ਹੁਸੈਨਪੁਰ (ਸਮਾਜ ਵੀਕਲੀ) (ਕੌੜਾ)- ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬ ਅਚੀਵਮੈਂਟ ਸਰਵੇ (ਪੈਸ) ਦੇ ਪਹਿਲੇ ਪੜਾਅ ਦੇ ਮੁਲਾਂਕਣ ਲਈ 21 ਸਤੰਬਰ ਤੋਂ ਲਏ ਜਾ ਰਹੇ ਟੈਸਟਾਂ ਸਬੰਧੀ ਜਿਲ੍ਹਾ ਕਪੂਰਥਲਾ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਬੰਧੀ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਮੱਸਾ ਸਿੰਘ ਸਿੱਧੂ, ਉੱਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਬਿਕਰਮਜੀਤ ਸਿੰਘ ਥਿੰਦ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਗੁਰਸ਼ਰਨ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀਆਂ ਦੇ ਸਿੱਖਣ ਪਰਿਣਾਮਾਂ ਦੇ ਮੁਲਾਂਕਣ ਸਬੰਧੀ ਕਰਵਾਏ ਜਾ ਰਹੇ ਪੰਜਾਬ ਅਚੀਵਮੈਂਟ ਸਰਵੇ (ਪੈਸ) ਦੇ ਮੁਲਾਂਕਣ ਲਈ 21 ਸਤੰਬਰ ਤੋਂ ਵੱਖ-ਵੱਖ ਜਮਾਤਾਂ ਦੇ ਟੈਸਟ ਲਏ ਜਾਣਗੇ।
ਜਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਪਹਿਲੇ ਪੜਾਅ ਦੇ ਇਸ ਮੁਲਾਂਕਣ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਟੈਸਟ ਦੀ ਤਿਆਰੀ ਲਈ ਵਿੱਦਿਅਕ ਸਮੱਗਰੀ ਹਰ ਇੱਕ ਵਿਦਿਆਰਥੀ ਤੱਕ ਪਹੁੰਚ ਰਹੀ ਹੈ ਅਤੇ ਅਧਿਆਪਕਾਂ ਵੱਲੋਂ ਹਰ ਵਿਦਿਆਰਥੀ ਨਾਲ ਸੰਪਰਕ ਬਣਾ ਕੇ ਰੱਖਿਆ ਜਾ ਰਿਹਾ ਹੈ ਤਾਂ ਜੋ 100 ਫ਼ੀਸਦੀ ਨਤੀਜੇ ਪ੍ਰਾਪਤ ਕੀਤੇ ਜਾ ਸਕਣ। ਇਸ ਸਬੰਧੀ ਸਕੂਲ ਮੁਖੀਆਂ, ਸਿੱਖਿਆ ਸੁਧਾਰ ਟੀਮਾਂ, ਡੀ.ਐਮ., ਬੀ.ਐੱਮ. ਅਤੇ ਵੱਖ ਵੱਖ ਵਿਸ਼ਿਆਂ ਦੇ ਅਧਿਆਪਕਾਂ ਨਾਲ ਮੀਟਿੰਗਾਂ ਹੋ ਚੁੱਕੀਆਂ ਹਨ, ਜਿਸ ਦਾ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ਉੱਪ ਜਿਲ੍ਹਾ ਸਿੱਖਿਆ ਅਫ਼ਸਰ(ਸੈ.ਸਿ.) ਬਿਕਰਮਜੀਤ ਸਿੰਘ ਥਿੰਦ ਨੇ ਦੱਸਿਆ ਕਿ 21 ਸਤੰਬਰ ਤੋਂ ਹੋਣ ਵਾਲੇ ਟੈਸਟ ਪੈਸ ਅਤੇ ਮਹੀਨਾਵਾਰ ਮੁਲਾਂਕਣ ਦਾ ਸੁਮੇਲ ਹੋਣਗੇ ਅਤੇ ਇਹਨਾਂ ਟੈਸਟਾਂ ਲਈ ਜਿਲ੍ਹੇ ਦੇ ਅਧਿਆਪਕਾਂ ਵੱਲੋਂ ਤਿਆਰੀਆਂ ਸਿਖਰ ‘ਤੇ ਪਹੁੰਚਾ ਦਿੱਤੀਆਂ ਹਨ।
ਉਹਨਾਂ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ‘ਚ ਉਕਤ ਸਰਵੇਖਣ ‘ਚ ਆਪਣੇ ਰਾਜ ਦੀ ਸੌ ਫੀਸਦੀ ਕਾਰਗੁਜ਼ਾਰੀ ਦਿਖਾਉਣ ਲਈ ਪੂਰੀ ਯੋਜਨਾਬੰਦੀ ਨਾਲ ਤਿਆਰੀਆਂ ਵਿੱਢ ਦਿੱਤੀਆਂ ਹਨ। ਜਿਸ ਤਹਿਤ ਜਿਲ੍ਹਾ ਕਪੂਰਥਲਾ ਵਿੱਚ 100 ਫੀਸਦੀ ਨਤੀਜੇ ਪ੍ਰਾਪਤ ਕਰਨ ਲਈ ਬਹੁਤ ਸਾਰੀਆਂ ਸਰਗਰਮੀਆਂ ਚਲਾਈਆਂ ਜਾ ਰਹੀਆਂ ਹਨ। ਪੈਸ ਦੀ ਸਫਲਤਾ ਲਈ ਜਿਲ੍ਹਾ ਸਿੱਖਿਆ ਅਧਿਕਾਰੀਆਂ ਦੀ ਅਗਵਾਈ ਵਿੱਚ ਜਿੱਥੇ ਸਿੱਖਿਆ ਵਿਭਾਗ ਦੇ ਹਰ ਕਰਮਚਾਰੀ ਵੱਲੋਂ ਭਰਵਾਂ ਸਹਿਯੋਗ ਕੀਤਾ ਜਾ ਰਿਹਾ ਹੈ ਉੱਥੇ ਵਿਦਿਆਰਥੀਆਂ, ਮਾਪਿਆਂ, ਪੰਚਾਇਤਾਂ ਅਤੇ ਲੋਕ ਨੁਮਾਇੰਦਿਆਂ ਵਿੱਚ ਵੀ ਪੈਸ ਸਬੰਧੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਜਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਅਚੀਵਮੈਂਟ ਸਰਵੇਖਣ ਦਾ ਮਕਸਦ ਜਿੱਥੇ ਵਿਦਿਆਰਥੀਆਂ ਦੇ ਸਿੱਖਣ ਪਰਿਣਾਮਾਂ ਦਾ ਮੁਲਾਂਕਣ ਕਰਨਾ ਹੈ, ਉੱਥੇ ਬੱਚਿਆਂ ਨੂੰ ਮੁਕਾਬਲੇਬਾਜ਼ੀ ਵਾਲੀਆਂ ਪ੍ਰੀਖਿਆਵਾਂ ਲਈ ਵੀ ਤਿਆਰ ਕਰਨਾ ਹੈ।
ਉਨ੍ਹਾਂ ਦੱਸਿਆ ਕਿ ਪੈਸ ਦੇ ਸਮੁੱਚੇ ਅਮਲ ਨੂੰ ਨੇਪਰੇ ਚਾੜ੍ਹਨ ਲਈ ਸਿੱਖਿਆ ਵਿਭਾਗ ਦੇ ਆਦੇਸ਼ਾਂ ਅਨੁਸਾਰ ਇੱਕ ਮਹੀਨਾ ਪਹਿਲਾ ਹੀ ਜਿਲ੍ਹੇ ਭਰ ਵਿੱਚ ਪੂਰੀ ਯੋਜਨਾਬੰਦੀ ਨਾਲ ਮੁਲਾਂਕਣ ਪ੍ਰਕਿਰਿਆ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਪੈਸ ਦੀ ਸਫਲਤਾ ਲਈ ਇੱਕ-ਇੱਕ ਵਿਦਿਆਰਥੀ ਤੱਕ ਪਹੁੰਚ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਬੱਚਿਆਂ ਦੇ ਸਿੱਖਣ ਪਰਿਣਾਮਾਂ ‘ਚ ਵਾਧਾ ਕਰਨ ਲਈ ਐਜੂਕੇਅਰ ਐਪ ਬਣਾਈ ਗਈ ਹੈ ਜਿਸ ਵਿੱਚ ਪ੍ਰੀ ਨਰਸਰੀ ਤੋਂ 12 ਵੀਂ ਜਮਾਤ ਤੱਕ ਵਿਦਿਆਰਥੀਆਂ ਲਈ ਹਰ ਤਰ੍ਹਾਂ ਦੀ ਪਾਠਕ੍ਰਮ ਨਾਲ ਸਬੰਧਤ ਸਮੱਗਰੀ ਮੌਜੂਦ ਹੈ। ਇਸ ਦੇ ਨਾਲ ਹੀ ਵਿਭਾਗ ਵੱਲੋਂ ਕਰੋਨਾ ਸੰਕਟ ਦੇ ਬਾਵਜ਼ੂਦ ਵੀ ਦੂਰਦਰਸ਼ਨ, ਆਨਲਾਈਨ, ਸੋਸ਼ਲ ਮੀਡੀਆ ਤੇ ਹੋਰ ਵੱਖ ਵੱਖ ਚੈਨਲਾਂ ਰਾਹੀਂ ਵਿਦਿਆਰਥੀਆਂ ਨੂੰ ਲਗਾਤਾਰ ਸਿੱਖਿਆ ਨਾਲ ਜੋੜ ਕੇ ਰੱਖਿਆ ਗਿਆ ਹੈ। ਉਹਨਾਂ ਕਿਹਾ ਕਿਪੈਸ ਦੀ ਤਿਆਰੀ ਲਈ ਜਿਲ੍ਹੇ ਦੇ ਅਧਿਆਪਕਾਂ ਤੇ ਸਕੂਲ ਮੁਖੀਆਂ ਨੂੰ ਵੀ ਸਿਖਲਾਈ ਦਿੱਤੀ ਜਾ ਚੁੱਕੀ ਹੈ।