ਲੁਧਿਆਣਾ (ਸਮਾਜ ਵੀਕਲੀ): ਮਸ਼ਹੂਰ ਪੰਜਾਬੀ ਗਾਇਕ ਅਤੇ ਕਾਮੇਡੀ ਕਿੰਗ ਕੇ. ਦੀਪ (ਕੁਲਦੀਪ ਸਿੰਘ) ਦਾ ਅੱਜ ਸ਼ਾਮ ਇੱਥੇ ਦੀਪ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਊਹ 80 ਵਰ੍ਹਿਆਂ ਦੇ ਸਨ। ਉਨ੍ਹਾਂ ਦਾ ਪਿਛਲੇ ਕਈ ਦਿਨਾਂ ਤੋਂ ਇਲਾਜ ਚੱਲ ਰਿਹਾ ਸੀ ਅਤੇ ਦੋ ਅਪਰੇਸ਼ਨ ਵੀ ਹੋਏ ਸਨ। ਉਨ੍ਹਾਂ ਦੀ ਦੇਖ ਭਾਲ ਲਈ ਕੈਨੇਡਾ ਤੋਂ ਊਨ੍ਹਾਂ ਦੀ ਧੀ ਗੁਰਪ੍ਰੀਤ ਕੌਰ ਪਹੁੰਚੀ ਹੋਈ ਸੀ।
ਪੰਜਾਬੀ ਗੀਤਕਾਰ ਸਭਾ ਪੰਜਾਬ ਦੇ ਸਰਪ੍ਰਸਤ ਸਰਬਜੀਤ ਸਿੰਘ ਬਿਰਦੀ ਨੇ ਦੱਸਿਆ ਕਿ ਕੇ. ਦੀਪ ਨੇ ‘ਬਾਬਾ ਵੇ ਕਲਾ ਮਰੋੜ’, ‘ਮੇਰਾ ਬੜਾ ਕਰਾਰਾ ਪੂਤਨਾ’, ‘ਘੜਾ ਵੱਜਦਾ ਘੜੋਲੀ ਵੱਜਦੀ’, ‘ਬਾਪੂ ਵੇ ਅੱਡ ਹੁੰਨੀ ਆਂ’ ਆਦਿ ਗੀਤਾਂ ਰਾਹੀਂ ਨਾਂ ਕਮਾਇਆ ਸੀ। ਉਨ੍ਹਾਂ ਵਲੋਂ ਆਪਣੀ ਪਤਨੀ ਜਗਮੋਹਨ ਕੌਰ ਨਾਲ ਕੀਤੀ ਕਾਮੇਡੀ ‘ਪੋਸਤੀ’ ਅਤੇ ‘ਮਾਈ ਮੋਹਣੋ’ ਅੱਜ ਵੀ ਲੋਕਾਂ ਦੀ ਜ਼ੁਬਾਨ ’ਤੇ ਚੜ੍ਹੀ ਹੋਈ ਹੈ।
ਸੈਂਕੜੇ ਦੋ-ਗਾਣਿਆਂ ਰਾਹੀਂ ਪੰਜਾਬੀ ਲੋਕ ਗਾਇਕੀ ਨੂੰ ਦੇਸ਼-ਵਿਦੇਸ਼ ਤੱਕ ਪਹੁੰਚਾਊਣ ਵਾਲੇ ਕੇ. ਦੀਪ ਦੇ ਦੇਹਾਂਤ ਦੀ ਖ਼ਬਰ ਸੁਣਦਿਆਂ ਹੀ ਦੇਸ਼-ਵਿਦੇਸ਼ ਤੋਂ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਹਨ। ਇਸ ਮਹਿਬੂਬ ਗਾਇਕ ਦੀ ਅੰਤਿਮ ਯਾਤਰਾ ਭਲਕੇ 23 ਅਕਤੂਬਰ ਨੂੰ ਇੱਥੇ ਓ-ਮੈਕਸ ਕਲੋਨੀ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਸ਼ੁਰੂ ਹੋਵੇਗੀ ਅਤੇ ਲੁਧਿਆਣਾ ਦੇ ਮਾਡਲ ਟਾਊਨ ਐਕਸਟੈਨਸ਼ਨ ਵਿਚ ਸਸਕਾਰ ਕੀਤਾ ਜਾਵੇਗਾ।
ਪੰਜਾਬੀ ਸਾਹਿਤ ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਗੁਲਜ਼ਾਰ ਪੰਧੇਰ ਨੇ ਦੱਸਿਆ ਕਿ ਇਲਾਜ ਦੌਰਾਨ ਕੇ. ਦੀਪ ਆਪਣੇ ਦੋਸਤਾਂ-ਮਿੱਤਰਾਂ ਨੂੰ ਯਾਦ ਕਰਦੇ ਰਹੇ। ਸਾਹਿਤਕਾਰ ਡਾ. ਐੱਸ.ਐੱਨ. ਸੇਵਕ ਸਣੇ ਹੋਰ ਕਈ ਸਾਹਿਤਕਾਰਾਂ, ਅਦਾਕਾਰਾਂ ਅਤੇ ਲੋਕ ਗਾਇਕਾਂ ਨੇ ਕੇ. ਦੀਪ ਦੇ ਤੁਰ ਜਾਣ ’ਤੇ ਡੂੰਘਾ ਦੁੱਖ ਪ੍ਰਗਟਾਇਆ ਹੈ।