ਪੰਜਾਬ ਚੋਣਾਂ: ਕਾਂਗਰਸ ਦੀ ਪਹਿਲੀ ਸੂਚੀ ਅੱਜ ਹੋ ਸਕਦੀ ਹੈ ਜਾਰੀ

 

  • ਮੁੱਖ ਮੰਤਰੀ ਚੰਨੀ ਦੇ ਚਮਕੌਰ ਸਾਹਿਬ ਤੇ ਆਦਮਪੁਰ ਤੋਂ ਚੋਣ ਲੜਨ ਦੀ ਸੰਭਾਵਨਾ
  • ਕਰੀਬ ਦਰਜਨ ਵਿਧਾਇਕਾਂ ਦੀ ਕੱਟ ਸਕਦੀ ਹੈ ਟਿਕਟ

ਚੰਡੀਗੜ੍ਹ (ਸਮਾਜ ਵੀਕਲੀ): ਕੁੱਲ ਹਿੰਦ ਕਾਂਗਰਸ ਕਮੇਟੀ ਵੱਲੋਂ ਭਲਕੇ ਮਾਘੀ ਦੇ ਪਵਿੱਤਰ ਤਿਉਹਾਰ ਮੌਕੇ ਪੰਜਾਬ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਨਸ਼ਰ ਕੀਤੇ ਜਾਣ ਦੀ ਸੰਭਾਵਨਾ ਹੈ। ਕਾਂਗਰਸ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਅੱਜ ਸੋਨੀਆ ਗਾਂਧੀ ਦੀ ਅਗਵਾਈ ਵਿਚ ਹੋਈ ਅਤੇ ਇਸ ਵਰਚੁਅਲ ਮੀਟਿੰਗ ਵਿਚ ਸਕਰੀਨਿੰਗ ਕਮੇਟੀ ਦੇ ਚੇਅਰਮੈਨ ਅਜੈ ਮਾਕਨ, ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ, ਪੰਜਾਬ ਇੰਚਾਰਜ ਹਰੀਸ਼ ਚੌਧਰੀ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਹੋਰਨਾਂ ਕੇਂਦਰੀ ਆਗੂਆਂ ਨੇ ਸ਼ਮੂਲੀਅਤ ਕੀਤੀ।

ਕੇਂਦਰੀ ਚੋਣ ਕਮੇਟੀ ਨੇ ਅੱਜ ਪੰਜਾਬ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ’ਤੇ ਕਈ ਘੰਟੇ ਮੰਥਨ ਕੀਤਾ। ਸੂਤਰਾਂ ਅਨੁਸਾਰ ਚੋਣ ਕਮੇਟੀ ਨੇ ਅੱਜ ਕਰੀਬ 70 ਉਮੀਦਵਾਰਾਂ ਦੀ ਸੂਚੀ ਨੂੰ ਹਰੀ ਝੰਡੀ ਦੇ ਦਿੱਤੀ ਹੈ। ਪਹਿਲੀ ਸੂਚੀ ਵਿਚ ਮੌਜੂਦਾ ਵਜ਼ੀਰਾਂ ਅਤੇ ਵਿਧਾਇਕਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਕਰੀਬ ਦਰਜਨ ਵਿਧਾਇਕਾਂ ਦੀ ਟਿਕਟ ਕੱਟੇ ਜਾਣ ਦੀ ਵੀ ਸੰਭਾਵਨਾ ਹੈ। ਜਿਨ੍ਹਾਂ ਹਲਕਿਆਂ ਵਿਚ ਕਿਸੇ ਤਰ੍ਹਾਂ ਦਾ ਕੋਈ ਵਿਵਾਦ ਨਹੀਂ ਹੈ, ਉਨ੍ਹਾਂ ਹਲਕਿਆਂ ਦੇ ਉਮੀਦਵਾਰਾਂ ਨੂੰ ਪਹਿਲੀ ਸੂਚੀ ਵਿਚ ਪਾਇਆ ਗਿਆ ਹੈ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਐਤਕੀਂ ਚਮਕੌਰ ਸਾਹਿਬ ਤੋਂ ਇਲਾਵਾ ਹਲਕਾ ਆਦਮਪੁਰ ਤੋਂ ਵੀ ਚੋਣ ਲੜਨ ਦੀ ਸੰਭਾਵਨਾ ਹੈ। ਅੱਜ ਸ਼ਾਮੀਂ ਕਰੀਬ ਸਾਢੇ ਛੇ ਵਜੇ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਸ਼ੁਰੂ ਹੋਈ ਜੋ ਕਿ ਦੇਰ ਸ਼ਾਮ ਤੱਕ ਚੱਲੀ। ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਵਿਚ ਜਿਥੇ ਉਮੀਦਵਾਰਾਂ ਦੀ ਪਹਿਲੀ ਸੂਚੀ ਨੂੰ ਲੈ ਕੇ ਹਰ ਹਲਕੇ ਦੇ ਉਮੀਦਵਾਰ ਬਾਰੇ ਚਰਚਾ ਕੀਤੀ ਗਈ, ਉਥੇ ਪੰਜਾਬ ਚੋਣਾਂ ਨੂੰ ਲੈ ਕੇ ਕਾਂਗਰਸ ਦੀ ਚੋਣ ਪ੍ਰਚਾਰ ਰਣਨੀਤੀ ਅਤੇ ਮੁੱਦਿਆਂ ’ਤੇ ਵੀ ਚਰਚਾ ਹੋਈ। ਇਸ ਵਾਰ ਨੌਜਵਾਨ ਚਿਹਰੇ ਅਤੇ ਮਹਿਲਾਵਾਂ ਨੂੰ ਵੱਧ ਗਿਣਤੀ ਵਿਚ ਚੋਣ ਪਿੜ ’ਚ ਉਤਾਰਿਆ ਜਾ ਰਿਹਾ ਹੈ। ਐਤਕੀਂ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਲਈ ਕਾਂਗਰਸ ਦੀ ਟਿਕਟ ਦੇ ਚਾਹਵਾਨਾਂ ਦਾ ਅੰਕੜਾ 1600 ਨੂੰ ਪਾਰ ਕਰ ਗਿਆ ਹੈ। ਟਿਕਟਾਂ ਦੀ ਪਹਿਲੀ ਸੂਚੀ ਤੋਂ ਪਹਿਲਾਂ ਹੀ ਦਰਜਨਾਂ ਹਲਕਿਆਂ ਵਿਚ ਕਾਂਗਰਸ ਵਿਚ ਵਿਵਾਦ ਸ਼ੁਰੂ ਵੀ ਹੋ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਕਰਕੇ ਕਾਂਗਰਸੀ ਟਿਕਟਾਂ ਦੀ ਉਡੀਕ ਕੀਤੀ ਜਾ ਰਹੀ ਹੈ ਤਾਂ ਜੋ ਕਾਂਗਰਸ ਦੇ ਬਾਗੀਆਂ ਨੂੰ ਪੰਜਾਬ ਲੋਕ ਕਾਂਗਰਸ ਦੀ ਟਿਕਟ ਨਾਲ ਨਿਵਾਜਿਆ ਜਾ ਸਕੇ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੀਕਾਨੇਰ-ਗੁਹਾਟੀ ਐਕਸਪ੍ਰੈੱਸ ਦੇ 12 ਡੱਬੇ ਲੀਹੋਂ ਲੱਥੇ; ਪੰਜ ਮੌਤਾਂ
Next article‘ਆਪ’ ਦਾ ਮੁੱਖ ਮੰਤਰੀ ਚਿਹਰਾ ਲੋਕ ਰਾਇ ਨਾਲ ਬਣੇਗਾ: ਕੇਜਰੀਵਾਲ