ਪੰਜਾਬ ’ਚ ਕਰਫਿਊ ਦੀ ਉਲੰਘਣਾ ਕਰਨ ਵਾਲੇ 200 ਗ੍ਰਿਫ਼ਤਾਰ

ਕਰੋਨਾਵਾਇਰਸ ਖ਼ਿਲਾਫ਼ ਪੇਸ਼ਬੰਦੀਆਂ


ਚੰਡੀਗੜ੍ਹ- ਪੰਜਾਬ ਵਿੱਚ ਕਰਫਿਊ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਸੂਬੇ ਵਿੱਚ ਮੰਗਲਵਾਰ ਨੂੰ ਪਾਬੰਦੀਆਂ ਤੋੜਨ ਮਗਰੋਂ ਹੁਣ ਅੱਜ ਪੰਜਾਬੀਆਂ ਨੇ ਜ਼ਾਬਤੇ ’ਚ ਆਉਣਾ ਸ਼ੁਰੂ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਅੱਜ 170 ਦੇ ਕਰੀਬ ਪਰਚੇ ਦਰਜ ਕੀਤੇ ਗਏ ਅਤੇ 200 ਦੇ ਕਰੀਬ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਰਫਿਊ ਉਲੰਘਣਾ ਦੇ ਜ਼ਿਆਦਾਤਰ ਮਾਮਲੇ ਹੁਸ਼ਿਆਰਪੁਰ, ਜਲੰਧਰ, ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਵਿੱਚ ਸਾਹਮਣੇ ਆਏ ਹਨ। ਮੰਲਗਵਾਰ ਨੂੰ ਪੁਲੀਸ ਨੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 232 ਮਾਮਲੇ ਦਰਜ ਕੀਤੇ ਸਨ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਪੁਲੀਸ ਦੀ ਸਖ਼ਤੀ ਦਾ ਮਤਲਬ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕਰਨਾ ਨਹੀਂ ਹੈ ਬਲਕਿ ਸੰਕਟ ਦੀ ਘੜੀ ’ਚ ਇਸ ਖ਼ਤਰਨਾਕ ਬਿਮਾਰੀ ਤੋਂ ਬਚਾਉਣਾ ਹੈ। ਸੂਬੇ ਵਿੱਚ ਅੱਜ ਲੋਕਾਂ ਨੂੰ ਪੁਲੀਸ ਦੀ ਸਖ਼ਤੀ ਦਾ ਵੀ ਸਾਹਮਣਾ ਕਰਨਾ ਪਿਆ। ਕਰਫਿਊ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਸ਼ਰਮਿੰਦਾ ਕਰਨ ਲਈ ਪੁਲੀਸ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪੋਸਟਾਂ ਵੀ ਵਾਇਰਲ ਕੀਤੀਆਂ। ਸ੍ਰੀ ਗੁਪਤਾ ਨੇ ਲੋਕਾਂ ਨੂੰ ਪ੍ਰਸ਼ਾਸਨ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਅਪੀਲ ਕੀਤੀ। ਡੀਜੀਪੀ ਨੇ ਕਿਹਾ ਕਿ ਸਮਾਜ ਨੂੰ ਸੁਰੱਖਿਅਤ ਰੱਖਣ ਅਤੇ ਇਸ ਭਿਆਨਕ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਪੰਜਾਬ ਪੁਲੀਸ ਦੀ ਸ਼ਲਾਘਾ ਕਰਦਿਆਂ ਸ੍ਰੀ ਗੁਪਤਾ ਨੇ ਕਿਹਾ ਕਿ ਪੁਲੀਸ ਸੜਕਾਂ ’ਤੇ ਪੂਰੀ ਤਰ੍ਹਾਂ ਨਾਲ ਮੁਸਤੈਦ ਹੈ ਤਾਂ ਜੋ ਲੋਕ ਇਸ ਮਹਾਮਾਰੀ ਤੋਂ ਸੁਰੱਖਿਅਤ ਰਹਿਣ। ਉਨ੍ਹਾਂ ਕਿਹਾ, ‘‘ਪੰਜਾਬ ਪੁਲੀਸ ਦੇ ਜਵਾਨ ਬੇਹੱਦ ਚੰਗਾ ਕੰਮ ਕਰ ਰਹੇ ਹਨ। ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਲੋਕ ਕਰਫਿਊ ਦੀ ਪਾਲਣਾ ਕਰਨ ਅਤੇ ਪੁਲੀਸ ਨਾਲ ਸਹਿਯੋਗ ਕਰਨ|’’ ਪੰਜਾਬ ਪੁਲੀਸ ਦੀ ਇਹ ਪਹਿਲ ਕਮਿਊਨਿਟੀ ਪੁਲੀਸਿੰਗ ਨੂੰ ਉਤਸ਼ਾਹਿਤ ਕਰਨ ਅਤੇ ਲੋਕਾਂ ਵਿਚ ਪੁਲੀਸ ਪ੍ਰਤੀ ਭਰੋਸਾ ਵਧਾਉਣ ਲਈ ਸ਼ੁਰੂ ਕੀਤੀ ਗਈ ਹੈ। ਇਸ ਮਿਸ਼ਨ ਨਾਲ ਜੁੜੇ ਅਧਿਕਾਰੀਆਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਪੁਲੀਸ ਇਸ ਨੂੰ ਵੱਡੇ ਪੱਧਰ ਤੱਕ ਚਲਾਉਣ ਦੀ ਤਿਆਰੀ ਕਰ ਰਹੀ ਹੈ। ਸ੍ਰੀ ਗੁਪਤਾ ਨੇ ਕਿਹਾ, “ਤਾਲਾਬੰਦੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਲਈ ਹੈ ਅਤੇ ਪੁਲੀਸ ਸਮਾਜ ਦੀ ਬਿਹਤਰ ਢੰਗ ਨਾਲ ਮਦਦ ਕਰੇਗੀ।” ਪੰਜਾਬ ਪੁਲੀਸ ਦਾ ਮਨੁੱਖੀ ਚਿਹਰਾ ਦਰਸਾਉਂਦੀ ਇਕ ਹੋਰ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਵਿਚ ਪੁਲੀਸ ਵਾਲੇ ਇਕ ਬਜ਼ੁਰਗ ਸਬਜ਼ੀ ਵਿਕਰੇਤਾ ਦੀ ਮਦਦ ਕਰਦੇ ਹੋਏ ਅਤੇ ਆਮ ਲੋਕਾਂ ਦੀਆਂ ਜ਼ਰੂਰੀ ਵਸਤਾਂ ਨੂੰ ਸੁਰੱਖਿਅਤ ਅਤੇ ਅਨੁਸ਼ਾਸਿਤ ਤਰੀਕੇ ਨਾਲ ਉਨ੍ਹਾਂ ਦੇ ਘਰਾਂ ਵਿਚ ਪਹੁੰਚਾਉਂਦੇ ਹੋਏ ਦਿਖਾਈ ਦੇ ਰਹੇ ਹਨ। ਸ੍ਰੀ ਗੁਪਤਾ ਨੇ ਮੰਗਲਵਾਰ ਨੂੰ ਲੜੀ ਦਾ ਪਹਿਲਾ ਵੀਡੀਓ ਜਾਰੀ ਕੀਤਾ ਜਿੱਥੇ ਉਨ੍ਹਾਂ ਕਰੋਨਾ ਤੋਂ ਸੁਰੱਖਿਅਤ ਰਹਿਣ ਦੇ ਦਿਸ਼ਾ-ਨਿਰਦੇਸ਼ ਸਾਂਝੇ ਕੀਤੇ। ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪੰਜਾਬ ਪੁਲੀਸ ਦੀ ਸ਼ਲਾਘਾ ਕੀਤੀ ਹੈ

Previous articleModi talks to Putin about coronavirus pandemic
Next articleਕਾਬੁਲ: ਗੁਰਦੁਆਰੇ ’ਚ ਫਿਦਾਈਨ ਹਮਲਾ, 25 ਹਲਾਕ