ਮੋਗਾ (ਸਮਾਜਵੀਕਲੀ): ਕੋਵਿਡ-19 ਕਾਰਨ ਹੋਏ ‘ਲੌਕਡਾਊਨ’ ਨਾਲ ਖੇਤੀ ਸੈਕਟਰ ’ਚ ਪਰਵਾਸੀ ਮਜ਼ਦੂਰਾਂ ਦੀ ਘਾਟ ਨਾਲ ਝੋਨੇ ਦੀ ਲਵਾਈ ਪ੍ਰਭਾਵਿਤ ਹੋਈ ਹੈ। ਇਸ ਦੇ ਨਾਲ ਹੀ ਪੰਜਾਬੀ ਮਜ਼ਦੂਰਾਂ ਵੱਲੋਂ ਲਵਾਈ ਲਈ ਮਨਮਰਜ਼ੀ ਦੀ ਮਜ਼ਦੂਰੀ ਮੰਗਣ ਨਾਲ ਕਿਸਾਨਾਂ ਨੂੰ ਆਰਥਿਕ ਝਟਕਾ ਵੀ ਲੱਗ ਰਿਹਾ ਹੈ। ਪੰਚਾਇਤਾਂ ਵੱਲੋਂ ਹੁਣ ਮਤੇ ਪਾਸ ਕਰਕੇ ਮਜ਼ਦੂਰੀ ਤੈਅ ਕੀਤੀ ਜਾ ਰਹੀ ਹੈ ਤੇ ਇਸ ਕਾਰਨ ਭਾਈਚਾਰਕ ਸਾਂਝ ’ਚ ਵੀ ਵੰਡੀਆਂ ਪੈ ਰਹੀਆਂ ਹਨ।
ਇੱਥੋਂ ਨੇੜਲੇ ਪਿੰਡ ਤਾਰੇਵਾਲਾ (ਨਵਾਂ ਮੋਗਾ) ਅਤੇ ਪਿੰਡ ਖੁਖਰਾਣਾ ਦੀ ਪੰਚਾਇਤ ਨੇ ਮਤਾ ਪਾਸ ਕਰਕੇ ਝੋਨੇ ਦੀ ਲਵਾਈ 3200 ਅਤੇ ਬਾਸਮਤੀ ਦੀ 3500 ਰੁਪਏ ਪ੍ਰਤੀ ਏਕੜ ਨਿਸ਼ਚਿਤ ਕੀਤੀ ਹੈ। ਉਲੰਘਣਾ ਕਰਨ ਵਾਲੇ ਕਿਸਾਨ ਨੂੰ ਜੁਰਮਾਨਾ ਵੀ ਰੱਖਿਆ ਗਿਆ ਹੈ। ਤਾਰੇਵਾਲਾ (ਨਵਾਂ ਮੋਗਾ) ਦੇ ਸਰਪੰਚ ਹਰਬੰਸ ਸਿੰਘ ਤੇ ਹੋਰਨਾਂ ਨੇ ਕਿਹਾ ਕਿ ਪੰਜਾਬੀ ਮਜ਼ਦੂਰ ਝੋਨਾ ਲਾਉਣ ਦਾ ਮਨਮਰਜ਼ੀ ਦਾ ਭਾਅ ਮੰਗ ਰਹੇ ਹਨ, ਜਿਹੜਾ ਹਰ ਕਿਸਾਨ ਦੇ ਵੱਸ ਦੀ ਗੱਲ ਨਹੀਂ ਹੈ।
ਉਨ੍ਹਾਂ ਕਿਹਾ ਕਿ ਪਿੰਡ ਦੀ ਸੱਥ ਵਿਚ ਪੰਚਾਇਤ ਅਤੇ ਕਿਸਾਨਾਂ ਵੱਲੋਂ ਕੀਤੇ ਗਏ ਇਕੱਠ ਵਿਚ ਪਿੰਡ ਦੇ ਮਜ਼ਦੂਰਾਂ ਨੂੰ ਵੀ ਬੁਲਾਇਆ ਗਿਆ ਸੀ, ਪਰ ਉਹ ਨਹੀਂ ਪਹੁੰਚੇ। ਦੂਜੇ ਪਾਸੇ ਮਜ਼ਦੂਰ ਜਥੇਬੰਦੀਆਂ ਨੇ ਪੰਚਾਇਤੀ ਮਤਿਆਂ ਦਾ ਵਿਰੋਧ ਕਰਦਿਆਂ ਇਨ੍ਹਾਂ ਰੇਟਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਸਰਪੰਚ ਨੇ ਨਾਲ ਹੀ ਮੰਨਿਆ ਕਿ ਮਤੇ ਵਿੱਚ ਕੁਝ ਇਤਰਾਜ਼ਯੋਗ ਸ਼ਬਦ ਸਨ ਜੋ ਕੱਢ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਕਿਸਾਨ ਪਿੰਡ ਤੋਂ ਬਾਹਰਲੇ ਖੇਤ ਮਜ਼ਦੂਰਾਂ ਤੋਂ ਕੰਮ ਵੀ ਕਰਵਾ ਸਕਦਾ ਹੈ ਤੇ ਮਜ਼ਦੂਰ ਵੀ ਦੂਜੇ ਪਿੰਡ ’ਚ ਮਜ਼ਦੂਰੀ ਕਰ ਸਕਦੇ ਹਨ। ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਨੇ ਕਿਹਾ ਕਿ ਮਜਬੂਰ ਕਿਸਾਨਾਂ ਨੂੰ 4500 ਤੋਂ 5 ਹਜ਼ਾਰ ਰੁਪਏ ਤੱਕ ਪ੍ਰਤੀ ਏਕੜ ਝੋਨੇ ਦੀ ਲਵਾਈ ਦੇਣੀ ਪੈ ਰਹੀ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਜਿਣਸ ਦਾ ਮੂਲ ਵਧਣ ਨਾਲ ਭਾਵੇਂ ਦਿਹਾੜੀਆਂ ਵਧਦੀਆਂ ਰਹੀਆਂ ਹਨ, ਪਰ ਮੌਜੂਦਾ ਸਮੇਂ ਮਜ਼ਦੂਰੀ ਕਾਫ਼ੀ ਜ਼ਿਆਦਾ ਵੱਧ ਗਈ ਹੈ ਤੇ ਖ਼ਰਚੇ ਪੂਰੇ ਨਹੀਂ ਹੋ ਰਹੇ। ਖੇਤੀ ਵਿਗਿਆਨੀ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਪਰਵਾਸੀ ਮਜ਼ਦੂਰਾਂ ਦੀ ਕਮੀ ਅਤੇ ਮਹਿੰਗੀ ਲਵਾਈ ਕਾਰਨ ਇਸ ਵਾਰ ਕਿਸਾਨਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਨੂੰ ਤਰਜੀਹ ਦਿੱਤੀ ਜਾ ਰਹੀ ਹੈ।