ਚੰਡੀਗੜ੍ਹ (ਸਮਾਜਵੀਕਲੀ) – ਪੰਜਾਬ ਦੇ ਜਲੰਧਰ, ਤਰਨ ਤਾਰਨ, ਮੁਹਾਲੀ ਤੇ ਹੁਸ਼ਿਆਰਪੁਰ ਜ਼ਿਲ੍ਹੇ ’ਚ ਕਰੋਨਾ ਵਾਇਰਸ ਦੇ ਨਵੇਂ ਕੇਸ ਸਾਹਮਣੇ ਆਉਣ ਨਾਲ ਸੂਬੇ ਵਿੱਚ ਮਰੀਜ਼ਾਂ ਦੀ ਗਿਣਤੀ 342 ਤੱਕ ਪਹੁੰਚ ਗਈ ਹੈ। ਜਲੰਧਰ ਵਿੱਚ ਪਿਛਲੇ 24 ਘੰਟਿਆਂ ਦੌਰਾਨ 7 ਨਵੇਂ ਮਰੀਜ਼ ਆਉਣ ਕਾਰਨ ਇਸ ਜ਼ਿਲ੍ਹੇ ਵਿੱਚ ਮਰੀਜ਼ਾਂ ਦੀ ਗਿਣਤੀ 85 ਹੋ ਗਈ ਹੈ।
ਅੱਜ ਜਲੰਧਰ ਤੋਂ ਇਲਾਵਾ ਮੁਹਾਲੀ ਵਿੱਚ 2, ਹੁਸ਼ਿਆਰਪੁਰ ’ਚ 1 ਤੇ ਤਰਨ ਤਾਰਨ ਵਿੱਚ 2 ਹੋਰ ਮਰੀਜ਼ ਸਾਹਮਣੇ ਆਏ ਹਨ। ਜਲੰਧਰ ਨਾਲ ਸਬੰਧਤ ਸਾਰੇ ਮਾਮਲੇ ਪਹਿਲਾਂ ਤੋਂ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਕਾਰਨ ਹੀ ਸਾਹਮਣੇ ਆਏ ਹਨ। ਤਰਨ ਤਾਰਨ, ਕਪੂਰਥਲਾ ਅਤੇ ਹੁਸ਼ਿਆਰਪੁਰ ’ਚ ਜਿਹੜੇ ਮਰੀਜ਼ ਪਿਛਲੇ ਦੋ ਦਿਨਾਂ ਦੌਰਾਨ ਸਾਹਮਣੇ ਆਏ ਹਨ ਉਹ ਹਜ਼ੂਰ ਸਾਹਿਬ ਤੋਂ ਵਾਪਸ ਆਏ ਹਨ।
ਸਿਹਤ ਵਿਭਾਗ ਵੱਲੋਂ ਹਜ਼ੂਰ ਸਾਹਿਬ ਤੇ ਹੋਰਨਾਂ ਸੂਬਿਆਂ ਤੋਂ ਪੰਜਾਬ ਆਉਣ ਵਾਲੇ ਵਿਅਕਤੀਆਂ ਨੂੰ ਸਰਕਾਰ ਦੀਆਂ ਹਦਾਇਤਾਂ ’ਤੇ 21 ਦਿਨ ਦਾ ਏਕਾਂਤਵਾਸ ਰੱਖਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਮੁਢਲੇ ਲੱਛਣਾਂ ਵਾਲਿਆਂ ਦੇ ਨਮੂਨੇ ਲਏ ਜਾ ਰਹੇ ਹਨ। ਪੰਜਾਬ ਵਿੱਚ ਕਈ ਦਿਨਾਂ ਦੀ ਰਾਹਤ ਤੋਂ ਬਾਅਦ ਅੱਜ ਮੁਹਾਲੀ ਜਿਲ੍ਹੇ ਵਿੱਚ ਕਰੋਨਾਵਾਇਰਸ ਤੋਂ ਪੀੜਤ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹੇ ਵਿੱਚ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 65 ਤੱਕ ਪਹੁੰਚ ਗਈ ਹੈ। ਕਰੋਨਾਵਾਇਰਸ ਕਾਰਨ ਹੁਣ ਤੱਕ ਇੱਕ 6 ਸਾਲਾ ਬੱਚੀ ਸਮੇਤ 19 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
ਹੁਣ ਤੱਕ ਕੁੱਲ 104 ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਨਵਾਂ ਸ਼ਹਿਰ ਤੋਂ ਬਾਅਦ ਮੋਗਾ, ਰੋਪੜ, ਬਰਨਾਲਾ, ਫਤਹਿਗੜ੍ਹ ਸਾਹਿਬ ਅਤੇ ਗੁਰਦਾਸਪੁਰ ਜ਼ਿਲ੍ਹੇ ਅਜਿਹੇ ਹਨ ਜਿੱਥੇ ਕੋਈ ਨਵਾਂ ਮਰੀਜ਼ ਸਾਹਮਣੇ ਨਹੀਂ ਆਇਆ ਤੇ ਇਲਾਜ਼ ਅਧੀਨ ਵੀ ਕੋਈ ਨਹੀਂ ਹੈ। ਫਤਹਿਗੜ੍ਹ ਸਾਹਿਬ, ਬਰਨਾਲ, ਰੋਪੜ, ਗੁਰਦਾਸਪੁਰ ਅਤੇ ਮੋਗਾ ਦੇ ਸਾਰੇ ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।