ਚੰਡੀਗੜ੍ਹ (ਸਮਾਜਵੀਕਲੀ): ਪੰਜਾਬ ਵਿੱਚ ਲੰਘੇ ਇੱਕ ਦਿਨ ਅੰਦਰ ਕਰੋਨਾ ਦੇ 38 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸੂਬੇ ’ਚ ਕਰੋਨਾ ਪੀੜਤਾਂ ਦੀ ਗਿਣਤੀ 2301 ਹੋ ਗਈ ਹੈ। ਸੂਬੇ ਦੇ ਜ਼ਿਲ੍ਹਾ ਅੰਮ੍ਰਿਤਸਰ ’ਚ 9, ਹੁਸ਼ਿਆਰਪੁਰ ਵਿੱਚ 8, ਫਤਹਿਗੜ੍ਹ ਸਾਹਿਬ ਵਿੱਚ 5, ਲੁਧਿਆਣਾ ਵਿੱਚ 4, ਪਟਿਆਲਾ ਵਿੱਚ 4, ਮੁਹਾਲੀ ਵਿੱਚ 2, ਬਠਿੰਡਾ ਵਿੱਚ 2, ਗੁਰਦਾਸਪੁਰ, ਜਲੰਧਰ, ਪਠਾਨਕੋਟ ਅਤੇ ਨਵਾਂਸ਼ਹਿਰ ਵਿੱਚ 1-1 ਮਰੀਜ਼ ਸਾਹਮਣੇ ਆਇਆ ਹੈ।
ਪਟਿਆਲਾ ਵਿੱਚ ਵਿਦੇਸ਼ ਤੋਂ ਆਏ ਵਿਅਕਤੀ ਲਾਗ ਦਾ ਸ਼ਿਕਾਰ ਹੋਏ ਹਨ। ਇਸ ਜ਼ਿਲ੍ਹੇ ਵਿੱਚ ਇੱਕ ਆਸ਼ਾ ਵਰਕਰ ਵੀ ਵਾਇਰਸ ਦੀ ਲਪੇਟ ਵਿੱਚ ਆਈ ਹੈ। ਸਿਹਤ ਵਿਭਾਗ ਵੱਲੋਂ ਜਾਰੀ ਬੁਲੇਟਿਨ ਵਿੱਚ ਅੱਜ ਕਰੋਨਾ ਕਾਰਨ ਹੋਈਆਂ ਮੌਤਾਂ ਦੀ ਗਿਣਤੀ 45 ਤੋਂ ਘਟਾ ਕੇ 44 ਦੱਸੀ ਗਈ ਹੈ। ਵਿਭਾਗ ਦਾ ਕਹਿਣਾ ਹੈ ਕਿ ਇੱਕ ਮੌਤ ਦੀ ਗਿਣਤੀ ਦੋ ਵਾਰੀ ਹੋਣ ਕਾਰਨ ਗਿਣਤੀ ਵਧਾ ਕੇ ਦੱਸੀ ਗਈ ਸੀ।
ਉਂਜ ਅੱਜ ਪਹਿਲੀ ਵਾਰੀ ਸਿਹਤ ਵਿਭਾਗ ਨੇ 5 ਪੀੜਤਾਂ ਦੇ ਗੰਭੀਰ ਹੋਣ ਦੀ ਗੱਲ ਕਹੀ ਹੈ। ਸੂਬੇ ਵਿੱਚ ਅੱਜ ਤੱਕ 91 ਹਜ਼ਾਰ 113 ਨਮੂਨੇ ਲਏ ਜਾ ਚੁੱਕੇ ਹਨ। ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਕਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ ਤੇ ਜ਼ਿਲ੍ਹੇ ਵਿੱਚ ਕੁੱਲ 386 ਕੇਸ ਹੋ ਗਏ ਹਨ।
ਪੰਜਾਬ ਲਈ ਰਾਹਤ ਵਾਲੀ ਖ਼ਬਰ ਇਹ ਵੀ ਹੈ ਕਿ ਕੁੱਲ ਸਾਹਮਣੇ ਆਏ 2301 ਮਾਮਲਿਆਂ ਵਿੱਚੋਂ 2 ਹਜ਼ਾਰ ਵਿਅਕਤੀ ਠੀਕ ਵੀ ਹੋਏ ਹਨ ਤੇ 13 ਵਿਅਕਤੀਆਂ ਨੂੰ ਅੱਜ ਹੀ ਘਰ ਭੇਜਿਆ ਗਿਆ ਹੈ। ਇਸ ਸਮੇਂ 257 ਵਿਅਕਤੀ ਇਲਾਜ ਅਧੀਨ ਹਨ। ਸਿਹਤ ਵਿਭਾਗ ਵੱਲੋਂ 2 ਹਜ਼ਾਰ ਤੋਂ ਵੱਧ ਵਿਅਕਤੀਆਂ ਨੂੰ ਘਰਾਂ ਜਾਂ ਇਕਾਂਤਵਾਸ ਕੇਂਦਰਾਂ ਵਿੱਚ ਵੀ ਇਕਾਂਤਵਾਸ ਕੀਤਾ ਗਿਆ ਹੈ।