀ ਫਸਲ ਦੇ ਭੰਡਾਰਨ ਲਈ ਜਗ੍ਹਾ ਵੀ ਖਾਲੀ ਕਰਵਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਜੂਟ ਮਿੱਲਾਂ ਵੱਲੋਂ 66 ਫ਼ੀਸਦੀ ਨਵੀਆਂ ਗੱਠਾਂ ਸਪਲਾਈ ਕਰਨ ਕਰਕੇ ਸਰਕਾਰ ਨੇ ਮਿੱਲਰਜ਼ ਨੂੰ 70 ਫ਼ੀਸਦੀ ਬੈਗ ਲਗਾਉਣ ਲਈ ਕਿਹਾ ਹੈ। ਊਨ੍ਹਾਂ ਆੜ੍ਹਤੀਆ ਐਸੋਸੀਏਸ਼ਨ, ਸ਼ੈਲਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਅਤੇ ਵੱਖ-ਵੱਖ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ। ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਵਿਜੇ ਕਾਲੜਾ, ਖੁਰਾਕ ਅਤੇ ਸਿਵਲ ਸਪਲਾਈਜ਼ ਤੇ ਖਪਤਕਾਰ ਸੁਰੱਖਿਆ ਮਾਮਲੇ ਵਿਭਾਗ ਦੇ ਡਾਇਰੈਕਟਰ ਅਨਿੰਦਿਤਾ ਮਿੱਤਰਾ ਆਦਿ ਹਾਜ਼ਰ ਸਨ।