ਪੰਜਾਬ ’ਚ ਝੋਨੇ ਦੀ ਲੁਆਈ ਅੱਜ ਤੋਂ; ਕਿਸਾਨਾਂ ਸਾਹਮਣੇ ਲੇਬਰ ਦਾ ਵੱਡਾ ਸੰਕਟ

ਚੰਡੀਗੜ੍ਹ (ਸਮਾਜਵੀਕਲੀ): ਪੰਜਾਬ ਭਰ ਵਿੱਚ 10 ਜੂਨ ਤੋਂ ਸ਼ੁਰੂ ਹੋ ਰਹੀ ਝੋਨੇ ਦੀ ਰਸਮੀ ਲੁਆਈ ਲਈ ਕਿਸਾਨ ਖੇਤਾਂ ਵਿੱਚ ਜੁਟ ਗਏ ਹਨ। ਉਂਜ ਪਹਿਲੀ ਵਾਰ ਹੈ ਜਦੋਂ ਕਿਸਾਨਾਂ ਨੂੰ ਖੇਤਾਂ ਵਿੱਚ ਪਰਵਾਸੀ ਕਾਮਿਆਂ ਦੀ ਘਾਟ ਰੜਕੇਗੀ। ਐਤਕੀਂ ਕੋਵਿਡ ਸੰਕਟ ਕਰ ਕੇ ਕਿਸਾਨਾਂ ਸਾਹਮਣੇ ਲੇਬਰ ਦਾ ਵੱਡਾ ਸੰਕਟ ਹੈ।

ਹਾਲਾਂਕਿ ਝੋਨੇ ਦੀ ਸਿੱਧੀ ਬਿਜਾਈ ਨੇ ਵੱਡਾ ਧਰਵਾਸ ਬੰਨ੍ਹਿਆ ਹੈ, ਪਰ ਫਿਰ ਵੀ ਭਲਕ ਤੋਂ ਖੇਤਾਂ ਵਿੱਚ ਲੁਆਈ ਇਕਦਮ ਜ਼ੋਰ ਫੜ੍ਹੇਗੀ। ਉਂਜ, ਪੰਜਾਬ ਵਿਚ ਝੋਨੇ ਦੀ ਲੁਆਈ ਦਾ ਕੰਮ ਹਫਤੇ ਭਰ ਤੋਂ ਚੱਲ ਰਿਹਾ ਹੈ। ਖੇਤੀ ਮਹਿਕਮਾ ਵੀ ਲੇਬਰ ਸੰਕਟ ਦੇ ਮੱਦੇਨਜ਼ਰ ਸਮੇਂ ਤੋਂ ਪਹਿਲਾਂ ਲੁਆਈ ਠੱਲਣ ਪ੍ਰਤੀ ਨਰਮ ਰਿਹਾ ਹੈ।

ਖੇਤੀ ਮਹਿਕਮੇ ਵੱਲੋਂ ਐਤਕੀਂ 27 ਲੱਖ ਹੈਕਟੇਅਰ ਰਕਬੇ ’ਚ ਝੋਨੇ ਦੀ ਬਿਜਾਂਦ ਦਾ ਟੀਚਾ ਰੱਖਿਆ ਗਿਆ ਹੈ, ਜਿਸ ’ਚੋਂ ਕਰੀਬ ਸੱਤ ਲੱਖ ਹੈਕਟੇਅਰ ਰਕਬਾ ਬਾਸਮਤੀ ਹੇਠ ਆਉਣ ਦਾ ਅੰਦਾਜ਼ਾ ਹੈ। ਲੇਬਰ ਸੰਕਟ ਦੇ ਡਰੋਂ ਕਿਸਾਨਾਂ ਨੇ ਐਤਕੀਂ ਸਿੱਧੀ ਬਿਜਾਈ ਨੂੰ ਤਰਜੀਹ ਦਿੱਤੀ ਹੈ ਅਤੇ ਹੁਣ ਤੱਕ ਕਰੀਬ 5 ਲੱਖ ਏਕੜ ਰਕਬੇ ਵਿਚ ਝੋਨੇ ਦੀ ਸਿੱਧੀ ਬਿਜਾਂਦ ਹੋ ਚੁੱਕੀ ਹੈ, ਜੋ ਪਿਛਲੇ ਸਾਲ ਸਿਰਫ਼ 60 ਹਜ਼ਾਰ ਹੈਕਟੇਅਰ ਹੀ ਸੀ।

ਵੇਰਵਿਆਂ ਅਨੁਸਾਰ ਪੰਜਾਬ ਵਿੱਚ 10 ਜੂਨ ਤੋਂ ਪਹਿਲਾਂ ਹੀ ਕਰੀਬ 10 ਤੋਂ 15 ਫੀਸਦੀ ਝੋਨਾ ਲਾਇਆ ਜਾ ਚੁੱਕਾ ਹੈ। ਪੰਜਾਬ ਸਰਕਾਰ ਨੇ ਸਮੇਂ ਤੋਂ ਪਹਿਲਾਂ ਲੁਆਈ ਰੋਕਣ ਨੂੰ ਐਤਕੀਂ ਵਕਾਰ ਦਾ ਸੁਆਲ ਨਹੀਂ ਬਣਾਇਆ, ਪਰ ਇੱਕਾ-ਦੁੱਕਾ ਘਟਨਾਵਾਂ ਜ਼ਰੂਰ ਵਾਪਰੀਆਂ ਹਨ। ਲੁਧਿਆਣਾ ਦੇ ਬਲਾਕ ਦੋਰਾਹਾ ਦੇ ਇੱਕ ਪਿੰਡ ਵਿਚ ਅਗਾਊਂ ਲੁਆਈ ਰੋਕਣ ਗਏ ਖੇਤੀ ਵਿਕਾਸ ਅਫਸਰ ’ਤੇ ਕਿਸਾਨਾਂ ਨੇ ਹਮਲਾ ਕਰ ਦਿੱਤਾ।

ਇਸ ਮਾਮਲੇ ਵਿੱਚ ਕਿਸਾਨਾਂ ਖ਼ਿਲਾਫ਼ ਕੇਸ ਵੀ ਦਰਜ ਹੋਇਆ ਹੈ। ਬਰਨਾਲਾ ਦੇ ਪਿੰਡ ਸਹਿਜੜਾ ਵਿਚ ਵੀ ਖੇਤੀ ਅਫਸਰਾਂ ਦਾ ਕਿਸਾਨਾਂ ਨੇ ਘਿਰਾਓ ਕਰ ਲਿਆ ਸੀ। ਭਾਰਤੀ ਕਿਸਾਨ ਯੂਨੀਅਨ (ਕਰਾਂਤੀਕਾਰੀ) ਨੇ ਤਾਂ ਫੂਲ ਬਲਾਕ ਦੇ ਪਿੰਡਾਂ ਵਿਚ ਅਗਾਊਂ ਲੁਆਈ ਗੱਜ ਵੱਜ ਕੇ ਕੀਤੀ ਹੈ। ਸੇਮ ਪ੍ਰਭਾਵਿਤ ਪਿੰਡਾਂ ਵਿਚ ਸੱਠਾ ਝੋਨਾ ਮਹੀਨਾ ਪਹਿਲਾਂ ਲੱਗ ਚੁੱਕਾ ਹੈ।

ਮੁਕਤਸਰ ਦੇ ਪਿੰਡ ਦੋਦਾ ਦੇ ਕਿਸਾਨ ਜਗਮੀਤ ਸਿੰਘ ਨੇ ਦੱਸਿਆ ਕਿ ਸੱਠਾ ਝੋਨਾ ਤਾਂ ਨਿੱਸਰ ਵੀ ਚੁੱਕਾ ਹੈ ਅਤੇ ਦੂਸਰੇ ਝੋਨੇ ਦੀ ਵੀ ਕਰੀਬ 20 ਫੀਸਦੀ ਲੁਆਈ ਹੋ ਚੁੱਕੀ ਹੈ। ਉਧਰ ਨਹਿਰੀ ਮਹਿਕਮੇ ਨੇ ਨਹਿਰਾਂ ਵਿਚ ਪਾਣੀ ਛੱਡ ਦਿੱਤਾ ਹੈ। ਕੋਟਲਾ ਬਰਾਂਚ ਦੀ ਟੇਲ ਤੱਕ ਹਾਲੇ ਪਾਣੀ ਪੁੱਜਾ ਨਹੀਂ ਹੈ।

ਇਸ ਦੌਰਾਨ ਖੇਤੀ ਮਹਿਕਮੇ ਦੇ ਸਕੱਤਰ ਕਾਹਨ ਸਿੰਘ ਪੰਨੂ ਨੇ ਕਿਹਾ ਕਿ ਸਿੱਧੀ ਬਿਜਾਈ ਹੇਠ ਕਰੀਬ 5 ਲੱਖ ਏਕੜ ਰਕਬਾ ਆ ਗਿਆ ਹੈ ਜਿਸ ਕਰਕੇ ਕਿਸਾਨਾਂ ਨੇ ਸਮੇਂ ਤੋਂ ਪਹਿਲਾਂ ਲੁਆਈ ਵਿੱਚ ਦਿਲਚਸਪੀ ਨਹੀਂ ਵਿਖਾਈ। ਉਨ੍ਹਾਂ ਦੱਸਿਆ ਕਿ ਬਿਜਲੀ ਪਾਣੀ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਝੋਨੇ ਦੀ ਲੁਆਈ ਦਾ ਕੰਮ 30 ਜੁਲਾਈ ਤੱਕ ਨਿੱਬੜ ਜਾਵੇਗਾ।

Previous article3rd phase of SAUNI scheme to be completed by 2021 to fill Saurashtra dams
Next articleਹਜ਼ਾਰਾਂ ਲੋਕਾਂ ਵੱਲੋਂ ਜੌਰਜ ਫਲਾਇਡ ਨੂੰ ਸ਼ਰਧਾਂਜਲੀ