ਚੰਡੀਗੜ੍ਹ (ਸਮਾਜਵੀਕਲੀ) : ਪੰਜਾਬ ਵਿਚ ਕਰੋਨਾਵਾਇਰਸ ਨਾਲ ਲੁਧਿਆਣਾ, ਸੰਗਰੂਰ ਅਤੇ ਮੁਕਤਸਰ ਵਿਚ ਅੱਜ 5 ਵਿਅਕਤੀਆਂ ਦੀ ਮੌਤ ਹੋ ਗਈ। ਲੁਧਿਆਣਾ ਵਿੱਚ 3 ਅਤੇ ਹੋਰਨਾਂ ਜ਼ਿਲ੍ਹਿਆਂ ਵਿਚ ਇੱਕ-ਇੱਕ ਵਿਅਕਤੀ ਮਹਾਮਾਰੀ ਦੀ ਭੇਟ ਚੜ੍ਹਿਆ ਹੈ। ਸੂਬੇ ਵਿੱਚ ਹੁਣ ਤੱਕ ਵਾਇਰਸ ਨਾਲ 169 ਮੌਤਾਂ ਹੋ ਚੁੱਕੀਆਂ ਹਨ। ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਪਿਛਲੇ 24 ਘੰਟਿਆਂ ਦੌਰਾਨ 208 ਸੱਜਰੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਵੀ 6491 ਤੱਕ ਪਹੁੰਚ ਗਈ ਹੈ।
ਪੰਜਾਬ ਦੇ 5 ਜ਼ਿਲ੍ਹਿਆਂ ਸੰਗਰੂਰ, ਜਲੰਧਰ, ਲੁਧਿਆਣਾ, ਗੁਰਦਾਸਪੁਰ ਅਤੇ ਮੁਹਾਲੀ ਦੇ ਕੁੱਝ ਖੇਤਰਾਂ ’ਚ ਵਾਇਰਸ ਦੀ ਲਾਗ ਦੇ ਜ਼ਿਆਦਾ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹਿਆਂ ਦੇ 20 ਖੇਤਰਾਂ ਜਿਨ੍ਹਾਂ ਵਿੱਚ ਮੁਹੱਲੇ, ਵਾਰਡ ਅਤੇ ਪਿੰਡ ਸ਼ਾਮਲ ਹਨ ਨੂੰ ‘ਕੰਟੇਨਮੈਂਟ ਜ਼ੋਨ’ ਐਲਾਨ ਦਿੱਤਾ ਗਿਆ ਹੈ।
ਸਭ ਤੋਂ ਵੱਧ ਜਲੰਧਰ ਵਿੱਚ 84, ਲੁਧਿਆਣਾ ਵਿੱਚ 25, ਪਟਿਆਲਾ ਵਿੱਚ 19, ਮੁਹਾਲੀ ਵਿੱਚ 15, ਗੁਰਦਾਸਪੁਰ ਵਿੱਚ 12, ਅੰਮ੍ਰਿਤਸਰ ਵਿੱਚ 11, ਸੰਗਰੂਰ ਵਿੱਚ 9, ਫਰੀਦਕੋਟ ਵਿੱਚ 7, ਮੁਕਤਸਰ ਵਿੱਚ 6, ਕਪੂਰਥਲਾ ਅਤੇ ਬਠਿੰਡਾ ਵਿੱਚ 5-5, ਪਟਿਆਲਾ, ਫਤਿਹਗੜ੍ਹ ਸਾਹਿਬ ਵਿੱਚ 4, ਪਠਾਨਕੋਟ ਵਿੱਚ 3, ਨਵਾਂਸ਼ਹਿਰ, ਮਾਨਸਾ ਅਤੇ ਫਿਰੋਜ਼ਪੁਰ ਵਿੱਚ 1-1 ਨਵੇਂ ਮਾਮਲਾ ਸਾਹਮਣੇ ਆਇਆ ਹੈ। ਪਿਛਲੇ 24 ਘੰਟਿਆਂ ਦੌਰਾਨ 86 ਵਿਅਕਤੀ ਸਿਹਤਯਾਬ ਵੀ ਹੋਏ ਹਨ ਤੇ ਹੁਣ ਤੱਕ 4494 ਵਿਅਕਤੀ ਕਰੋਨਾ ਤੋਂ ਉੱਭਰੇ ਹਨ।