ਚੰਡੀਗੜ੍ਹ (ਸਮਾਜ ਵੀਕਲੀ) : ਪੰਜਾਬ ਕਾਂਗਰਸ ਨੇ ਅਗਾਮੀ ਵਿਧਾਨ ਸਭਾ ਚੋਣਾਂ ‘ਮਿਸ਼ਨ 2022’ ਨੂੰ ਲੈ ਕੇ ਤਿਆਰੀ ਵਿੱਢ ਦਿੱਤੀ ਹੈ। ਪਾਰਟੀ ਵੱਲੋਂ ਮੁੱਢਲੇ ਪੜਾਅ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਰੈਲੀਆਂ ਕੀਤੀਆਂ ਜਾਣਗੀਆਂ। ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਦੀ ਪੰਜਾਬ ਫੇਰੀ ਮਗਰੋਂ ਕਾਂਗਰਸ ਨੇ ਸਿਆਸੀ ਸਰਗਰਮੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਵੱਲੋਂ ਛੇਤੀ ਹੀ ਵੱਡੀ ਰੈਲੀ ਕੀਤੀ ਜਾਵੇਗੀ। ਇਸੇ ਤਰ੍ਹਾਂ ਦਿੱਲੀ ਵਿਚ ਪੰਜ-ਪੰਜ ਵਿਧਾਇਕਾਂ
ਦਾ ਜਥਾ ਵਾਰੋ-ਵਾਰੀ ਧਰਨੇ ਦੇਵੇਗਾ, ਜਿਥੇ ਪਹਿਲਾਂ ਸੰਸਦ ਮੈਂਬਰ ਧਰਨਾ ਦੇ ਰਹੇ ਹਨ।
ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਇੱਥੇ ਕਾਂਗਰਸ ਭਵਨ ’ਚ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨਾਲ ਮੀਟਿੰਗ ਕੀਤੀ ਜਿਸ ਵਿਚ ਨਵੀਂ ਵਿਉਂਤਬੰਦੀ ਘੜੀ ਗਈ। ਸੂਤਰਾਂ ਮੁਤਾਬਕ ਕਾਂਗਰਸ ਪ੍ਰਧਾਨ ਨੇ ਵਿਧਾਇਕਾਂ ਅਤੇ ਵਜ਼ੀਰਾਂ ਤੋਂ ਕਿਸਾਨ ਅੰਦੋਲਨ ਨੂੰ ਲੈ ਕੇ ਫੀਡ ਬੈਕ ਹਾਸਲ ਕੀਤੀ ਹੈ ਅਤੇ ਨਵੀਂ ਸਿਆਸੀ ਯੋਜਨਾਬੰਦੀ ਲਈ ਸੁਝਾਅ ਵੀ ਲਏ ਹਨ। ਮੀਟਿੰਗ ਮਗਰੋਂ ਸੁਨੀਲ ਜਾਖੜ ਨੇ ਦੱਸਿਆ ਕਿ ਕਾਂਗਰਸ ਪਾਰਟੀ 14 ਦਸੰਬਰ ਨੂੰ ਸ਼ੰਭੂ ਬਾਰਡਰ ’ਤੇ ਕਿਸਾਨ ਸੰਘਰਸ਼ ਦੇ ਹੱਕ ਵਿਚ ਵੱਡੀ ਰੋਸ ਰੈਲੀ ਕਰੇਗੀ।
ਕਿਸਾਨ ਸੰਗਠਨਾਂ ਵੱਲੋਂ ਜ਼ਿਲ੍ਹਾ ਪੱਧਰ ’ਤੇ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨਾਂ ਵਿਚ ਪਾਰਟੀ ਵੀ ਸਹਿਯੋਗ ਕਰੇਗੀ। ਸ੍ਰੀ ਜਾਖੜ ਨੇ ਦੱਸਿਆ ਕਿ ਸ਼ੰਭੂ ਬਾਰਡਰ ’ਤੇ ਸਵੇਰੇ 11 ਤੋਂ ਬਾਅਦ ਦੁਪਹਿਰ 3 ਵਜੇ ਤੱਕ ਵੱਡਾ ਇਕੱਠ ਕਰਕੇ ਕੇਂਦਰ ਦੀ ਸਰਕਾਰ ਤੱਕ ਕਿਸਾਨਾਂ ਦੀ ਆਵਾਜ਼ ਬੁਲੰਦ ਕੀਤੀ ਜਾਵੇਗੀ। ਉਨ੍ਹਾਂ ਇਸ ਸਬੰਧੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਹੇਠਲੇ ਪੱਧਰ ਤੱਕ ਤਿਆਰੀਆਂ ਕਰਨ ਲਈ ਕਿਹਾ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਜ਼ੋਰਦਾਰ ਤਰੀਕੇ ਨਾਲ ਕੇਂਦਰ ਦੇ ਕਾਲੇ ਕਾਨੂੰਨਾਂ ਦਾ ਸੱਚ ਲੋਕਾਂ ਸਾਹਮਣੇ ਰੱਖਣ ਨਾਲ ਕਿਸਾਨਾਂ ਦੇ ਅੰਦੋਲਨ ਨੂੰ ਬਲ ਮਿਲਿਆ ਹੈ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਕਾਲੇ ਖੇਤੀ ਕਾਨੂੰਨ ਨੋਟਬੰਦੀ ਵਾਂਗ ਹੀ ਦੇਸ਼ ਦੀ ਆਰਥਿਕਤਾ ਲਈ ਘਾਤਕ ਸਿੱਧ ਹੋਣਗੇ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਜ਼ਿਦ ਛੱਡਣ ਅਤੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਗੱਲ ਤੁਰੰਤ ਸੁਣ ਕੇ ਕਾਲੇ ਕਾਨੂੰਨ ਰੱਦ ਕਰਨ। ਇਸ ਮੌਕੇ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ, ਬਲਬੀਰ ਸਿੰਘ ਸਿੱਧੂ, ਸਾਧੂ ਸਿੰਘ ਧਰਮਸੋਤ, ਵਿਧਾਇਕ ਤਰਸੇਮ ਸਿੰਘ ਡੀਸੀ, ਨਵਤੇਜ ਸਿੰਘ ਚੀਮਾ, ਬਲਵਿੰਦਰ ਸਿੰਘ ਧਾਲੀਵਾਲ, ਹਰਦੇਵ ਸਿੰਘ ਲਾਡੀ, ਇੰਦੂ ਬਾਲਾ, ਡਾ. ਰਾਜ ਕੁਮਾਰ, ਗੁਰਕੀਰਤ ਸਿੰਘ, ਅਮਰੀਕ ਸਿੰਘ ਢਿੱਲੋਂ, ਲਖਵੀਰ ਸਿੰਘ ਲੱਖਾ, ਪਰਮਿੰਦਰ ਸਿੰਘ ਪਿੰਕੀ, ਸਤਿਕਾਰ ਕੌਰ, ਦਵਿੰਦਰ ਸਿੰਘ ਘੁਬਾਇਆ, ਮਦਨਲਾਲ ਜਲਾਲਦੀਪੁਰ, ਰਜਿੰਦਰ ਸਿੰਘ, ਨਿਰਮਲ ਸਿੰਘ ਸ਼ੁਤਰਾਣਾ, ਸੁਖਪਾਲ ਸਿੰਘ ਭੁੱਲਰ, ਰਾਜਿੰਦਰ ਬੇਰੀ, ਸੁਨੀਲ ਦੱਤੀ, ਪਵਨ ਆਦੀਆ, ਅੰਗਦ ਸੈਣੀ, ਹਰਦਿਆਲ ਸਿੰਘ ਕੰਬੋਜ ਆਦਿ ਹਾਜ਼ਰ ਸਨ