ਹਰਮਨਪ੍ਰੀਤ ਸਿੰਘ ਦੇ ਦੋ ਮੈਦਾਨੀ ਗੋਲਾਂ ਦੀ ਬਦੌਲਤ ਪੰਜਾਬ ਐਂਡ ਸਿੰਧ ਬੈਂਕ ਨੇ ਸੀਆਰਪੀਐਫ ਨੂੰ 35ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਦੇ ਰੋਮਾਂਚਕ ਮੁਕਾਬਲੇ ਵਿੱਚ 2-1 ਗੋਲਾਂ ਨਾਲ ਹਰਾ ਕੇ ਤਿੰਨ ਅੰਕ ਹਾਸਲ ਕਰ ਲਏ ਹਨ। ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਅੱਜ ਸ਼ੁਰੂ ਹੋਏ ਟੂਰਨਾਮੈਂਟ ਦੇ ਪੂਲ ‘ਬੀ’ ਦਾ ਮੁਕਾਬਲਾ ਸਾਬਕਾ ਚੈਂਪੀਅਨ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਅਤੇ ਆਲ ਇੰਡੀਆ ਪੁਲੀਸ ਖੇਡਾਂ ਦੀ ਜੇਤੂ ਸੀਆਰਪੀਐਫ ਦਿੱਲੀ ਵਿਚਾਲੇ ਕਾਫੀ ਦਿਲਚਸਪ ਰਿਹਾ। ਮੈਚ ਦੇ 18ਵੇਂ ਮਿੰਟ ਵਿੱਚ ਸੀਆਰਪੀਐਫ ਦੇ ਮੀਰਾਬਾ ਸਿੰਘ ਨੇ ਮੈਦਾਨੀ ਗੋਲ ਦਾਗ਼ ਕੇ ਸਿੰਧ ਬੈਂਕ ’ਤੇ ਲੀਡ ਬਣਾਈ। ਇਸ ਤੋਂ ਬਾਅਦ ਸਿੰਧ ਬੈਂਕ ਨੇ ਬਰਾਬਰੀ ਕਰਨ ਲਈ ਲਗਾਤਾਰ ਹਮਲੇ ਕੀਤੇ, ਪਰ ਸੀਆਰਪੀਐਫ ਨੇ ਸ਼ਾਨਦਾਰ ਬਚਾਅ ਕੀਤੇ। ਅੱਧੇ ਸਮੇਂ ਤੱਕ ਸੀਆਰਪੀਐਫ 1-0 ਨਾਲ ਅੱਗੇ ਸੀ। ਅੱਧੇ ਸਮੇਂ ਤੋਂ ਬਾਅਦ ਸਿੰਧ ਬੈਂਕ ਦੇ ਹਰਮਨਪ੍ਰੀਤ ਸਿੰਘ ਨੇ ਖੇਡ ਦੇ 48ਵੇਂ ਮਿੰਟ ਵਿੱਚ ਮੈਦਾਨੀ ਗੋਲ ਕਰਕੇ ਆਪਣੀ ਟੀਮ ਨੂੰ ਬਰਾਬਰੀ ’ਤੇ ਲੈ ਆਂਦਾ। ਇਸ ਤੋਂ ਬਾਅਦ ਸੀਆਰਪੀਐਫ ਨੇ ਲਗਾਤਾਰ ਤਿੰਨ ਪੈਨਲਟੀ ਕਾਰਨਰ ਗਵਾਏ। ਖੇਡ ਦੇ 52ਵੇਂ ਮਿੰਟ ਵਿੱਚ ਬੈਂਕ ਦੇ ਹਰਮਨਪ੍ਰੀਤ ਸਿੰਘ ਨੇ ਇੱਕ ਵਾਰ ਫਿਰ ਮੈਦਾਨੀ ਗੋਲ ਦਾਗ਼ੇ ਆਪਣੀ ਟੀਮ ਨੂੰ 2-1 ਨਾਲ ਜਿੱਤ ਦਿਵਾਈ। ਇਸ ਤੋਂ ਪਹਿਲਾਂ ਟੂਰਨਾਮੈਂਟ ਦਾ ਉਦਘਾਟਨ ਪਦਮਸ੍ਰੀ ਅਤੇ ਵਿਧਾਇਕ ਪਰਗਟ ਸਿੰਘ ਨੇ ਕੀਤਾ। ਇਸ ਮੌਕੇ ਅੰਮ੍ਰਿਤਸਰ ਵਾਪਰੇ ਰੇਲ ਹਾਦਸੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਉਸ ਤੋਂ ਬਾਅਦ ਵੱਖ-ਵੱਖ ਸਕੂਲਾਂ ਦੀਆਂ ਬੱਚੀਆਂ ਨੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ।
Sports ਪੰਜਾਬ ਐਂਡ ਸਿੰਧ ਬੈਂਕ ਨੇ ਸੀਆਰਪੀਐਫ ਨੂੰ 2-1 ਗੋਲਾਂ ਨਾਲ ਹਰਾਇਆ