ਜਲੰਧਰ (ਸਮਾਜਵੀਕਲੀ): ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.), ਪੰਜਾਬ ਇਕਾਈ ਦੇ ਸੂਬਾ ਪ੍ਰਧਾਨ ਜਸਵਿੰਦਰ ਵਰਿਆਣਾ ਨੇ ਇੱਕ ਪ੍ਰੈਸ ਬਿਆਨ ‘ਚ ਕਿਹਾ ਕਿ ਕਰੋਨਾ ਮਹਾਮਾਰੀ ਕਾਰਨ ਸਾਰੀ ਦੁਨੀਆਂ ਵਿਚ ਲੋਕਾਂ ਦਾ ਜੀਵਨ ਅਸਤ ਵਿਅਸਤ ਹੋ ਗਿਆ ਹੈ। ਇਸ ਦੀ ਮਾਰ ਖਾਸ ਕਰਕੇ ਮਜ਼ਦੂਰ ਵਰਗ ਨੂੰ ਪਈ ਹੈ। ਦੇਸ਼ ਦੇ ਕਈ ਪ੍ਰਾਂਤਾਂ ਵਿਚ ਸਰਕਾਰਾਂ ਦੁਆਰਾ ਮਜ਼ਦੂਰਾਂ ਦੇ ਹੱਕਾਂ ਵਿਚ ਕਾਨੂੰਨਨ ਤਬਦੀਲੀ ਕਰਕੇ ਖੋਹ ਲਏ ਗਏ ਹਨ।
ਮਾਲੀ ਨੁਕਸਾਨ ਦੇ ਨਾਲ ਨਾਲ ਬਹੁਤ ਸਾਰੇ ਪਰਵਾਸੀ ਮਜ਼ਦੂਰਾਂ ਦੀਆਂ ਆਪਣੇ ਜੱਦੀ ਪਿੰਡਾਂ ਅਤੇ ਸ਼ਹਿਰਾਂ ਨੂੰ ਵਾਪਸ ਪਰਤਣ ਵੇਲੇ ਜਾਨਾਂ ਤਕ ਚਲੀਆਂ ਗਈਆਂ। ਪਰਵਾਸ ਕਾਰਨ ਪੰਜਾਬ ਵਿਚ ਮਜ਼ਦੂਰਾਂ ਦੀ ਘਾਟ ਆਈ ਹੈ। ਵਰਿਆਣਾ ਨੇ ਕਿਹਾ ਕਿ ਪੰਜਾਬ ਦੇ ਮਾਲਵੇ ਖੇਤਰ ਵਿਚ ਦੇਖਣ ‘ਚ ਆਇਆ ਹੈ ਕਿ ਪਿੰਡਾਂ ਦੀਆਂ ਪੰਚਾਇਤਾਂ ਨੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਸੁਚੱਜੇ ਅਤੇ ਕਾਨੂੰਨੀ ਢੰਗ ਨਾਲ ਨਜਿੱਠਣ ਦੀ ਬਜਾਏ ਤਾਨਾਸ਼ਾਹੀ ਰਵਈਆ ਅਖਤਿਆਰ ਕੀਤਾ ਹੈ।
ਪੰਚਾਇਤਾਂ ਦੇ ਹੁਕਮਾਂ ਅਨੁਸਾਰ ਪਿੰਡਾਂ ਵਿਚ ਰਹਿੰਦੇ ਦਲਿਤ ਮਜ਼ਦੂਰਾਂ ਨੂੰ ਪਿੰਡ ਦੇ ਜਿਮੀਂਦਾਰਾਂ ਦੇ ਖੇਤਾਂ ਵਿਚ ਹੀ ਕੰਮ ਕਰਨਾ ਪਵੇਗਾ ਅਤੇ ਵੇਤਨ ਵੀ ਪੰਚਾਇਤ ਦੇ ਆਦੇਸ਼ਾਂ ਅਨੁਸਾਰ ਹੀ ਲੈਣਾ ਪਵੇਗਾ। ਪੰਚਾਇਤਾਂ ਗੈਰਕਾਨੂੰਨੀ ਮਤੇ ਪਾਸ ਕਰਕੇ ਦਲਿਤ ਮਜ਼ਦੂਰਾਂ ਦਾ ਬਾਈਕਾਟ ਕਰ ਰਹੀਆਂ ਹਨ। ਇਸ ਤੋਂ ਵੀ ਵੱਧ ਅਫਸੋਸ ਦੀ ਗੱਲ ਇਹ ਹੈ ਕਿ ਪੰਚਾਇਤ ਦੇ ਆਦੇਸ਼ਾਂ ਅਤੇ ਦਲਿਤ ਮਜ਼ਦੂਰਾਂ ਦੇ ਬਾਈਕਾਟ ਦੀ ਘੋਸ਼ਣਾ ਵੀ ਗੁਰੂਘਰਾਂ ‘ਚੋਂ ਲਾਊਡਸਪੀਕਰਾਂ ਰਾਹੀਂ ਕੀਤੀ ਜਾਂਦੀ ਹੈ।
ਵਰਿਆਣਾ ਨੇ ਅੱਗੇ ਕਿਹਾ ਕਿ ਆਲ ਇੰਡੀਆ ਸਮਤਾ ਸੈਨਿਕ ਦਲ ਇਸਦੀ ਘੋਰ ਨਿੰਦਾ ਕਰਦਾ ਹੈ ਅਤੇ ਸਰਕਾਰ ਤੋਂ ਮੰਗ ਕਰਦਾ ਹੈ ਕਿ ਇਸ ਮਾਮਲੇ ਵਿਚ ਜਲਦ ਤੋਂ ਜਲਦ ਦਖ਼ਲ ਦੇ ਕੇ ਮਜ਼ਦੂਰਾਂ ਦੀ ਸਮਸਿਆ ਦਾ ਸਮਾਧਾਨ ਕੀਤਾ ਜਾਵੇ ਅਤੇ ਗੈਰਕਾਨੂੰਨੀ ਫੈਸਲੇ ਲੈਣ ਵਾਲੀਆਂ ਪੰਚਾਇਤਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਹੀ ਕੀਤੀ ਜਾਵੇ।
ਇਸ ਸੰਬੰਧ ਵਿਚ ਸਮਤਾ ਸੈਨਿਕ ਦਲ ਵਲ਼ੋਂ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਈ-ਮੇਲ ਭੇਜ ਕੇ ਗਰੀਬ ਮਜ਼ਦੂਰਾਂ ਦੀ ਸਮਸਿਆ ਦਾ ਜਲਦੀ ਤੋਂ ਜਲਦੀ ਹੱਲ ਕਰਨ ਦੀ ਬੇਨਤੀ ਵੀ ਕੀਤੀ ਗਈ ਹੈ।
ਜਸਵਿੰਦਰ ਵਰਿਆਣਾ
ਸੂਬਾ ਪ੍ਰਧਾਨ
ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.), ਪੰਜਾਬ ਇਕਾਈ
ਮੋਬਾਈਲ: 75080 80709