ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਐਲਾਨ ਕੀਤਾ ਹੈ ਕਿ ਯੂਪੀ ਵਿੱਚ ਪਾਰਟੀ ਦੀ ਸਰਕਾਰ ਬਣਨ ’ਤੇ ਪੰਜਾਬੀ ਅਕਾਦਮੀ ਦੇ ਫੰਡਾਂ ਵਿੱਚ ਵੀਹ ਗੁਣਾਂ ਵਾਧਾ ਕੀਤਾ ਜਾਵੇਗਾ ਤੇ ਪੰਜਾਬੀ ਦੇ ਇੱਕ ਹਜ਼ਾਰ ਅਧਿਆਪਕ ਭਰਤੀ ਕੀਤੇ ਜਾਣਗੇ। ਇੱਥੇ ਪਾਰਟੀ ਬੁਲਾਰੇ ਨੇ ਦੱਸਿਆ ਕਿ ਬਲਵੰਤ ਸਿੰਘ ਰਾਮੂਵਾਲੀਆ ਦੇ ਯਤਨਾਂ ਸਦਕਾ ਚੋਣ ਮਨੋਰਥ ਪੱਤਰ ਵਿੱਚ ਇਹ ਮੰਗ ਸ਼ਾਮਲ ਕਰ ਲਈ ਜਾਵੇਗੀ। ਬੁਲਾਰੇ ਮੁਤਾਬਕ ਯੂਪੀ ਦੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੀ ਅਗਵਾਈ ਹੇਠ ਸਮਾਜਵਾਦੀ ਪਾਰਟੀ ਦੇ ਲਖਨਊ ਸਥਿਤ ਮੁੱਖ ਦਫ਼ਤਰ ਵਿਚ ਸਿੱਖਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਅਖਿਲੇਸ਼ ਯਾਦਵ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਦੀ ਸਰਕਾਰ ਬਣਨ ਉਤੇ ਪੰਜਾਬੀ ਅਕਾਦਮੀ ਯੂਪੀ ਦਾ ਬਜਟ ਇੱਕ ਕਰੋੜ ਤੋਂ ਵਧਾ ਕੇ 20 ਕਰੋੜ ਕਰ ਦਿੱਤਾ ਜਾਵੇਗਾ ਤੇ ਨਾਲ ਹੀ ਪੰਜਾਬੀ ਦੇ ਇਕ ਹਜ਼ਾਰ ਨਵੇਂ ਅਧਿਆਪਕ ਭਰਤੀ ਕੀਤੇ ਜਾਣਗੇ। ਤਰਾਈ ਖੇਤਰ (ਸਿੱਖ ਵੱਸੋਂ) ਵਿਚ 800 ਕਿਲੋਮੀਟਰ ਸੜਕਾਂ ਦਾ ਹੋਰ ਨਿਰਮਾਣ ਕੀਤਾ ਜਾਵੇਗਾ ਤਾਂ ਜੋ ਹਰ ਪਿੰਡ ਅਤੇ ਡੇਰਿਆਂ ਨੂੰ ਸੜਕ ਨਾਲ ਜੋੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪਟਵਾਰੀਆਂ ਦੁਆਰਾ ਲੈਂਡ ਸੀਲਿੰਗ ਦੇ ਨਾਂ ’ਤੇ ਤੰਗ ਕਰਨ ਨੂੰ ਹਮੇਸ਼ਾ ਲਈ ਖਤਮ ਕਰ ਦਿੱਤਾ ਜਾਵੇਗਾ। ਉਨ੍ਹਾਂ ਸਿੱਖਾਂ ਦੀਆਂ ਪੱਗਾਂ ਦੀਆਂ ਸ਼ਲਾਘਾ ਕਰਦਿਆਂ ਸਿੱਖਾਂ ਦੇ ਇਤਿਹਾਸ ਨੂੰ ਸ਼ਾਨਦਾਰ ਦੱਸਿਆ। ਉਨ੍ਹਾਂ ਸਿੱਖਾਂ ਦੀਆਂ ਅਣਗੌਲੀਆਂ ਸਮੱਸਿਆਵਾਂ ਨੂੰ ਸੁਣਿਆ।
INDIA ਪੰਜਾਬੀ ਅਕਾਦਮੀ ਯੂਪੀ ਦਾ ਬਜਟ ਵੀਹ ਗੁਣਾਂ ਵਧਾਵਾਂਗੇ: ਅਖਿਲੇਸ਼