ਪਿੰਡ ਬੱਬੇਹਾਲੀ ਦੀ ਪੰਚਾਇਤ ਦੀ ਵੰਡ ਨੂੰ ਲੈ ਕੇ ਦਿਹਾਤੀ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਮੌਜੂਦਾ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਆਹਮੋ ਸਾਹਮਣੇ ਹਨ। ਬਰਿੰਦਰਮੀਤ ਸਿੰਘ ਪਾਹੜਾ ਨੇ ਦੋਸ਼ ਲਾਇਆ ਕਿ ਪਿੰਡ ਬੱਬੇਹਾਲੀ ਦੀ ਪੰਚਾਇਤ ਦੀ ਵੰਡ ਹੋ ਜਾਣ ਦੇ ਬਾਵਜੂਦ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਆਪਣੇ ਮਹਿਕਮੇ ਨੂੰ ਹਦਾਇਤ ਕੀਤੀ ਹੈ ਕਿ ਪਿੰਡ ਦੀ ਪੰਚਾਇਤ ਇੱਕੋ ਹੀ ਰਹੇ।
ਦੱਸਣਯੋਗ ਹੈ ਕਿ ਗੁਰਬਚਨ ਸਿੰਘ ਬੱਬੇਹਾਲੀ ਸੰਨ 2007 ਵਿਚ ਅਕਾਲੀ ਦਲ ਵਿਚ ਸ਼ਾਮਿਲ ਹੋਣ ਤੋਂ ਪਹਿਲਾਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸਨ। ਹੁਣ ਵੀ ਕਾਂਗਰਸ ਦੇ ਕਈ ਸੀਨੀਅਰ ਨੇਤਾਵਾਂ ਦੇ ਨਾਲ ਉਨ੍ਹਾਂ ਦੇ ਚੰਗੇ ਸਬੰਧ ਹਨ। ਗੁਰਬਚਨ ਸਿੰਘ ਬੱਬੇਹਾਲੀ ਦੇ ਪੁੱਤਰ ਐਡਵੋਕੇਟ ਅਮਰਜੋਤ ਸਿੰਘ ਬੱਬੇਹਾਲੀ ਕਈ ਸਾਲ ਪਿੰਡ ਦੇ ਸਰਪੰਚ ਰਹਿ ਚੁੱਕੇ ਹਨ। ਜ਼ਿਲ੍ਹੇ ਨਾਲ ਸਬੰਧਿਤ ਇਕ ਵਿਧਾਇਕ ਦਾ ਕਹਿਣਾ ਹੈ ਕਿ ਪਿੰਡ ਦੀ ਪੰਚਾਇਤ ਨੂੰ ਵੰਡ ਕੇ ਵਿਧਾਇਕ ਪਾਹੜਾ ਆਪਣੇ ਕਿਸੇ ਵਫ਼ਾਦਾਰ ਨੂੰ ਦੋ ਵਿੱਚੋਂ ਇੱਕ ਪੰਚਾਇਤ ਦਾ ਮੁਖੀਬਣਾਉਣਾ ਚਾਹੁੰਦੇ ਹਨ ਤਾਂ ਕਿ ਗੁਰਬਚਨ ਸਿੰਘ ਬੱਬੇਹਾਲੀ ਨੂੰ ਹਾਸ਼ੀਏ ’ਤੇ ਲਿਆਂਦਾ ਜਾ ਸਕੇ ਪਰ ਬਾਜਵਾ , ਵਿਧਾਇਕ ਪਾਹੜਾ ਦੇ ਮਨਸੂਬੇ ਕਾਮਯਾਬ ਹੋਣ ਵਿੱਚ ਅੜਿੱਕਾ ਡਾਹ ਰਹੇ ਹਨ। ਇਸ ਸਬੰਧੀ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਪਿੰਡ ਦੀ ਪੰਚਾਇਤ ਨੂੰ ਇੱਕੋ ਰੱਖੇ ਜਾਣ ਦਾ ਫ਼ੈਸਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਹੈ। ਉਨ੍ਹਾਂ ਕਿਹਾ ਕਿ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰ ਕੇ ਉਨ੍ਹਾਂ ਦੇ ਮਹਿਕਮੇ ਨੇ ਕੁਝ ਗ਼ਲਤ ਨਹੀਂ ਕੀਤਾ। ਪਰ ਦੂਜੇ ਪਾਸੇ ਵਿਧਾਇਕ ਬਰਿੰਦਰ ਮੀਤ ਸਿੰਘ ਪਾਹੜਾ ਦਾ ਕਹਿਣਾ ਹੈ ਕਿ ਜੇਕਰ ਇਸ ਸਬੰਧੀ ਕੋਈ ਅਦਾਲਤੀ ਹੁਕਮ ਹਨ ਤਾਂ ਬਾਜਵਾ ਉਹ ਹੁਕਮ ਜਨਤਕ ਕਰਨ । ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਮਸਲੇ ਨੂੰ ਬੀਤੇ ਕੱਲ੍ਹ ਵਿਧਾਇਕ ਪਾਹੜਾ ਨੇ ਵਿਧਾਨ ਸਭਾ ਵਿੱਚ ਜ਼ੋਰਦਾਰ ਢੰਗ ਨਾਲ ਚੁੱਕਿਆ ਸੀ ਅਤੇ ਸਪੀਕਰ ਵੱਲੋਂ ਵਾਰ ਵਾਰ ਉਨ੍ਹਾਂ ਨੂੰ ਸ਼ਾਂਤ ਰਹਿਣ ਲਈ ਆਖਿਆ ਗਿਆ ਪਰ ਉਹ ਆਪਣੀ ਗੱਲ ’ਤੇ ਅੜੇ ਰਹੇ ਸਨ।
INDIA ਪੰਚਾਇਤ ਮੰਤਰੀ ਅਤੇ ਵਿਧਾਇਕ ਦਰਮਿਆਨ ਖੜਕੀ