ਚੰਡੀਗੜ੍ਹ- ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਪਏ ਮੀਂਹ ਕਾਰਨ ਠੰਢ ਦਾ ਜ਼ੋਰ ਜਾਰੀ ਹੈ। ਦੋਵਾਂ ਸੂਬਿਆਂ ਵਿੱਚ ਪਏ ਮੀਂਹ ਕਾਰਨ ਘੱਟੋ-ਘੱਟ ਤਾਪਮਾਨ ਆਮ ਨਾਲੋਂ ਕੁਝ ਡਿਗਰੀ ਵੱਧ ਰਿਹਾ।
ਮੌਸਮ ਵਿਭਾਗ ਦੇ ਅਧਿਕਾਰੀ ਅਨੁਸਾਰ ਪੰਜਾਬ ਦੇ ਅੰਮ੍ਰਿਤਸਰ, ਲੁਧਿਆਣਾ ਅਤੇ ਪਟਿਆਲਾ ਵਿੱਚ ਘੱਟੋ-ਘੱਟ ਤਾਪਮਾਨ ਕ੍ਰਮਵਾਰ 8.2 ਡਿਗਰੀ, 10 ਡਿਗਰੀ ਅਤੇ 10.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਪੰਜ ਡਿਗਰੀ ਵੱਧ ਹੈ। ਇਨ੍ਹਾਂ ਸ਼ਹਿਰਾਂ ਵਿੱਚ ਕ੍ਰਮਵਾਰ 2 ਐੱਮਐੱਮ, 2.4 ਐੱਮਐੱਮ ਅਤੇ 0.5 ਐੱਮਐੱਮ ਮੀਂਹ ਦਰਜ ਕੀਤਾ ਗਿਆ। ਬਾਕੀ ਸ਼ਹਿਰਾਂ ਪਠਾਨਕੋਟ, ਆਦਮਪੁਰ, ਹਲਵਾਰਾ, ਬਠਿੰਡਾ, ਫ਼ਰੀਦਕੋਟ ਅਤੇ ਗੁਰਦਾਸਪੁਰ ਵਿੱਚ ਘੱਟੋ-ਘੱਟ ਤਾਪਮਾਨ ਕ੍ਰਮਵਾਰ 9.5 ਡਿਗਰੀ, 9.4 ਡਿਗਰੀ, 9.1 ਡਿਗਰੀ, 9.6 ਡਿਗਰੀ, 9 ਡਿਗਰੀ ਅਤੇ 4.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਲਵਾਰਾ, ਬਠਿੰਡਾ, ਫ਼ਰੀਦਕੋਟ ਅਤੇ ਆਦਮਪੁਰ ਵਿਚ ਕ੍ਰਮਵਾਰ 2 ਐੱਮਐੱਮ, 4 ਐੱਮਐੱਮ, 2.1 ਐੱਮਐੱਮ ਅਤੇ 0.6 ਐੱਮਐੱਮ ਮੀਂਹ ਪਿਆ। ਗੁਆਂਢੀ ਰਾਜ ਹਰਿਆਣਾ ਦੇ ਸ਼ਹਿਰਾਂ ਵਿੱਚ ਘੱਟੋ-ਘੱਟ ਤਾਪਮਾਨ 8 ਤੋਂ 10 ਡਿਗਰੀ ਸੈਲਸੀਅਸ ਵਿਚਾਲੇ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ ਲਗਭਗ ਤਿੰਨ ਡਿਗਰੀ ਵੱਧ ਸੀ। ਅੰਬਾਲਾ ਵਿੱਚ 0.7 ਐੱਮਐੱਮ ਮੀਂਹ ਪਿਆ। ਰਾਜਧਾਨੀ ਚੰਡੀਗੜ੍ਹ ਵਿੱਚ ਵੀ ਦਿਨ ਭਰ ਹਲਕੀ ਬੂੰਦਾਬਾਂਦੀ ਹੁੰਦੀ ਰਹੀ ਅਤੇ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 11.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ ਛੇ ਡਿਗਰੀ ਵੱਧ ਹੈ।
ਨਵੀਂ ਦਿੱਲੀ: ਕੌਮੀ ਰਾਜਧਾਨੀ ਵਿੱਚ ਛਾਈ ਬੱਦਲਵਾਈ ਕਾਰਨ ਘੱਟੋ-ਘੱਟ ਤਾਪਮਾਨ ਆਮ ਨਾਲੋਂ ਤਿੰਨ ਡਿਗਰੀ ਵੱਧ ਰਿਹਾ। ਮੌਸਮ ਵਿਭਾਗ ਅਨੁਸਾਰ ਅਗਲੇ ਤਿੰਨ-ਚਾਰ ਦਿਨਾਂ ਵਿੱਚ ਮੀਂਹ ਪੈਣ ਕਾਰਨ ਹਫ਼ਤੇ ਦੇ ਅਖ਼ੀਰ ਤੱਕ ਪਾਰਾ ਹੇਠਾਂ ਡਿੱਗਣ ਅਤੇ ਠੰਢ ਵਧਣ ਦੀ ਸੰਭਾਵਨਾ ਹੈ। ਕੌਮੀ ਰਾਜਧਾਨੀ ਵਿੱਚ ਅੱਜ ਵੱਧ ਤੋਂ ਵੱਧ 19.1 ਡਿਗਰੀ ਅਤੇ ਘੱਟ ਤੋਂ ਘੱਟ 9.9 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਉੱਚੇ ਪਹਾੜੀ ਖੇਤਰਾਂ ਵਿੱਚ ਅੱਜ ਸੱਜਰੀ ਬਰਫ਼ਬਾਰੀ ਹੋਈ ਜਦਕਿ ਨੀਵੇਂ ਪਹਾੜੀ ਤੇ ਮੈਦਾਨੀ ਖੇਤਰਾਂ ਵਿੱਚ ਮੀਂਹ ਪਿਆ। ਇਸ ਕਾਰਨ ਇਸ ਪਹਾੜੀ ਰਾਜ ਦਾ ਵੱਧ ਤੋਂ ਵੱਧ ਤਾਪਮਾਨ ਲਗਭਗ 6-7 ਡਿਗਰੀ ਹੇਠਾਂ ਆ ਗਿਆ। ਸ਼ਿਮਲਾ ਮੌਸਮ ਕੇਂਦਰ ਦੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਦੱਸਿਆ ਕਿ ਲਾਹੌਲ-ਸਪਿਤੀ, ਕਿਨੌਰ, ਸ਼ਿਮਲਾ, ਕੁਫ਼ਰੀ, ਮਨਾਲੀ ਅਤੇ ਬਾਰਮੌਰ ਵਿੱਚ ਤਾਜ਼ਾ ਬਰਫ਼ਬਾਰੀ ਹੋਈ। ਬਾਰਮੌਰ ਵਿੱਚ 5 ਸੈਂਟੀਮੀਟਰ ਬਰਫ਼ ਪਈ ਜਦਕਿ ਗੋਂਡਲਾ, ਕੁਫ਼ਰੀ ਅਤੇ ਕੇਲੌਂਗ ਵਿੱਚ 3-3 ਸੈਂਟੀਮੀਟਰ ਬਰਫ਼ਬਾਰੀ ਹੋਈ। ਕਲਪਾ, ਸ਼ਿਮਲਾ ਅਤੇ ਉਦੇਪੁਰ ਵਿੱਚ ਕ੍ਰਮਵਾਰ 2.2, 2.1 ਅਤੇ 1 ਸੈਂਟੀਮੀਟਰ ਬਰਫ਼ ਪਈ। ਸੈਰ-ਸਪਾਟਾ ਕੇਂਦਰਾਂ ਮਨਾਲੀ, ਡਲਹੌਜ਼ੀ, ਕੁਫ਼ਰੀ, ਕੇਲੌਂਗ ਅਤੇ ਕਲਪਾ ਵਿੱਚ ਤਾਪਮਾਨ ਮਨਫੀ ਵਿੱਚ ਰਿਹਾ। ਮਨਫੀ 9 ਡਿਗਰੀ ਤਾਪਮਾਨ ਨਾਲ ਕੇਲੌਂਗ ਸੂਬੇ ਭਰ ਵਿੱਚੋਂ ਠੰਢਾ ਰਿਹਾ। ਸ਼ਿਮਲਾ ਵਿੱਚ ਤਾਪਮਾਨ 0.8 ਡਿਗਰੀ ਦਰਜ ਕੀਤਾ ਗਿਆ।
INDIA ਪੰਜਾਬ ਅਤੇ ਹਰਿਆਣਾ ’ਚ ਮੀਂਹ; ਠੰਢ ਦਾ ਕਹਿਰ ਜਾਰੀ