ਪੰਜਾਬੀ ਗ਼ਜ਼ਲ

ਮੁਸਤਫ਼ਾ  ਰਾਜ

(ਸਮਾਜ ਵੀਕਲੀ)

ਦੁੱਖ ਦੇ ਫਲਿਆਂ ਗਾਹਿਆ ਸਾਨੂੰ
ਤੂੜੀ  ਵਾਂਙ ਉਡਾਇਆ ਸਾਨੂੰ

ਦੋਜ਼ਖ਼ ਨਾਲ਼ੋਂ ਘੱਟ ਨਹੀਂ ਦੁਨੀਆ
ਥੋੜਾਂ ਨਾਲ਼ ਲੜਾਇਆ ਸਾਨੂੰ

ਰੀਝਾਂ   ਨੂੰ  ਹੁਣ   ਮੁੱਢੋਂ  ਵੱਢਣਾ
ਜਿਨ੍ਹਾਂ    ਫਾਹੇ  ਲਾਇਆ  ਸਾਨੂੰ

ਤੇਰੇ    ਬੰਦਿਆਂ   ਤੇਰੀ  ਕਸਮੇਂ
ਡੋਰਾਂ  ਵਾਂਗਰ   ਵਾਹਿਆ  ਸਾਨੂੰ

ਤੇਰੇ    ਕੋਲੋਂ    ਵੱਖਰੇ   ਹੋ   ਕੇ
ਜੀਵਣ ਢੰਗ ਨਹੀਂ ਆਇਆ ਸਾਨੂੰ

ਤੈਨੂੰ ਇਸ਼ਕਾ ਸ਼ਰਮ ਨਹੀਂ ਆਉਂਦੀ
ਗਧੀ    ਗੇੜੇ    ਪਾਇਆ   ਸਾਨੂੰ

ਕਿਵੇਂ ਇੱਕ  ਮੁੱਠ  ਵਸਦੇ ਰਹੇ ਓ
ਗੱਲ ਸੁਣਾ  ਕੋਈ ਤਾਇਆ ਸਾਨੂੰ

ਪੈਰ ਹੱਥ ਚੁੱਮਾਂ ਉਹਦੇ ਜਿਹਨੇ
ਮੰਜ਼ਿਲ ਤੀਕ ਪਹੁੰਚਾਇਆ ਸਾਨੂੰ

ਰਾਜ ਭਰਾ ਤੂੰ ਭੋਇੰ  ‘ਤੇ ਸੁੱਟ ਦੇ
ਸਿਰ ‘ਤੇ ਜਿਹੜਾ ਚਾਇਆ ਸਾਨੂੰ
*******************
ਮੁਸਤਫ਼ਾ  ਰਾਜ (ਲਹਿੰਦਾ ਪੰਜਾਬ)
ਵਟਸਐਪ = +923406055508

Previous articleਅਰਵਿੰਦ ਕੇਜਰੀਵਾਲ ਦੀ ਦੂਜੀ ਗਰੰਟੀ ਦੀ ਜਾਣਕਾਰੀ ਦਿੰਦਿਆਂ ਮੈਂਬਰਸ਼ਿਪ ਕਾਰਡ ਬਣਾਏ
Next articleਕੌਮਾਂਤਰੀ ਸ਼ੱਕਰ ਰੋਗ ਦਿਵਸ ‘ਤੇ ਵਿਸ਼ੇਸ਼ – 14 ਨਵੰਬਰ