ਪੰਜਾਬ ’ਚ ਕਿਸਾਨਾਂ ਦਾ ਪਾਰਾ ਚੜ੍ਹਿਆ

ਜੰਡਿਆਲਾ ਗੁਰੂ (ਸਮਾਜ ਵੀਕਲੀ): ਦੇਵੀਦਾਸਪੁਰਾ ਰੇਲ ਮਾਰਗ ਉੱਪਰ ਚੱਲ ਰਿਹਾ ਰੇਲ ਰੋਕੋ ਅੰਦੋਲਨ 21ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਜਥੇਬੰਦੀ ਵੱਲੋਂ ਇਹ ਅੰਦੋਲਨ 17 ਅਕਤੂਬਰ ਤੱਕ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਬਾਰੇ ਗੱਲਬਾਤ ਕਰਦਿਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਅੰਦੋਲਨ ਨੂੰ 17 ਤੱਕ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਮੁੰਬਈ ਵਿਚ ਬਿਆਨ ਦਿੱਤਾ ਕਿ ਉਨ੍ਹਾਂ ਕਿਸਾਨ ਨੂੰ ਅੰਨਦਾਤਾ ਤੋਂ ਉੱਦਮੀ ਬਣਾਇਆ ਹੈ, ਪਰ ਕਿਸਾਨ ਤਾਂ ਉਦਮੀ ਪਹਿਲਾਂ ਹੀ ਸੀ ਉਲਟਾ ਭਾਜਪਾ ਨੇ ਕਿਸਾਨਾਂ ਨੂੰ ਮੰਗਤਾ ਬਣਾ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਜੇ ਕਿਸਾਨ ਉੱਦਮੀ ਸੀ ਤਾਂ ਹੀ ਸਰਕਾਰ ਦੇ ਗੁਦਾਮ ਅਨਾਜ ਨਾਲ ਭਰ ਦਿੱਤੇ।

ਕਿਸਾਨ ਆਗੂਆਂ ਸੁਖਵਿੰਦਰ ਸਿੰਘ ਸਭਰਾ ਤੇ ਗੁਰਬਚਨ ਸਿੰਘ ਚੱਬਾ ਨੇ ਪ੍ਰਧਾਨ ਮੰਤਰੀ ਨੂੰ ਇਹ ਸਵਾਲ ਕੀਤਾ ਕਿ ਕਿਸਾਨ ਉਦਮੀ ਹੋਣ ਦੇ ਬਾਵਜੂਦ ਕਰਜ਼ਾਈ ਕਿਉਂ ਹੈ। ਉਨ੍ਹਾਂ ਕਿਹਾ ਕਿ ਜਿਣਸ ਦੇ ਭਾਅ ਨਾ ਮਿਲਣ ਕਾਰਨ ਹਰ ਰੋਜ਼ 50 ਕਰਜ਼ਾਈ ਕਿਸਾਨ ਖ਼ੁਦਕੁਸ਼ੀ ਕਰ ਰਹੇ ਹਨ। ਆਗੂਆਂ ਕਿਹਾ ਕਿ ਪ੍ਰਧਾਨ ਮੰਤਰੀ ਬਿਆਨ ਦੇ ਰਹੇ ਹਨ ਕਿ ਇਹ ਕਾਨੂੰਨਾਂ ਵਾਲਾ ਇਤਿਹਾਸਕ ਫ਼ੈਸਲਾ ਕੀਤਾ ਗਿਆ ਹੈ। ਪਹਿਲੀ ਵਾਰ ਅੰਨਦਾਤਾ ਦੀ ਆਮਦਨ ਵਧਾਉਣ ਦਾ ਫ਼ੈਸਲਾ ਕੀਤਾ ਹੈ, ਪਰ ਦੇਸ਼ ਸਾਹਮਣੇ ਉਹ ਸਹੀ ਤੱਥ ਪੇਸ਼ ਨਹੀਂ ਕਰ ਰਹੇ। ਉਨ੍ਹਾਂ ਕੋਲ ਆਮਦਨ ਵਧਾਉਣ ਦਾ ਕੋਈ ਰੋਡ ਮੈਪ ਨਹੀਂ ਹੈ। ਉਨ੍ਹਾਂ ਕਿਹਾ ਕਿ ਖੇਤੀ ਦੇ ਲਾਗਤ ਖ਼ਰਚੇ ਵਧ ਰਹੇ ਹਨ ਤੇ ਆਮਦਨ ਘਟ ਰਹੀ ਹੈ। ਖਾਦਾਂ ਉੱਤੇ ਸਬਸਿਡੀਆਂ ਵਾਪਸ ਕਰਨ ਲਈ ਭਾਰਤ ਸਰਕਾਰ ਨੇ 1.17 ਲੱਖ ਕਰੋੜ ਦੀ ਬਾਕੀ ਰਹਿੰਦੀ ਸਬਸਿਡੀ ਚਾਰ ਸਾਲਾਂ ਵਿਚ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ ਜੋ ਪ੍ਰਧਾਨ ਮੰਤਰੀ ਦਾ ਦਾਅਵਾ ਤੱਥਾਂ ’ਤੇ ਆਧਾਰਿਤ ਨਹੀਂ ਹੈ।

ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਦਾਅਵਿਆਂ ਤੋਂ ਉਲਟ ਇਹ ਇਤਿਹਾਸ ਵਿਚ ਖੇਤੀ ਖੇਤਰ ਨੂੰ ਉਜਾੜਨ ਵਾਲਾ ਫ਼ੈਸਲਾ ਹੈ ਕਿਉਂਕਿ ਖੇਤੀ ਉਪਜ ਦੇ ਕੁਦਰਤੀ ਸਾਧਨਾਂ ਉੱਪਰ ਪੂੰਜੀਪਤੀਆਂ ਦਾ ਕਬਜ਼ਾ ਕਰਵਾ ਕੇ ਮੰਡੀ ਕਾਰਪੋਰੇਟ ਦੇ ਹਵਾਲੇ ਕੀਤੀ ਜਾਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਲੋਂ ਕੇਂਦਰ ਨਾਲ ਮੀਟਿੰਗ ਵਿੱਚ ਨਾ ਜਾਣ ਦਾ ਫ਼ੈਸਲਾ ਪਹਿਲਾਂ ਹੀ ਕਾਰਨ ਦੱਸ ਕੇ ਰੱਦ ਕਰ ਦਿੱਤਾ ਹੈ। ਇਕ ਪਾਸੇ ਮੀਟਿੰਗ ਕਰਨ ਲਈ ਕੇਂਦਰ ਪੰਜਾਬ ਤੋਂ ਵਫ਼ਦ ਸੱਦ ਰਿਹਾ ਹੈ ਪਰ ਦੂਜੇ ਪਾਸੇ ਮਹਾਰਾਸ਼ਟਰ ਵਿੱਚ ਪ੍ਰਧਾਨ ਮੰਤਰੀ ਵੱਲੋਂ ਬਿਆਨ ਦੇਣੇ ਵੀ ਵੱਡਾ ਅੜਿੱਕਾ ਬਣ ਰਹੇ ਹਨ।

Previous articleਭਾਜਪਾ ਨੇ ਕਿਸਾਨਾਂ ਦੀ ਪਿੱਠ ’ਚ ਛੁਰਾ ਮਾਰਿਆ: ਸੁਖਬੀਰ
Next articleਕੇਂਦਰੀ ਮੰਤਰੀਆਂ ਦੀ ਗ਼ੈਰਹਾਜ਼ਰੀ ਸੁਮੱਚੇ ਪੰਜਾਬ ਦਾ ਅਪਮਾਨ ਕਰਾਰ