* 29 ਅਪਰੈਲ ਤਕ ਭਰੇ ਜਾਣਗੇ ਪਰਚੇ; ਵੋਟਾਂ 19 ਮਈ ਨੂੰ
* ਕਾਂਗਰਸ, ਅਕਾਲੀ ਦਲ, ‘ਆਪ’ ਅਤੇ ਪੰਜਾਬ ਏਕਤਾ ਪਾਰਟੀ ਦਾ ਵੱਕਾਰ ਦਾਅ ’ਤੇ ਲੱਗਿਆ
ਪੰਜਾਬ ਦੀਆਂ 13 ਅਤੇ ਚੰਡੀਗੜ੍ਹ ਦੀ ਇਕਲੌਤੀ ਸੰਸਦੀ ਸੀਟ ਲਈ ਭਲਕੇ ਸੋਮਵਾਰ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਜਾ ਸਕਣਗੇ। ਚੋਣ ਕਮਿਸ਼ਨ ਵੱਲੋਂ ਸੰਸਦੀ ਚੋਣਾਂ ਦੇ ਆਖਰੀ ਗੇੜ ਲਈ ਭਲਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। ਇਨ੍ਹਾਂ ਚੋਣਾਂ ਲਈ ਵੋਟਾਂ 19 ਮਈ ਨੂੰ ਪੈਣਗੀਆਂ। ਚੋਣ ਕਮਿਸ਼ਨ ਦੇ ਐਲਾਨ ਮੁਤਾਬਕ 22 ਤੋਂ 29 ਅਪਰੈਲ ਤੱਕ ਪਰਚੇ ਭਰੇ ਜਾਣਗੇ। 30 ਅਪਰੈਲ ਨੂੰ ਕਾਗਜ਼ਾਂ ਦੀ ਪੜਤਾਲ ਹੋਵੇਗੀ ਅਤੇ 2 ਮਈ ਨੂੰ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਹਨ। ਪੰਜਾਬ ਦੇ 2 ਕਰੋੜ 3 ਲੱਖ 74 ਹਜ਼ਾਰ 375 ਵੋਟਰਾਂ ਵੱਲੋਂ ਜਮਹੂਰੀ ਹੱਕ ਦੀ ਵਰਤੋਂ ਕੀਤੀ ਜਾਵੇਗੀ। ਇਨ੍ਹਾਂ ਵਿੱਚ ਮਹਿਲਾ ਵੋਟਰਾਂ ਦੀ ਗਿਣਤੀ 96 ਲੱਖ 19 ਹਜ਼ਾਰ 711 ਅਤੇ ਮਰਦ ਵੋਟਰਾਂ ਦੀ ਗਿਣਤੀ 1 ਕਰੋੜ 7 ਲੱਖ 54 ਹਜ਼ਾਰ 157 ਹੈ। ਸੂਬੇ ਵਿੱਚ 14460 ਥਾਵਾਂ ’ਤੇ 23213 ਪੋਲਿੰਗ ਬੂਥ ਕਾਇਮ ਕੀਤੇ ਜਾਣਗੇ। ਕਮਿਸ਼ਨ ਵੱਲੋਂ 17 ਆਮ ਨਿਗਰਾਨ ਅਤੇ 19 ਖ਼ਰਚਾ ਨਿਗਰਾਨ ਤਾਇਨਾਤ ਕੀਤੇ ਗਏ ਹਨ। ਜਿਨ੍ਹਾਂ ਸੰਸਦੀ ਹਲਕਿਆਂ ਵਿੱਚ ਉਮੀਦਵਾਰਾਂ ਵੱਲੋਂ ਜ਼ਿਆਦਾ ਪੈਸਾ ਖ਼ਰਚ ਕੀਤੇ ਜਾਣ ਦੇ ਆਸਾਰ ਹਨ, ਉਨ੍ਹਾਂ ਹਲਕਿਆਂ ਨੂੰ ਕਮਿਸ਼ਨ ਨੇ ਸੰਵੇਦਨਸ਼ੀਲ ਕਰਾਰ ਦਿੰਦਿਆਂ ਦੋ-ਦੋ ਖ਼ਰਚਾ ਨਿਗਰਾਨ ਤਾਇਨਾਤ ਕੀਤੇ ਹਨ। ਖ਼ਰਚੇ ਦੇ ਪੱਖ ਤੋਂ ਸੰਵੇਦਨਸ਼ੀਲ ਹਲਕਿਆਂ ਵਿੱਚ ਪਟਿਆਲਾ, ਬਠਿੰਡਾ, ਅੰਮ੍ਰਿਤਸਰ, ਲੁਧਿਆਣਾ, ਜਲੰਧਰ ਅਤੇ ਗੁਰਦਾਸਪੁਰ ਸ਼ਾਮਲ ਹਨ। ਸੂਤਰਾਂ ਮੁਤਾਬਕ ਫਿਰੋਜ਼ਪੁਰ ਅਤੇ ਫਤਿਹਗੜ੍ਹ ਸਾਹਿਬ ਨੂੰ ਖ਼ਰਚੇ ਦੇ ਪੱਖ ਤੋਂ ਇਸੇ ਸ਼੍ਰੇਣੀ ਵਿੱਚ ਲਿਆਂਦਾ ਜਾ ਰਿਹਾ ਹੈ। ਪੰਜਾਬ ਦੇ ਚੋਣ ਅਧਿਕਾਰੀਆਂ ਨੇ ਨੀਮ ਸੁਰੱਖਿਆ ਬਲਾਂ ਦੀਆਂ 350 ਕੰਪਨੀਆਂ ਮੰਗੀਆਂ ਸਨ ਪਰ ਕੇਂਦਰੀ ਗ੍ਰਹਿ ਮੰਤਰਾਲੇ ਨੇ 215 ਕੰਪਨੀਆਂ ਦੇਣ ਦੀ ਹਾਮੀ ਭਰੀ ਹੈ ਜਿਨ੍ਹਾਂ ਦੀ ਤਾਇਨਾਤੀ ਨੋਟੀਫਿਕੇਸ਼ਨ ਹੋਣ ਮਗਰੋਂ ਕੀਤੀ ਜਾਵੇਗੀ।
ਸੰਸਦੀ ਚੋਣਾਂ ਨੇ ਭਾਵੇਂ ਦਿੱਲੀ ਦੇ ਤਖ਼ਤ ਦਾ ਫ਼ੈਸਲਾ ਕਰਨਾ ਹੈ ਪਰ ਪੰਜਾਬ ਦੀਆਂ ਸਿਆਸੀ ਧਿਰਾਂ ਲਈ ਇਹ ਚੋਣਾਂ ਵੱਕਾਰ ਦਾ ਸਵਾਲ ਬਣ ਗਈਆਂ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਵਾ ਦੋ ਸਾਲ ਦਾ ਕਾਰਜਕਾਲ ਇੱਕ ਇਮਤਿਹਾਨ ਵਾਂਗ ਹੈ। ਕਾਂਗਰਸ ਪਾਰਟੀ ਦੇ ਬਹੁ ਗਿਣਤੀ ਉਮੀਦਵਾਰ ਵੀ ਅਮਰਿੰਦਰ ਸਿੰਘ ਦੀ ਪਸੰਦ ਦੇ ਹੀ ਹਨ। ਮੁੱਖ ਮੰਤਰੀ ਨੂੰ ਆਲਸ ਤਿਆਗ ਕੇ ਇਨ੍ਹਾਂ ਚੋਣਾਂ ਦੇ ਬਿਤਹਰ ਨਤੀਜਿਆਂ ਲਈ ਸਰਗਰਮੀ ਦਿਖਾਉਣੀ ਪਵੇਗੀ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਇਨ੍ਹਾਂ ਚੋਣਾਂ ਦੇ ਸਹਾਰੇ ਹੀ ਖੁੱਸਿਆ ਵੱਕਾਰ ਬਹਾਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਬੇਅਦਬੀ ਅਤੇ ਪੁਲੀਸ ਗੋਲੀ ਕਾਂਡ ਦੇ ਦੋਸ਼ਾਂ ’ਚ ਘਿਰਨ ਮਗਰੋਂ ਅਕਾਲੀ ਸਿਆਸੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਇਸੇ ਤਰ੍ਹਾਂ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਅਤੇ ਆਮ ਆਦਮੀ ਪਾਰਟੀ ਦੇ ਸਿਆਸੀ ਭਵਿੱਖ ਦਾ ਨਿਤਾਰਾ ਵੀ ਇਨ੍ਹਾਂ ਚੋਣਾਂ ਦੇ ਨਤੀਜਿਆਂ ’ਤੇ ਬਹੁਤ ਜ਼ਿਆਦਾ ਨਿਰਭਰ ਕਰੇਗਾ। ਸੂਬੇ ਦੇ 13 ਹਲਕਿਆਂ ਲਈ ਕਾਂਗਰਸ ਪਾਰਟੀ ਵੱਲੋਂ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ 8 ਉਮੀਦਵਾਰ ਐਲਾਨੇ ਹਨ ਜਦਕਿ ਭਾਜਪਾ ਨੇ ਆਪਣੇ ਹਿੱਸੇ ਦੀਆਂ ਤਿੰਨ ਸੀਟਾਂ ਤੋਂ ਅਜੇ ਉਮੀਦਵਾਰ ਨਹੀਂ ਐਲਾਨੇ ਹਨ। ਪੰਜਾਬ ਵਿੱਚ ਵੋਟਾਂ ਅੰਤਿਮ ਗੇੜ ਵਿੱਚ ਹੋਣ ਕਾਰਨ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਵੀ ਚੋਣ ਪ੍ਰਚਾਰ ਮਘਾਏ ਜਾਣ ਦੇ ਆਸਾਰ ਹਨ।
ਸਾਰੀਆਂ ਸੀਟਾਂ ’ਤੇ ਕਾਂਗਰਸ, ਅਕਾਲੀ-ਭਾਜਪਾ ਗੱਠਜੋੜ, ਆਮ ਆਦਮੀ ਪਾਰਟੀ, ਪੰਜਾਬ ਏਕਤਾ ਪਾਰਟੀ, ਲੋਕ ਇਨਸਾਫ਼ ਪਾਰਟੀ, ਬਹੁਜਨ ਸਮਾਜ ਪਾਰਟੀ, ਸੀਪੀਆਈ ਅਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੇ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ ਕੀਤਾ ਹੈ। ਜਿਨ੍ਹਾਂ ਵੱਡੀਆਂ ਸਿਆਸੀ ਹਸਤੀਆਂ ਨੇ ਮੈਦਾਨ ’ਚ ਉਤਰਨ ਦਾ ਐਲਾਨ ਕੀਤਾ ਹੈ, ਉਨ੍ਹਾਂ ਵਿੱਚ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਸਾਬਕਾ ਕੇਂਦਰੀ ਮੰਤਰੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ, ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ, ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕਮੇਡੀਅਨ ਭਗਵੰਤ ਸਿੰਘ ਮਾਨ, ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਦੋ ਸਾਬਕਾ ਨੌਕਰਸ਼ਾਹ ਦਰਬਾਰਾ ਸਿੰਘ ਗੁਰੂ ਤੇ ਡਾ. ਅਮਰ ਸਿੰਘ ਸ਼ਾਮਲ ਹਨ।