ਚੰਡੀਗੜ੍ਹ (ਸਮਾਜਵੀਕਲੀ) – ਪੰਜਾਬ ਵਿੱਚ ਕਰੋਨਾਵਾਇਰਸ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਵਿੱਚ ਅੱਜ ਸਭ ਤੋਂ ਵੱਡਾ ਵਾਧਾ ਹੋਇਆ ਹੈ। ਪਿਛਲੇ ਦੋ ਦਿਨਾਂ ਦੌਰਾਨ 154 ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਲਈ ਵੀ ਸੰਕਟ ਖੜ੍ਹਾ ਹੋ ਗਿਆ ਹੈ। ਸੂਬੇ ਦੇ 14 ਜ਼ਿਲ੍ਹਿਆਂ ਵਿੱਚ ਪਿਛਲੇ 24 ਘੰਟਿਆਂ ਦੌਰਾਨ 119 ਮਾਮਲੇ ਸਾਹਮਣੇ ਆਏ ਹਨ।
ਸਿਹਤ ਵਿਭਾਗ ਦਾ ਦੱਸਣਾ ਹੈ ਕਿ ਪਿਛਲੇ ਇੱਕ ਦਿਨ ਦੌਰਾਨ ਜਿੰਨੇ ਵੀ ਮਾਮਲੇ ਸਾਹਮਣੇ ਆਏ ਹਨ ਉਨ੍ਹਾਂ ਵਿੱਚੋਂ ਜ਼ਿਆਦਾਤਰ ਮਹਾਰਾਸ਼ਟਰ, ਰਾਜਸਥਾਨ ਅਤੇ ਹੋਰਨਾਂ ਸੂਬਿਆਂ ਤੋਂ ਆਏ ਵਿਅਕਤੀ ਸ਼ਾਮਲ ਹਨ। ਸੂਬੇ ਵਿੱਚ ਕੁੱਲ ਮਰੀਜ਼ਾਂ ਦੀ ਗਿਣਤੀ 502 ਤੱਕ ਪਹੁੰਚ ਗਈ ਹੈ। ਇਹ ਖਤਰਨਾਕ ਵਾਇਰਸ ਹੁਣ ਤੱਕ 21 ਜ਼ਿਲ੍ਹਿਆਂ ਤੱਕ ਪੈਰ ਪਸਾਰ ਚੁੱਕਾ ਹੈ।
ਚੇਤੇ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਹਰਲੇ ਸੂਬਿਆਂ ਤੋਂ ਆਉਣ ਵਾਲਿਆਂ ਨੂੰ 21 ਦਿਨ ਦੇ ਏਕਾਂਤਵਾਸ ’ਚ ਭੇਜਣ ਦਾ ਐਲਾਨ ਕੀਤਾ ਸੀ। ਪੰਜਾਬ ’ਚ ਪਿਛਲੇ ਦੋ ਦਿਨਾਂ ਦੌਰਾਨ ਵੱਡਾ ਵਾਧਾ ਹੋਇਆ ਹੈ। ਬੁੱਧਵਾਰ ਨੂੰ ਸਿਹਤ ਵਿਭਾਗ ਨੇ 35 ਨਵੇਂ ਮਾਮਲੇ ਆਉਣ ਦਾ ਖੁਲਾਸਾ ਕੀਤਾ ਸੀ ਤੇ ਅੱਜ 119 ਨਵੇਂ ਮਰੀਜ਼ ਦੱਸੇ ਹਨ।
ਸਿਹਤ ਵਿਭਾਗ ਦੇ ਅਧਿਕਾਰੀਆ ਦਾ ਦੱਸਣਾ ਹੈ ਕਿ ਹਜ਼ੂਰ ਸਾਹਿਬ ਤੇ ਹੋਰਨਾਂ ਥਾਵਾਂ ਤੋਂ ਆਏ ਵਿਅਕਤੀਆਂ ਦੇ ਲਗਾਤਾਰ ਸੈਂਪਲ ਲਏ ਜਾ ਰਹੇ ਹਨ। ਇਸ ਲਈ ਆਉਣ ਵਾਲੇ ਦਿਨਾਂ ’ਚ ਕਰੋਨਾ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਹੋਰ ਵੀ ਵਧ ਸਕਦੀ ਹੈ। ਹਜ਼ੂਰ ਸਾਹਿਬ ’ਚ 7 ਹਜ਼ਾਰ ਦੇ ਕਰੀਬ ਪੰਜਾਬ ਦੇ ਸ਼ਰਧਾਲੂ ਪਿਛਲੇ ਸਵਾ ਮਹੀਨੇ ਤੋਂ ਫਸੇ ਹੋਏ ਸਨ।
ਪਿਛਲੇ ਤਿੰਨ ਦਿਨਾਂ ਤੋਂ ਇਹ ਵਿਅਕਤੀ ਪੰਜਾਬ ਆ ਰਹੇ ਹਨ। ਸਿਹਤ ਵਿਭਾਗ ਮੁਤਾਬਕ ਅੱਜ ਅੰਮ੍ਰਿਤਸਰ ’ਚ 50,, ਮੁਹਾਲੀ ਵਿੱਚ 13,, ਨਵਾਂਸ਼ਹਿਰ ’ਚ 1,, ਫਰੀਦਕੋਟ ’ਚ 3,, ਲੁਧਿਆਣਾ ’ਚ 48,, ,ਪਟਿਆਲਾ ’ਚ 1,, ਸੰਗਰੂਰ ’ਚ 2,, ਕਪੂਰਥਲਾ ਵਿੱਚ 6,, ਮੋਗਾ ’ਚ 1,, ਤਰਨ ਤਾਰਨ ’ਚ 7,, ਗੁਰਦਾਸਪੁਰ ’ਚ 3,, ਜਲੰਧਰ ’ਚ 3,, ਮੁਕਤਸਰ ’ਚ 3,, ਰੋਪੜ ’ਚ 2 ਅਤੇ ਫਿਰੋਜ਼ਪੁਰ ’ਚ ਵੀ 1 ਵਿਅਕਤੀ ਵਿੱਚ ਇਸ ਖਤਰਨਾਕ ਵਾਇਰਸ ਦੇ ਲੱਛਣ ਪਾਏ ਗਏ ਹਨ।
ਪੰਜਾਬ ਵਿੱਚ ਅੱਜ ਤੱਕ ਲਏ ਗਏ ਨਮੂਨਿਆਂ ਦੀ ਗਿਣਤੀ 21205 ਤੱਕ ਪਹੁੰਚ ਗਈ ਹੈ ਤੇ ਵਿਭਾਗ ਨੂੰ 3439 ਨਮੂਨਿਆਂ ਦੇ ਨਤੀਜੇ ਦਾ ਇੰਤਜ਼ਾਰ ਹੈ। ਕਰੋਨਾਵਾਇਰਸ ਨਾਲ ਹੁਣ ਤੱਕ ਇੱਕ 6 ਸਾਲਾ ਬੱਚੀ ਸਮੇਤ 20 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਕਰੋਨਾਵਾਇਰਸ ਦੇ ਵਧਦੇ ਮਰੀਜ਼ਾਂ ਦੇ ਦੌਰ ਦੌਰਾਨ ਹੀ ਰਾਹਤ ਭਰੀ ਖ਼ਬਰ ਇਹ ਵੀ ਹੈ ਕਿ ਹੁਣ ਤੱਕ ਕੁੱਲ 104 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਤੇ 356 ਵਿਅਕਤੀ ਹਾਲ ਦੀ ਘੜੀ ਹਸਪਤਾਲਾਂ ’ਚ ਇਲਾਜ ਅਧੀਨ ਹਨ।
ਇਹ ਵਾਇਰਸ ਭਾਵੇਂ ਸੂਬੇ ਦੇ 21 ਜ਼ਿਲ੍ਹਿਆਂ ਤੱਕ ਪੈਰ ਪਸਾਰ ਚੁੱਕਾ ਹੈ ਕਈ ਜ਼ਿਲ੍ਹਿਆਂ ਵਿੱਚ ਇੱਕਾ ਦੁੱਕਾ ਮਰੀਜ਼ਾਂ ਤੋਂ ਬਾਅਦ ਨਵੇਂ ਮਾਮਲੇ ਸਾਹਮਣੇ ਆਏ। ਫਾਜ਼ਿਲਕਾ ਜ਼ਿਲ੍ਹਾ ਹੁਣ ਤੱਕ ਵਾਇਰਸ ਦੀ ਮਾਰ ਤੋਂ ਬਚਿਆ ਹੋਇਆ ਹੈ। ਲੁਧਿਆਣਾ, ਜਲੰਧਰ, ਮੁਹਾਲੀ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਮੋਗਾ ਆਦਿ ਜ਼ਿਲ੍ਹਿਆਂ ’ਚ ਪੁਲੀਸ ਵੱਲੋਂ ਇਹਤਿਆਤ ਵਜੋਂ ਪਿੰਡਾਂ ਤੇ ਸ਼ਹਿਰੀ ਖੇਤਰਾਂ ਨੂੰ ਸੀਲ ਵੀ ਕਰ ਦਿੱਤਾ ਹੈ ਤੇ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਗਿਆ ਹੈ।