ਪੰਚਾਇਤ ਚੋਣਾਂ: ਪੰਚੀ ਦੇ 748 ਅਤੇ ਸਰਪੰਚੀ ਦੇ 276 ਨਾਮਜ਼ਦਗੀ ਪੱਤਰ ਰੱਦ

ਪੰਚਾਇਤ ਚੋਣਾਂ ਵਾਸਤੇ ਨਾਮਜ਼ਦਗੀ ਪੱਤਰਾਂ ਦੀ ਜਾਂਚ ਦੌਰਾਨ ਵੱਡੀ ਗਿਣਤੀ ਵਿਚ ਨਾਮਜ਼ਦਗੀ ਪੱਤਰ ਰੱਦ ਹੋ ਗਏ ਹਨ। ਪੰਚਾਂ ਦੀ ਚੋਣ ਵਾਸਤੇ ਲਗਪਗ 748 ਨਾਮਜ਼ਦਗੀ ਪੱਤਰ ਅਤੇ ਸਰਪੰਚ ਦੀ ਚੋਣ ਵਾਸਤੇ ਲਗਪਗ 276 ਨਾਮਜ਼ਦਗੀ ਪੱਤਰ ਰੱਦ ਹੋਏ ਹਨ। ਵਧੀਕ ਜ਼ਿਲਾ ਚੋਣਕਾਰ ਅਧਿਕਾਰੀ ਕੋਲੋਂ ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹੇ ਦੀਆਂ 860 ਪੰਚਾਇਤਾਂ ਵਾਸਤੇ 9 ਬਲਾਕਾਂ ਵਿਚੋਂ 14011 ਨਾਮਜ਼ਦਗੀ ਪੱਤਰ ਪੰਚਾਂ ਵਾਸਤੇ ਭਰੇ ਗਏ ਸਨ, ਜਿਸ ਵਿਚੋਂ ਜਾਂਚ ਦੌਰਾਨ 748 ਨਾਮਜ਼ਦਗੀ ਪੱਤਰ ਰੱਦ ਹੋ ਗਏ ਹਨ ਅਤੇ 13097 ਠੀਕ ਪਾਏ ਗਏ ਹਨ। ਇਨ੍ਹਾਂ ਵਿਚੋਂ ਸੌ ਨਾਮਜ਼ਦਗੀ ਪੱਤਰਾਂ ਦਾ ਮਾਮਲਾ ਵਿਚਾਰ ਅਧੀਨ ਹੈ। ਸਭ ਤੋਂ ਵੱਧ ਨਾਮਜ਼ਦਗੀ ਪੱਤਰ ਅਜਨਾਲਾ ਬਲਾਕ ਵਿਚੋਂ 116, ਚੋਗਾਵਾਂ ਵਿਚੋਂ 99, ਹਰਸ਼ਾ ਛੀਨਾ ਵਿਚੋਂ 60, ਵੇਰਕਾ ਵਿਚੋਂ 103, ਅਟਾਰੀ ਵਿਚੋਂ 53, ਜੰਡਿਆਲਾ ਵਿਚੋਂ 18, ਮਜੀਠਾ ਵਿਚੋਂ 69, ਰਈਆ ਵਿਚੋਂ 114 ਅਤੇ ਤਰਸਿੱਕਾ ਵਿਚੋਂ 116 ਨਾਮਜ਼ਦਗੀ ਪੱਤਰ ਰੱਦ ਹੋਏ ਹਨ। ਸਰਪੰਚ ਦੀ ਚੋਣ ਵਾਸਤੇ 9 ਬਲਾਕਾਂ ਵਿਚੋਂ 3378 ਨਾਮਜ਼ਦਗੀ ਪੱਤਰ ਦਾਖਲ ਹੋਏ ਸਨ, ਜਿਸ ਵਿਚੋਂ ਅੱਜ 276 ਰੱਦ ਹੋ ਗਏ ਹਨ ਅਤੇ 3129 ਠੀਕ ਪਾਏ ਗਏ ਹਨ। ਲਗਪਗ 24 ਨਾਮਜ਼ਦਗੀ ਪੱਤਰਾਂ ਦਾ ਮਾਮਲਾ ਵਿਚਾਰ ਅਧੀਨ ਹੈ। ਸਰਪੰਚ ਦੀ ਚੋਣ ਵਾਸਤੇ ਸਭ ਤੋਂ ਵਧੇਰੇ ਚੋਗਾਵਾਂ ਬਲਾਕ ਵਿਚੋਂ 67 ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਹਨ। ਇਸ ਤੋਂ ਇਲਾਵਾ ਅਜਨਾਲਾ ਵਿਚ 54, ਹਰਸ਼ਾ ਛੀਨਾ ਵਿਚ 33, ਵੇਰਕਾ ਵਿਚ 22, ਅਟਾਰੀ ਵਿਚ 10, ਜੰਡਿਆਲਾ ਵਿਚ 4, ਮਜੀਠਾ ਵਿਚ 16, ਰਈਆ ਵਿਚ 42 ਅਤੇ ਤਰਸਿੱਕਾ ਵਿਚ 28 ਨਾਮਜ਼ਦਗੀ ਪੱਤਰ ਰੱਦ ਹੋਏ ਹਨ। ਵੱਡੀ ਗਿਣਤੀ ਵਿਚ ਨਾਮਜ਼ਦਗੀ ਪੱਤਰ ਰੱਦ ਕੀਤੇ ਜਾਣ ’ਤੇ ਉਮੀਦਵਾਰਾਂ ਵਿਚ ਭਾਰੀ ਰੋਸ ਹੈ। ਖਾਸ ਕਰਕੇ ਅਕਾਲੀ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਰੱਦ ਹੋਣ ਨੂੰ ਧੱਕੇਸ਼ਾਹੀ ਕਰਾਰ ਦਿੱਤਾ ਜਾ ਰਿਹਾ ਹੈ।

Previous articleਨਾਜਾਇਜ਼ ਕਬਜ਼ੇ: ਡਿਫਾਲਟਰਾਂ ਤੋਂ ਵਸੂਲੇ ਜਾਣਗੇ ਮੋਟੇ ਜੁਰਮਾਨੇ
Next articleਨਾਮਜ਼ਦਗੀ ਕਾਗਜ਼ ਰੱਦ ਹੋਣ ਤੋਂ ਖ਼ਫ਼ਾ ਅਕਾਲੀਆਂ ਵਲੋਂ ਰੋਸ ਮਾਰਚ