ਦੇਸ਼ ਭਗਤ ਯਾਦਗਾਰ ਹਾਲ ਵਿੱਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਚਾਰ ਚਰਚਾ ਕਰਵਾਈ ਗਈ ਜਿਸ ਵਿਚ ਨਾਟਕਕਾਰ ਸਵਰਾਜਬੀਰ ਨੇ ਕਿਹਾ ਕਿ ਜਿੱਥੇ ਬਾਬੇ ਨਾਨਕ ਦੀ ਬਾਣੀ ਸਮਾਜਿਕ ਏਕਤਾ ਅਤੇ ਬਰਾਬਰੀ ਲਈ ਸੰਘਰਸ਼ ਦਾ ਸੱਦਾ ਦਿੰਦੀ ਹੈ ਉਥੇ ਸਥਾਪਤੀ ਵਿਰੁੱਧ ਸਵਾਲ ਵੀ ਖੜ੍ਹੇ ਕਰਦੀ ਹੈ। ‘ਗੁਰੂ ਨਾਨਕ ਦੇਵ ਜੀ ਦੀ ਬਾਣੀ: ਸਮਾਜਿਕ ਸੰਘਰਸ਼ ਦੀ ਸਾਖੀ’ ਵਿਸ਼ੇ ’ਤੇ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਬਾਬੇ ਨਾਨਕ ਦੀ ਬਾਣੀ ਨੇ ਵਿਚਾਰ-ਵਟਾਂਦਰਾ ਕਰਨ ਦੀ ਨਿਵੇਕਲੀ ਪਿਰਤ ਪਾਈ ਤੇ ਪਾਖੰਡਵਾਦ ਵਿਰੁੱਧ ਲੋਕ ਚੇਤਨਾ ਪੈਦਾ ਕੀਤੀ।
ਉਨ੍ਹਾਂ ਕਿਹਾ ਕਿ ਬਾਬੇ ਨਾਨਕ ਦੀ ਬਾਣੀ ਪ੍ਰਸ਼ਨਮਈ ਹੈ। ਪੰਜਾਬੀ ਬੋਲੀ ਨੂੰ ਬਾਬੇ ਨਾਨਕ ਦੀ ਬਾਣੀ ਨੇ ਬਹੁਤ ਹੀ ਅਮੀਰੀ ਬਖਸ਼ੀ ਹੈ। ਪੰਜਾਬੀ ਬੋਲੀ ਨੂੰ ਆਪਣੇ ਪੂਰੇ ਜਲੌਅ ਵਿੱਚ ਦੇਖਣਾ ਹੈ ਤਾਂ ਫਿਰ ਗੁਰੂ ਨਾਨਕ ਦੀ ਬਾਣੀ ਨੂੰ ਪੜ੍ਹਨਾ ਹੀ ਪਵੇਗਾ। ਉਨ੍ਹਾਂ ਕਿਹਾ ਕਿ ਰਾਬਿੰਦਰ ਨਾਥ ਟੈਗੋਰ ਨੇ ਐਵੇਂ ਨਹੀਂ ਸੀ ਕਿਹਾ ਕਿ ਜਿਹੜੀ ਭਾਸ਼ਾ ਵਿੱਚ ਬਾਬੇ ਨਾਨਕ ਤੇ ਬੁੱਲ੍ਹੇ ਸ਼ਾਹ ਨੇ ਗਾਇਆ ਹੈ ਉਹ ਭਲਾ ਗਰੀਬ ਕਿਵੇਂ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਦੌਰ ਵਿੱਚ ਬ੍ਰਾਹਮਣਵਾਦ ਤੇ ਜਗੀਰੂਵਾਦ ਦਾ ਵੱਧ ਜ਼ੋਰ ਸੀ ਤੇ ਹੱਥੀਂ ਕੰਮ ਕਰਨ ਵਾਲਿਆਂ ਨੂੰ ਨੀਵੇਂ ਦਰਜੇ ਦੇ ਸਮਝਿਆ ਜਾਂਦਾ ਸੀ ਪਰ ਗੁਰੂ ਸਾਹਿਬ ਕਿਰਤ ਨੂੰ ਬੁਨਿਆਦੀ ਮਨੁੱਖੀ ਗੁਣ ਵਜੋਂ ਪਛਾਣਦੇ ਸਨ। ਉਨ੍ਹਾਂ ਦੇ ਦੌਰ ਵਿੱਚ ਹੀ ਕਿਰਤੀਆਂ ਨੂੰ ਸਤਿਕਾਰ ਮਿਲਣਾ ਸ਼ੁਰੂ ਹੋਇਆ ਸੀ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਬਾਬੇ ਨਾਨਕ ਦੇ ਬੋਲਾਂ ਦੀ ਰਾਖੀ ਨਹੀਂ ਕੀਤੀ। ਉਨ੍ਹਾਂ ਬਾਬੇ ਨਾਨਕ ਦੀ ਬਾਣੀ ਅਨੁਸਾਰ ਸਮਾਜਿਕ ਬਰਾਬਰੀ ਲਈ ਸੰਘਰਸ਼ ਕਰਨ ਦੀ ਅਪੀਲ ਵੀ ਕੀਤੀ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ, ਸਹਾਇਕ ਸਕੱਤਰ ਡਾ.ਪਰਮਿੰਦਰ, ਖਜ਼ਾਨਚੀ ਰਣਜੀਤ ਸਿੰਘ ਔਲਖ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਮੰਚ ’ਤੇ ਸੁਸ਼ੋਭਿਤ ਹੋਏ। ਕਮੇਟੀ ਦੇ ਜਨਰਲ ਸਕੱਤਰ ਨੇ ਸਵਾਗਤ ਕਰਦਿਆਂ ਸਤੰਬਰ ਮਹੀਨੇ ਦੇ ਸ਼ਹੀਦਾਂ ਨੂੰ ਸਿਜਦਾ ਕੀਤਾ ਤੇ ਚਰਚਾ ਰਾਹੀਂ ਸਮਕਾਲੀ ਸਮਿਆਂ ਦੇ ਮੁੱਦਿਆਂ ਨਾਲ ਸੰਵਾਦ ਛੇੜਨ ਦੇ ਮਹੱਤਵ ਬਾਰੇ ਦੱਸਿਆ। ਇਸ ਮੌਕੇ ਕਮੇਟੀ ਦੇ ਸਹਾਇਕ ਸਕੱਤਰ ਡਾ.ਪਰਮਿੰਦਰ ਨੇ ਵੀ ਵਿਚਾਰ ਪ੍ਰਗਟਾਏ। ਇਸ ਮੌਕੇ ਦੇਸ਼ ਭਗਤ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਨਾਟਕਕਾਰ ਸਵਰਾਜਬੀਰ ਨੂੰ ਪੁਸਤਕਾਂ ਦੇ ਸੈੱਟ ਨਾਲ ਸਨਮਾਨਤ ਕੀਤਾ। ਵਿਚਾਰ-ਚਰਚਾ ’ਚ ਕਾਮਰੇਡ ਜਗਰੂਪ, ਡਾ. ਸੁਰਿੰਦਰ ਸਿੱਧੂ, ਰਾਜਿੰਦਰ ਕੁਮਾਰ ਫਗਵਾੜਾ, ਡਾ.ਹਰਜਿੰਦਰ ਅਟਵਾਲ, ਡਾ.ਸੈਲੇਸ਼, ਦੇਸ ਰਾਜ ਕਾਲੀ, ਮਨਜੀਤ ਸਿੰਘ, ਚੇਤਨ ਕੁਮਾਰ, ਪੱਤਰਕਾਰ ਸਤਨਾਮ ਮਾਣਕ, ਡਾ. ਜਗਜੀਤ ਸਿੰਘ ਚੀਮਾ, ਆਲੋਚਕ ਡਾ.ਰਜਨੀਸ਼ ਬਹਾਦਰ ਵੱਲੋਂ ਕੀਤੇ ਸੁਆਲਾਂ ਦੇ ਸਵਰਾਜਬੀਰ ਨੇ ਜਵਾਬ ਦਿੱਤੇ। ਕਮੇਟੀ ਦੇ ਵਿੱਤ ਸਕੱਤਰ ਰਣਜੀਤ ਸਿੰਘ ਔਲਖ ਨੇ ਧੰਨਵਾਦੀ ਸ਼ਬਦ ਕਹੇ। ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਮੰਚ ਸੰਚਾਲਨ ਕੀਤਾ।
INDIA ਪੰਜਾਬੀ ਬੋਲੀ ਨੂੰ ਬਾਬੇ ਨਾਨਕ ਨੇ ਅਮੀਰੀ ਬਖਸ਼ੀ: ਸਵਰਾਜਬੀਰ