ਨਵੀਂ ਦਿੱਲੀ (ਸਮਾਜ ਵੀਕਲੀ) : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਦੁਖਾਂਤ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੁਣ ਤਕ 86 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਸ੍ਰੀ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਪੰਜਾਬ ਪੁਲੀਸ ਨੇ ਕੁੱਝ ਮਹੀਨਿਆਂ ਵਿੱਚ ਨਾਜਾਇਜ਼ ਸ਼ਰਾਬ ਨਾਲ ਸਬੰਧਤ ਕਿਸੇ ਵੀ ਕੇਸ ਨੂੰ ਹੱਲ ਨਹੀਂ ਕੀਤਾ। ਵਰਨਣਯੋਗ ਹੈ ਕਿ ਸ੍ਰੀ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਪੰਜਾਬ ਵਿੱਚ ਮੁੱਖ ਵਿਰੋਧੀ ਧਿਰ ਹੈ। ਦਿੱਲੀ ਦੇ ਮੁੱਖ ਮੰਤਰੀ ਨੇ ਟਵੀਟ ਕੀਤਾ,‘ਮੈਂ ਪੰਜਾਬ ਵਿਚ ਨਜਾਇਜ਼ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਤੋਂ ਦੁਖੀ ਹਾਂ।
ਰਾਜ ਸਰਕਾਰ ਨੂੰ ਅਜਿਹੇ ਮਾਫੀਆ ਨੂੰ ਰੋਕਣ ਲਈ ਤੁਰੰਤ ਕਦਮ ਚੁੱਕਣ ਦੀ ਲੋੜ ਹੈ। ਇਹ ਮਾਮਲਾ ਤੁਰੰਤ ਸੀਬੀਆਈ ਨੂੰ ਸੌਂਪਿਆ ਜਾਣਾ ਚਾਹੀਦਾ ਹੈ ਕਿਉਂਕਿ ਸਥਾਨਕ ਪੁਲੀਸ ਨੇ ਕੁੱਝ ਮਹੀਨਿਆਂ ਤੋਂ ਕਿਸੇ ਵੀ ਗੈਰਕਾਨੂੰਨੀ ਸ਼ਰਾਬ ਦੇ ਕੇਸ ਨੂੰ ਹੱਲ ਨਹੀਂ ਕੀਤਾ ਹੈ।’