ਚੰਡੀਗੜ੍ਹ, (ਸਮਾਜ ਵੀਕਲੀ) : ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਹੈ ਕਿ ਪੰਜਾਬ ਇਸ ਸਮੇਂ ਦੇਸ਼ ਅੰਦਰ ਪੂਰਨ ਆਜ਼ਾਦੀ ਦੀ ਲੜਾਈ ਦੀ ਅਗਵਾਈ ਕਰਦਾ ਦਿਖਾਈ ਦੇ ਰਿਹਾ ਹੈ। ਜਾਗਦਾ ਪੰਜਾਬ ਮੰਚ ਵਲੋਂ ਅੱਜ ‘ਭਾਰਤੀ ਲੋਕਤੰਤਰ ਦਾ ਸੰਕਟ’ ਵਿਸ਼ੇ ’ਤੇ ਕਰਵਾਏ ਗਏ ਸੈਮੀਨਾਰ ਦੌਰਾਨ ਉਨ੍ਹਾਂ ਕਿਹਾ ਕਿ ਇਸ ਸਮੇਂ ਪੂਰੇ ਮੁਲਕ ਦੀਆਂ ਨਜ਼ਰਾਂ ਪੰਜਾਬ ’ਤੇ ਟਿਕੀਆਂ ਹੋਈਆਂ ਹਨ।
ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਸੂਬੇ ਦੇ ਲੋਕਾਂ ਨੇ ਹਮੇਸ਼ਾ ਅਨਿਆਂ ਖਿਲਾਫ਼ ਲੜਾਈ ’ਚ ਮੋਹਰੀ ਭੂਮਿਕਾ ਨਿਭਾਈ ਹੈ। ਸ੍ਰੀ ਭੂਸ਼ਣ ਨੇ ਕਿਹਾ,‘‘ਆਜ਼ਾਦੀ ਦੀ ਲੜਾਈ ਤੋਂ ਬਾਅਦ ਹੁਣ ਪੂਰਨ ਆਜ਼ਾਦੀ ਲਈ ਲਹਿਰ ਉੱਠਣ ਲੱਗੀ ਹੈ। ਲੋਕਾਂ ਦੇ ਮਨਾਂ ਵਿਚੋਂ ਡਰ ਨਿਕਲਣ ਲੱਗਿਆ ਹੈ। ਸਪੱਸ਼ਟ ਦਿਖਾਈ ਦੇ ਰਿਹਾ ਹੈ ਕਿ ਸਰਹੱਦੀ ਸੂਬਾ ਪੰਜਾਬ ਇਸ ਜਦੋਜ਼ਹਿਦ ’ਚ ਅਹਿਮ ਭੂਮਿਕਾ ਨਿਭਾਏਗਾ।’’ ਉਨ੍ਹਾਂ ਕਿਹਾ ਕਿ ਪੰਜਾਬ ਦੀ ਖੂਬੀ ਹੈ ਕਿ ਇਥੋਂ ਦੇ ਲੋਕ ਬਿਨਾਂ ਭੈਅ ਤੋਂ ਜਬਰ-ਜ਼ੁਲਮ ਖਿਲਾਫ਼ ਲੜਨਾ ਜਾਣਦੇ ਹਨ।
ਸੀਨੀਅਰ ਵਕੀਲ ਨੇ ਕੇਂਦਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਮੋਦੀ ਸਰਕਾਰ ਲੋਕਤੰਤਰ ਵਿਚ ਵਿਸ਼ਵਾਸ ਨਹੀਂ ਰੱਖਦੀ ਹੈ। ‘ਐਮਰਜੈਂਸੀ ਦੌਰਾਨ ਵੀ ਲੋਕਤੰਤਰ ਨੂੰ ਐਨਾ ਖ਼ਤਰਾ ਨਹੀਂ ਸੀ ਜਿੰਨਾ ਹੁਣ ਹੋ ਗਿਆ ਹੈ। ਦੇਸ਼ ਵਿਚ ਘੱਟ ਗਿਣਤੀਆਂ, ਦਲਿਤਾਂ, ਸਮਾਜ ਸੇਵੀ ਆਗੂਆਂ, ਆਰਟੀਆਈ ਕਾਰਕੁਨਾਂ ਅਤੇ ਸਰਕਾਰ ਦੀ ਆਲੋਚਨਾ ਕਰਨ ਵਾਲਿਆਂ ਖਿਲਾਫ਼ ਦੇਸ਼ਧ੍ਰੋਹ ਦੇ ਪਰਚੇ ਦਰਜ ਕੀਤੇ ਜਾ ਰਹੇ ਹਨ।’’ ਉਨ੍ਹਾਂ ਕਿਹਾ ਕਿ ਰਾਜਸੀ ਹਿੱਤਾਂ ਲਈ ਦੇਸ਼ ਵਿਚ ਹਿੰਦੂ, ਮੁਸਲਮਾਨਾਂ, ਇਸਾਈਆਂ ਵਿਚ ਨਫਰਤ ਫੈਲਾਈ ਜਾ ਰਹੀ ਹੈ, ਸੱਭਿਅਤਾ ਤੇ ਸੱਭਿਆਚਾਰ ਖਤਰੇ ਵਿਚ ਹੈ। ਲੋਕਾਂ ਨੂੰ ਡਰਾ ਕੇ ਅਜਿਹਾ ਮਾਹੌਲ ਸਿਰਜਿਆ ਜਾ ਰਿਹਾ ਹੈ ਜਿਵੇਂ ਕੁੱਝ ਵੀ ਨਹੀਂ ਹੋ ਰਿਹਾ ਹੈ। ਸ੍ਰੀ ਭੂਸ਼ਣ ਨੇ ਕਿਹਾ,‘‘ਖੇਤੀ ਕਾਨੂੰਨ ਪਾਸ ਕਰਨ ਤੋਂ ਬਾਅਦ ਦੇਸ਼ ਦਾ ਮਾਹੌਲ ਬਦਲਣ ਲੱਗਿਆ ਹੈ। ਹੁਣ ਲੋਕਾਂ ਦਾ ਸਰਕਾਰ ਖਿਲਾਫ਼ ਖੜ੍ਹੇ ਹੋਣ ਦਾ ਸਮਾਂ ਆ ਗਿਆ ਹੈ।’’
ਮੋਦੀ ਸਰਕਾਰ ਵਲੋਂ ਨਿਆਂਪਾਲਿਕਾ ਅਤੇ ਮੀਡੀਆ ’ਤੇ ਕਬਜ਼ਾ: ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਨਿਆਂਪਾਲਿਕਾ ’ਤੇ ਇਸ ਕਦਰ ਕਬਜ਼ਾ ਕਰ ਲਿਆ ਹੈ ਕਿ 2018 ਵਿਚ ਸੁਪਰੀਮ ਕੋਰਟ ਦੇ ਚਾਰ ਸੀਨੀਅਰ ਜੱਜਾਂ ਨੇ ਚੀਫ਼ ਜਸਟਿਸ ’ਤੇ ਆਪਣੀ ਸ਼ਕਤੀਆਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ। ‘ਨਿਰਪੱਖ, ਸੈਕੁਲਰ ਸੋਚ ਰੱਖਣ ਵਾਲੇ ਜੱਜਾਂ ਦੀ ਨਿਯੁਕਤੀ ਦਾ ਨੋਟੀਫਿਕੇਸ਼ਨ ਤੱਕ ਨਹੀਂ ਕੀਤਾ ਜਾਂਦਾ।’ ਉਨ੍ਹਾਂ ਕਿਹਾ ਕਿ ਕੌਮੀ ਪੱਧਰ ’ਤੇ ਮੀਡੀਆ ਉਪਰ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਗਿਆ ਹੈ ਅਤੇ ਸਾਢੇ ਤਿੰਨ ਮਹੀਨੇ ਤੱਕ ਮੀਡੀਆ ਦਾ ਇਕ ਹਿੱਸਾ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਰੀਆ ਚੱਕਰਵਰਤੀ ਦਾ ਮਾਮਲਾ ਹੀ ਉਛਾਲਦਾ ਰਿਹਾ।
ਚੋਣ ਕਮਿਸ਼ਨ ’ਤੇ ਦਬਾਅ ਬਣਾਇਆ: ਸ੍ਰੀ ਭੂਸ਼ਣ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ’ਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੀ ਗੱਲ ਕੀਤੀ ਤਾਂ ਉਨ੍ਹਾਂ ਖਿਲਾਫ਼ ਵੱਖ ਵੱਖ ਏਜੰਸੀਆਂ ਦਾ ਦਬਾਅ ਬਣਾਇਆ ਗਿਆ ਤੇ ਅਸਤੀਫ਼ਾ ਦੇਣ ਲਈ ਮਜਬੂਰ ਕਰ ਦਿੱਤਾ ਗਿਆ।
ਅੰਬਾਨੀ-ਅਡਾਨੀ ਨੇ ਲੌਕਡਾਊਨ ’ਚ ਵੀ ਕਮਾਈ ਕੀਤੀ: ਉਨ੍ਹਾਂ ਕਿਹਾ ਕਿ ਨੋਟਬੰਦੀ ਨਾਲ ਦੇਸ਼ ਦੀ ਅਰਥ ਵਿਵਸਥਾ ਪੂਰੀ ਤਰ੍ਹਾਂ ਡਗਮਗਾ ਗਈ ਹੈ। ਸ੍ਰੀ ਭੂਸ਼ਣ ਨੇ ਕਿਹਾ ਕਿ ਰਾਫਾਲ ਸੌਦੇ ਦਾ ਕੋਈ ਆਡਿਟ ਨਹੀਂ ਹੋਇਆ। ਕਰੋਨਾ ਕਾਰਨ ਦੇਸ਼ ਦੀ ਅਰਥ ਵਿਵਸਥਾ ਪੂਰੀ ਤਰ੍ਹਾਂ ਡਗਮਗਾਉਣ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਦਸ ਕਰੋੜ ਲੋਕਾਂ ਦੀਆਂ ਨੌਕਰੀਆਂ ਖੁੱਸ ਗਈਆਂ ਹਨ ਜਦੋਂ ਕਿ ਅੰਬਾਨੀ ਤੇ ਅੰਡਾਨੀ ਦੀਆਂ ਕੰਪਨੀਆਂ ਨੇ ਲੌਕਡਾਊਨ ਵਿਚ ਵੀ ਕਰੋੜਾਂ ਰੁਪਏ ਦਾ ਮੁਨਾਫ਼ਾ ਕਮਾਇਆ ਹੈ।
ਉੱਘੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਹਰ ਤਰ੍ਹਾਂ ਦੇ ਅੱਤਿਆਚਾਰ ਲਈ ਕਸੂਰਵਾਰ ਹੈ। ਮੰਚ ਦੇ ਪ੍ਰਧਾਨ ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਮੰਚ ਦਾ ਉਦੇਸ਼ ਦੇਸ਼ ਤੇ ਸਮਾਜ ਵਿਚ ਫੈਲੀਆਂ ਕੁਰੀਤੀਆਂ ਨੂੰ ਖ਼ਤਮ ਕਰਕੇ ਲੋਕਾਂ ਵਿਚ ਨਵੀਂ ਚੇਤਨਾ ਪੈਦਾ ਕਰਨਾ ਹੈ। ਮੰਚ ਦੇ ਜਨਰਲ ਸਕੱਤਰ ਪ੍ਰੋ. ਸੁਖਦੇਵ ਸਿੰਘ ਸਿਰਸਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਪੰਜਾਬ ਨੇ ਅੰਗੜਾਈ ਲਈ ਹੈ। ਕਿਸਾਨ, ਦਲਿਤ, ਮਜ਼ਦੂਰ, ਮੁਲਾਜ਼ਮ ਆਦਿ ਹਰ ਵਰਗ ਸੜਕਾਂ ’ਤੇ ਉਤਰਿਆ ਹੈ। ਵੱਡੀ ਗੱਲ ਹੈ ਕਿ ਸਰਕਾਰ ਖਿਲਾਫ਼ ਸ਼ੁਰੂ ਹੋਏ ਅੰਦੋਲਨ ਵਿਚ ਔਰਤਾਂ, ਵਿਦਿਆਰਥੀਆਂ ਤੇ ਨੌਜਵਾਨਾਂ ਦੀ ਸ਼ਮੂਲੀਅਤ ਹੋ ਰਹੀ ਹੈ। ਮੰਚ ਸੰਚਾਲਨ ਦੀਪਕ ਸ਼ਰਮਾ ਚਨਾਰਥਲ ਨੇ ਕੀਤਾ। ਇਸ ਮੌਕੇ ਵਕੀਲ ਆਰ ਐੱਸ ਬੈਂਸ, ਡਾ. ਪਿਆਰਾ ਲਾਲ, ਪੱਤਰਕਾਰ ਜਸਪਾਲ ਸਿੰਘ ਸਿੱਧੂ, ਪ੍ਰੋ. ਹਰੀਸ਼ ਪੁਰੀ, ਪ੍ਰੋ. ਰਾਜੇਸ਼ਵਰ, ਤਰਲੋਚਨ ਸਿੰਘ ਲਾਲੀ, ਜੈ ਸਿੰਘ ਛਿੱਬਰ ਤੇ ਹੋਰ ਹਾਜ਼ਰ ਸਨ।