ਚੰਡੀਗੜ੍ਹ (ਸਮਾਜਵੀਕਲੀ) – ਪੰਜਾਬ ਵਿੱਚ ਕਰੋਨਾਵਾਇਰਸ ਨਾਲ ਅੱਜ ਲੁਧਿਆਣਾ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਦੋ ਹੋਰ ਵਿਅਕਤੀਆਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 31 ਹੋ ਗਈ ਹੈ। ਸੂਬੇ ਵਿੱਚ ਇਸ ਖਤਰਨਾਕ ਵਾਇਰਸ ਦੀ ਲਪੇਟ ਵਿੱਚ ਆਉਣ ਵਾਲੇ ਵਿਅਕਤੀਆਂ ਦੀ ਪਿਛਲੇ ਅੱਠਾਂ ਕੁ ਦਿਨਾਂ ਤੋਂ ਲਗਾਤਾਰ ਮੌਤ ਹੋ ਰਹੀ ਹੈ। ਪਿਛਲੇ ਦਿਨਾਂ ਦੌਰਾਨ ਕੁੱਲ 11 ਵਿਅਕਤੀਆਂ ਨੇ ਕਰੋਨਾ ਨਾਲ ਲੜਦਿਆਂ ਜ਼ਿੰਦਗੀ ਗੁਆ ਦਿੱਤੀ ਹੈ। ਉਧਰ ਚੰਡੀਗੜ੍ਹ ’ਚ 21 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕਰੋਨਾ ਪੀੜਤਾਂ ਦੀ ਗਿਣਤੀ ਵਧ ਕੇ 169 ਹੋ ਗਈ ਹੈ।
ਸੂਬੇ ’ਚ ਪਿਛਲੇ 10 ਦਿਨਾਂ ਦੌਰਾਨ ਹੀ ਕਰੋਨਾ ਦੇ 1500 ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਹਨ। ਸਿਹਤ ਵਿਭਾਗ ਮੁਤਾਬਕ ਅੱਜ ਇਸ ਵਾਇਰਸ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਵਧ ਕੇ 1762 ਹੋ ਗਈ ਹੈ। ਮਹਾਰਾਸ਼ਟਰ ਤੋਂ ਪੰਜਾਬ ਆਏ ਸ਼ਰਧਾਲੂਆਂ ਦੇ ਨਮੂਨਿਆਂ ਦੇ ਨਤੀਜੇ ਪਹਿਲੀ ਵਾਰ 29 ਅਪਰੈਲ ਨੂੰ ਜਨਤਕ ਕੀਤੇ ਗਏ ਤਾਂ ਉਸ ਸਮੇਂ ਸੂਬੇ ਵਿੱਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਸਾਢੇ ਤਿੰਨ ਸੌ ਤੋਂ ਵੀ ਘੱਟ ਸੀ ਤੇ 29 ਅਪਰੈਲ ਨੂੰ 35 ਮਾਮਲੇ ਸਾਹਮਣੇ ਆਏ ਸਨ।
ਇਸ ਸਮੇਂ ਸਥਿਤੀ ਇਹ ਬਣ ਗਈ ਹੈ ਕਿ ਪਿਛਲੇ ਦਿਨਾਂ ਦੌਰਾਨ ਔਸਤਨ 100 ਤੋਂ ਵੱਧ ਮਰੀਜ਼ ਵੀ ਇੱਕੋ ਦਿਨ ’ਚ ਸਾਹਮਣੇ ਆਏ ਹਨ। ਪਿਛਲੇ 48 ਘੰਟਿਆਂ ਤੋਂ ਕੁੱਝ ਰਾਹਤ ਜ਼ਰੂਰ ਮਿਲੀ ਹੈ। ਸ਼ੁੱਕਰਵਾਰ ਨੂੰ 87 ਅਤੇ ਅੱਜ 31 ਨਵੇਂ ਮਰੀਜ਼ ਸਾਹਮਣੇ ਆਏ ਹਨ। ਸਿਹਤ ਵਿਭਾਗ ਮੁਤਾਬਕ ਅੰਮ੍ਰਿਤਸਰ, ਜਲੰਧਰ, ਤਰਨ ਤਾਰਨ, ਗੁਰਦਾਸਪੁਰ, ਲੁਧਿਆਣਾ ਅਤੇ ਨਵਾਂਸ਼ਹਿਰ ਆਦਿ ਜ਼ਿਲ੍ਹਿਆਂ ਵਿੱਚੋਂ ਜ਼ਿਆਦਾ ਮਰੀਜ਼ ਸਾਹਮਣੇ ਆ ਰਹੇ ਹਨ।
ਅੰਮ੍ਰਿਤਸਰ ਵਿੱਚ ਤਾਂ ਕੁੱਲ ਅੰਕੜਾ 300 ਦੇ ਕਰੀਬ ਪਹੁੰਚ ਗਿਆ ਹੈ ਜਦਕਿ ਬਾਕੀ ਥਾਈਂ ਵੀ ਅੰਕੜਾ ਤੇਜ਼ੀ ਨਾਲ ਵੱਧ ਰਿਹਾ ਹੈ। ਸਿਹਤ ਵਿਭਾਗ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਜਲੰਧਰ ਵਿੱਚ 17, ਫਤਿਹਗੜ੍ਹ ਸਾਹਿਬ ਵਿੱਚ 5, ਰੋਪੜ ਵਿੱਚ 4, ਪਠਾਨਕੋਟ ਵਿੱਚ 2, ਪਟਿਆਲਾ, ਕਪੂਰਥਲਾ ਅਤੇ ਹੁਸ਼ਿਆਰਪੁਰ ਵਿੱਚ 1-1 ਮਰੀਜ਼ ਸਾਹਮਣੇ ਆਏ ਹਨ। ਪੰਜਾਬ ਵਿੱਚ ਹੁਣ ਤੱਕ 39462 ਨਮੂਨੇ ਲਏ ਗਏ ਹਨ। ਇਨ੍ਹਾਂ ਵਿੱਚੋਂ 33,639 ਨੈਗੇਟਿਵ ਆ ਚੁੱਕੇ ਹਨ। ਸਿਹਤ ਵਿਭਾਗ ਨੂੰ 4041 ਨਤੀਜਿਆਂ ਦੀ ਉਡੀਕ ਹੈ।