ਘਰ ’ਚੋਂ ਦਾਦੀ, ਪੋਤੀ ਤੇ ਦੋ ਪੋਤਿਆਂ ਦੀਆਂ ਖ਼ੂਨ ਨਾਲ ਲਥਪਥ ਲਾਸ਼ਾਂ ਮਿਲੀਆਂ
ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਦੇ ਪਿੰਡ ਖਟੌਲੀ ਵਿਚ ਇਕ ਪਰਿਵਾਰ ਦੇ ਚਾਰ ਜੀਆਂ ਦੀਆਂ ਲਾਸ਼ਾਂ ਘਰ ਦੇ ਇਕ ਕਮਰੇ ਵਿਚ ਖ਼ੂਨ ਨਾਲ ਲਥਪਥ ਹੋਈਆਂ ਮਿਲੀਆਂ ਹਨ। ਪਿੰਡ ਦੇ ਲੋਕਾਂ ਨੂੰ ਸਵੇਰੇ ਇਸ ਦਿਲ ਕੰਬਾਊ ਘਟਨਾ ਬਾਰੇ ਪਤਾ ਚੱਲਿਆ। ਰਾਤੀਂ ਕਾਤਲਾਂ ਨੇ ਰਾਜ ਬਾਲਾ (67 ਸਾਲ) ਤੇ ਉਸ ਦੇ ਪੋਤਿਆਂ ਦਿਵਾਂਸ਼ (16 ਸਾਲ) ਤੇ ਆਯੂਸ਼ (12 ਸਾਲ) ਤੇ ਪੋਤੀ ਐਸ਼ਵਰਿਆ (17 ਸਾਲ) ਦੇ ਸਿਰ ਵਿਚ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲੀਸ ਨੂੰ ਘਟਨਾ ਬਾਰੇ ਸਵੇਰੇ 8:30 ਵਜੇ ਸੂਚਨਾ ਮਿਲੀ। ਮਕਤੂਲ ਬੱਚਿਆਂ ਦੇ ਪਿਤਾ ਮਹਿੰਦਰ ਸਿੰਘ ਦੀ ਕੁਝ ਸਾਲ ਪਹਿਲਾਂ ਸ਼ੱਕੀ ਹਾਲਤ ਵਿਚ ਮੌਤ ਹੋ ਗਈ ਸੀ ਅਤੇ ਦਾਦੇ ਰਜਿੰਦਰ ਸਿੰਘ ਦੀ ਵੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ। ਬੱਚਿਆਂ ਦਾ ਮਾਮਾ ਜੋ ਬਾਹਰਵਾਰ ਖੇਤਾਂ ਵਿਚ ਰਹਿੰਦਾ ਹੈ, ਸਵੇਰੇ ਦੁੱਧ ਦੇਣ ਆਇਆ ਪ੍ਰੰਤੂ ਜਦੋਂ ਦਰਵਾਜ਼ੇ ਨਹੀਂ ਖੁੱਲ੍ਹੇ ਤਾਂ ਉਹ ਵਾਪਸ ਚਲਾ ਗਿਆ। ਮਿਲੀ ਜਾਣਕਾਰੀ ਅਨੁਸਾਰ ਉਹ ਰੋਜ਼ਾਨਾ ਦੁੱਧ ਦੇਣ ਆਉਂਦਾ ਸੀ ਅਤੇ ਸਵੇਰੇ ਘਰੋਂ ਚਾਹ ਬਣਾ ਕੇ ਖੇਤ ਵਿਚ ਲੈ ਜਾਂਦਾ ਸੀ। ਫਿਰ ਇਨ੍ਹਾਂ ਦੇ ਗੁਆਂਢ ਵਿਚ ਹੀ ਰਹਿੰਦੇ ਇਕ ਹੋਰ ਰਿਸ਼ਤੇਦਾਰ ਨੇ ਘਰ ਦੇ ਇਕ ਛੋਟੇ ਦਰਵਾਜ਼ੇ ਰਾਹੀਂ ਅੰਦਰ ਜਾ ਕੇ ਵੇਖਿਆ ਤਾਂ ਦੋ ਕਮਰਿਆਂ ਵਿਚ ਲਾਸ਼ਾਂ ਪਈਆਂ ਸਨ। ਇਸ ਘਟਨਾ ਬਾਰੇ ਤੁਰੰਤ ਬਰਵਾਲਾ ਚੌਕੀ ਇੰਚਾਰਜ ਰਿਸ਼ੀ ਪਾਲ ਨੇ ਜਾਣਕਾਰੀ ਦਿੱਤੀ ਤੇ ਥੋੜ੍ਹੀ ਦੇਰ ਬਾਅਦ ਹੀ ਚੰਡੀਮੰਦਰ ਪੁਲੀਸ ਸਟੇਸ਼ਨ ਦੇ ਐਸਐਚਓ ਨਵੀਨ ਮੌਕੇ ’ਤੇ ਪਹੁੰਚੇ। ਮੌਕੇ ’ਤੇ ਡੌਗ ਸਕੁਐਡ ਦੀ ਟੀਮ ਨੇ ਦੌਰਾ ਕੀਤਾ ਅਤੇ ਫਿਰ ਫੋਰੈਂਸਿਕ ਜਾਂਚ ਟੀਮ ਨੇ ਘਟਨਾ ਵਾਲੀ ਥਾਂ ਦੇ ਨਮੂਨੇ ਇਕੱਤਰ ਕੀਤੇ। ਮੌਕੇ ’ਤੇ ਪੁੱਜੇ ਪੰਚਕੂਲਾ ਦੇ ਪੁਲੀਸ ਕਮਿਸ਼ਨਰ ਚਾਰੂਬਾਲੀ ਨੇ ਮੌਕੇ ’ਤੇ ਪੱਤਰਕਾਰਾਂ ਨੂੰ ਦੱਸਿਆ ਕਿ ਮ੍ਰਿਤਕਾਂ ਦੇ ਹਮਲਾਵਰਾਂ ਨੇ ਸਿਰ ਵਿਚ ਗੋਲੀਆਂ ਮਾਰੀਆਂ ਹਨ ਅਤੇ ਪੁਲੀਸ ਕਈ ਪੱਖਾਂ ਤੋਂ ਤਫ਼ਤੀਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਵੱਡਾ ਜ਼ਿਮੀਂਦਾਰ ਪਰਿਵਾਰ ਸੀ। ਇਸ ਕਰ ਕੇ ਜਾਇਦਾਦ ਦੇ ਕੋਣ ਤੋਂ ਵੀ ਜਾਂਚ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਪੁਲੀਸ ਅਭਿਸ਼ੇਕ ਜੋਰਵਾਲ ਨੇ ਦੱਸਿਆ ਕਿ ਹਮਲਾਵਰਾਂ ਵੱਲੋਂ ਕਿਸੇ ਕਿਸਮ ਦੀ ਕੋਈ ਲੁੱਟ ਨਹੀਂ ਕੀਤੀ ਗਈ। ਐਸਐਚਓ ਚੰਡੀਮੰਦਰ ਨਵੀਨ ਨੇ ਦੱਸਿਆ ਕਿ ਪੋਸਟ ਮਾਰਟਮ ਡਾਕਟਰਾਂ ਦੀ ਟੀਮ ਬਣਾ ਕੇ ਕੀਤਾ ਜਾਵੇਗਾ। ਪੀੜਤ ਪਰਿਵਾਰ ਦੀ ਇਕ ਬੱਚੀ ਰਹਿ ਗਈ ਹੈ ਜੋ ਆਪਣੀ ਭੂਆ ਕੋਲ ਰਹਿੰਦੀ ਹੈ। ਇਸ ਮੌਕੇ ਘਟਨਾ ਵਾਲੀ ਥਾਂ ’ਤੇ ਸੀਆਈਏ ਸਟਾਫ ਵੰਨ, ਸੀਆਈਏ ਸਟਾਫ ਟੂ ਦੇ ਦੋਵੇਂ ਇੰਸਪੈਕਟਰਾਂ ਨੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਨੂੰ ਲੈ ਕੇ ਸਾਰੇ ਪਿੰਡ ਵਿਚ ਸਹਿਮ ਫੈਲ ਗਿਆ ਹੈ, ਕਿਉਂਕਿ ਜਦੋਂ ਸਵੇਰੇ ਲੋਕਾਂ ਨੇ ਇਸ ਘਟਨਾ ਨੂੰੰ ਦੇਖਿਆ ਤਾਂ ਇਹ ਵੀ ਦੇਖਿਆ ਗਿਆ ਕਿ ਇਸ ਘਰ ਦਾ ਪਾਲਤੂ ਕੁੱਤਾ ਬੇਸੁਧ ਪਿਆ ਸੀ।