ਚੰਡੀਗੜ੍ਹ (ਸਮਾਜ ਵੀਕਲੀ) : ਪੰਜਾਬ ਵਿੱਚ ਕੋਵਿਡ ਕੇਸ ਤੇ ਇਸ ਨਾਲ ਸਬੰਧਤ ਮੌਤਾਂ ਦੀ ਗਿਣਤੀ ਵਧਣ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਵਿੱਚ ਪਾਬੰਦੀਆਂ ਦੀ ਮਿਆਦ 10 ਅਪਰੈਲ ਤੱਕ ਵਧਾ ਦਿੱਤੀ ਹੈ। ਪਹਿਲਾਂ ਇਹ ਪਾਬੰਦੀਆਂ 31 ਮਾਰਚ ਤੱਕ ਸਨ। ਇਸ ਦੇ ਨਾਲ ਸਰਕਾਰ ਨੇ ਸਿਹਤ ਵਿਭਾਗ ਨੂੰ ਟੀਕਾਕਰਨ ਦੀ ਰਫ਼ਤਾਰ ਤੇਜ਼ ਤੇ ਵਿਆਪਕ ਕਰਨ ਦਾ ਹੁਕਮ ਦਿੱਤਾ ਹੈ।
ਮੁੱਖ ਸਕੱਤਰ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਹਾਲਾਤ ਦੀ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਾਬੰਦੀਆਂ ਦੀ ਮਿਆਦ ਹੁਣ 10 ਅਪਰੈਲ ਤੱਕ ਵਧਾ ਦਿੱਤੀ ਗਈ ਹੈ। ਉਨ੍ਹਾਂ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਕਿਹਾ ਕਿ ਭੀੜ ਭੜੱਕੇ ਵਾਲੀਆਂ ਥਾਵਾਂ ’ਤੇ ਕਰੋਨਾ ਟੈਸਟ ਤੇ ਟੀਕਾਕਰਨ ਤੇਜ਼ ਤੇ ਵਿਆਪਕ ਕੀਤਾ ਜਾਵੇ। ਉਨ੍ਹਾਂ ਸਿਵਲ ਸਰਜਨਾਂ ਤੇ ਡੀਸੀਜ਼ ਨੂੰ ਕਿਹਾ ਕਿ ਉਹ ਅਜਿਹੀਆਂ ਥਾਵਾਂ ਦੀ ਪਛਾਣ ਕਰਨ ਜਿਥੇ ਮੋਬਾਈਲ ਟੀਕਾਕਰਨ ਕੇਂਦਰ ਸਥਾਪਤ ਕੀਤੇ ਜਾ ਸਕਣ।