ਪੰਜਾਬ ਸਰਕਾਰ ਵੱਲੋਂ ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲਗਾਏ ਗਏ ਕਰਫਿਊ ਦਰਮਿਆਨ ਸਰਕਾਰੀ ਦਾਅਵਿਆਂ ਦੇ ਬਾਵਜੂਦ ਲੋਕਾਂ ਦੀਆਂ ਦੁਸ਼ਵਾਰੀਆਂ ਵਧ ਰਹੀਆਂ ਹਨ। ਸੂਬੇ ਦੇ ਦਿਹਾਤੀ ਅਤੇ ਸ਼ਹਿਰੀ ਦੋਵੇਂ ਥਾਈਂ ਵਸਦੇ ਲੋਕਾਂ ਦੀ ਜ਼ਿੰਦਗੀ ਨੂੰ ਜ਼ਰੂਰੀ ਵਸਤਾਂ ਦੀ ਘਾਟ ਨੇ ਇੱਕ ਤਰ੍ਹਾਂ ਨਾਲ ਲੀਹ ਤੋਂ ਲਾਹ ਦਿੱਤਾ ਹੈ। ਕਿਸਾਨਾਂ-ਵਪਾਰੀਆਂ ਨੂੰ ਤਾਂ ਕਈ ਪਾਸਿਆਂ ਤੋਂ ਮਾਰ ਪੈ ਰਹੀ ਹੈ। ਸ਼ਹਿਰਾਂ ਅਤੇ ਪਿੰਡਾਂ ਵਿਚਲੇ ਸਰਦੇ-ਪੁਜਦੇ ਲੋਕਾਂ ਨੇ ਤਾਂ ਨਿੱਤ ਵਰਤੋਂ ਦੀਆਂ ਵਸਤਾਂ ਨੂੰ ਭੰਡਾਰ ਕਰ ਲਿਆ ਹੈ ਪਰ ਆਮ ਬੰਦਾ ਚਾਰ ਕੁ ਦਿਨਾਂ ਅੰਦਰ ਹੀ ਚੱਕੀ ਦੇ ਪੁੜ ’ਚ ਪਿਸਦਾ ਦਿਖਾਈ ਦੇ ਰਿਹਾ ਹੈ। ਉਧਰ ਪੰਜਾਬ ਪੁਲੀਸ ਵੱਲੋਂ ਖੜ੍ਹੀਆਂ ਕੀਤੀਆਂ ਬੰਦਸ਼ਾਂ ਕਾਰਨ ਵੀ ਲੋਕਾਂ ਲਈ ਪ੍ਰੇਸ਼ਾਨੀਆਂ ਖੜ੍ਹੀਆਂ ਹੋ ਰਹੀਆਂ ਹਨ।
ਕਰਫਿਊ ਦੌਰਾਨ ਪੁਲੀਸ ਦੀਆਂ ਸਖ਼ਤੀਆਂ ਦਾ ਅਮਲ ਜਾਰੀ ਰਿਹਾ ਅਤੇ ਅੱਜ ਸੂਬੇ ’ਚ 80 ਦੇ ਕਰੀਬ ਹੋਰ ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ 100 ਤੋਂ ਵੱਧ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲੀਸ ਵੱਲੋਂ ਹੁਣ ਤੱਕ 800 ਦੇ ਕਰੀਬ ਵਿਅਕਤੀਆਂ ਖਿਲਾਫ਼ ਕਾਰਵਾਈ ਕੀਤੀ ਗਈ ਹੈ ਅਤੇ ਜ਼ਿਆਦਾਤਰ ਨੂੰ ਕਾਨੂੰਨੀ ਕਾਰਵਾਈ ਤੋਂ ਬਾਅਦ ਜ਼ਮਾਨਤ ’ਤੇ ਰਿਹਾਅ ਵੀ ਕਰ ਦਿੱਤਾ ਹੈ। ਸੂਬੇ ਵਿੱਚ ਕਈ ਥਾਵਾਂ ’ਤੇ ਆਮ ਲੋਕਾਂ ਅਤੇ ਪੁਲੀਸ ਮੁਲਾਜ਼ਮਾਂ ਦਰਮਿਆਨ ਟਕਰਾਅ ਦੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ ਹਨ ਤੇ ਕਈ ਥਾਈਂ ਪੁਲੀਸ ਮੁਲਾਜ਼ਮਾਂ ਨੇ ਲੋਕਾਂ ’ਤੇ ਡਾਂਗ ਵੀ ਚਲਾਈ। ਡੀਜੀਪੀ ਦਿਨਕਰ ਗੁਪਤਾ ਵੱਲੋਂ ਜ਼ਿਲ੍ਹਾ ਪੁਲੀਸ ਮੁਖੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਕਰਫਿਊ ਦੀਆਂ ਪਾਬੰਦੀਆਂ ਨੂੰ ਤਾਂ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇ ਪਰ ਲੋਕਾਂ ਨਾਲ ਅਣਮਨੁੱਖੀ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਪੰਜਾਬ ਪੁਲੀਸ, ਜ਼ਿਲ੍ਹਾ ਪ੍ਰਸ਼ਾਸਨ, ਗੈਰ-ਸਰਕਾਰੀ ਜਥੇਬੰਦੀਆਂ ਅਤੇ ਹੋਰ ਵਿਭਾਗਾਂ ਵੱਲੋਂ ਕਰੀਬ ਸਾਰੇ ਹੀ ਜ਼ਿਲ੍ਹਿਆਂ ਵਿੱਚ ਲੋਕਾਂ ਨੂੰ ਘਰਾਂ ਤੱਕ ਪਹੁੰਚ ਕਰ ਕੇ ਜ਼ਰੂਰੀ ਸਾਮਾਨ ਸਪਲਾਈ ਕੀਤਾ ਗਿਆ। ਪ੍ਰਸ਼ਾਸਨ ਅਤੇ ਲੋਕਾਂ ਦਰਮਿਆਨ ਪਾੜੇ ਦਾ ਵੱਡਾ ਆਧਾਰ ਸ਼ਹਿਰਾਂ ਵਿਚਲੀਆਂ ਕਰਿਆਨੇ ਦੀਆਂ ਦੁਕਾਨਾਂ ਵੱਲੋਂ ਲੋਕਾਂ ਨਾਲ ਤਾਲਮੇਲ ਨਾ ਬਿਠਾਉਣ ਅਤੇ ਪਿੰਡਾਂ ਵਿੱਚ ਦੁਕਾਨਾਂ ’ਤੇ ਸਾਮਾਨ ਖ਼ਤਮ ਹੋਣਾ ਬਣਿਆ ਹੋਇਆ ਹੈ। ਲੁਧਿਆਣਾ ਸ਼ਹਿਰ ਨਾਲ ਸਬੰਧਤ ਵਿਅਕਤੀਆਂ ਬਲਜਿੰਦਰ ਕੌਰ ਗਰੇਵਾਲ, ਨਾਨੂੰ ਸੋਢੀ ਅਤੇ ਜਗਦੀਸ਼ ਸਿੰਘ ਅਨੁਸਾਰ ਪ੍ਰਸ਼ਾਸਨ ਵੱਲੋਂ ਜੋ ਨੰਬਰ ਮੁਹੱਈਆ ਕਰਾਏ ਗਏ ਹਨ, ਉਨ੍ਹਾਂ ਤੋਂ ਕਿਸੇ ਵੀ ਤਰ੍ਹਾਂ ਦੀ ਸਹੂਲਤ ਨਹੀਂ ਮਿਲ ਰਹੀ। ਇੱਥੋਂ ਤੱਕ ਕਿ ਮੈਡੀਕਲ ਸਟੋਰਾਂ ਦੇ ਮਾਲਕ ਵੀ ਇਸ ਸੰਕਟ ਦੀ ਘੜੀ ਵਿੱਚ ਮਰੀਜ਼ਾਂ ਦੇ ਫੋਨ ਨਹੀਂ ਚੁੱਕ ਰਹੇ। ਹਾਲਾਂਕਿ ਪ੍ਰਸ਼ਾਸਨ ਨੇ ਦਾਅਵਾ ਕੀਤਾ ਹੈ ਕਿ ਦੱਸੇ ਗਏ ਨੰਬਰਾਂ ’ਤੇ ਫੋਨ ਕਰਨ ਤੋਂ ਬਾਅਦ ਰਾਸ਼ਨ ਅਤੇ ਦਵਾਈਆਂ ਲੋੜਵੰਦਾਂ ਦੇ ਘਰਾਂ ’ਚ ਪਹੁੰਚਾਈਆਂ ਜਾਣਗੀਆਂ। ਬਲਜਿੰਦਰ ਕੌਰ ਗਰੇਵਾਲ ਨੇ ਕਿਹਾ ਕਿ ਈਜ਼ੀ ਸਟੋਰ ’ਤੇ ਉਹ ਫੋਨ ਕਰ-ਕਰ ਕੇ ਅੱਕ ਗਏ ਪਰ ਕੋਈ ਸੰਪਰਕ ਨਹੀਂ ਹੋਇਆ। ਜਗਰਾਉਂ ਦੇ ਰਸ਼ਪਾਲ ਸਿੰਘ ਮੁਤਾਬਕ ਪਾਬੰਦੀਆਂ ਲੋਕ ਹਿੱਤ ਵਿੱਚ ਹਨ। ‘ਇਸ ਲਈ ਜੇਕਰ ਮਾੜੀ-ਮੋਟੀ ਤਕਲੀਫ਼ ਝੱਲ ਵੀ ਲਵਾਂਗੇ ਤਾਂ ਕੋਈ ਫਰਕ ਨਹੀਂ ਪੈਣ ਲੱਗਾ।’ ਖਰੜ ਦੀ ਸ਼ਿਵਜੋਤ ਕਲੋਨੀ ਦੇ ਵਾਸੀ ਅਤੇ ਪੰਜਾਬ ਮਨਿਸਟਰੀਅਲ ਯੂਨੀਅਨ ਦੇ ਸਾਬਕਾ ਜਨਰਲ ਸਕੱਤਰ ਰਮਨ ਕੁਮਾਰ ਸ਼ਰਮਾ ਨੇ ਕਿਹਾ ਕਿ ਚੰਡੀਗੜ੍ਹ ਦੇ ਐਨ ਨਾਲ ਵਸਦੇ ਖਰੜ ਅਤੇ ਆਸ-ਪਾਸ ਦੀਆਂ ਕਲੋਨੀਆਂ ’ਚ ਰਹਿਣ ਵਾਲੇ ਲੋਕ ਦੁੱਧ ਦੇ ਨਾਲ ਨਿੱਤ ਵਰਤੋਂ ਦੀਆਂ ਵਸਤਾਂ ਲਈ ਤਰਸੇ ਪਏ ਹਨ।
INDIA ਪੰਜਾਬ: ਕਰਫਿਊ ਅਤੇ ਵਸਤਾਂ ਦੀ ਘਾਟ ਬਣੀ ਜੀਅ ਦਾ ਜੰਜਾਲ