ਐਨਆਈਏ ਦੀ ਵਿਸ਼ੇਸ਼ ਅਦਾਲਤ ਨੇ 2008 ਦੇ ਮਾਲੇਗਾਉਂ ਬੰਬ ਧਮਾਕੇ ’ਚ ਮਾਰੇ ਗਏ ਵਿਅਕਤੀ ਦੇ ਪਿਤਾ ਦੀ ਉਸ ਅਰਜ਼ੀ ਨੂੰ ਰੱਦ ਕਰ ਦਿੱਤਾ ਜਿਸ ’ਚ ਮੰਗ ਕੀਤੀ ਗਈ ਸੀ ਕਿ ਭਾਜਪਾ ਆਗੂ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਨੂੰ ਲੋਕ ਸਭਾ ਚੋਣ ਲੜਨ ਤੋਂ ਰੋਕਿਆ ਜਾਵੇ। ਧਮਾਕੇ ’ਚ ਮਾਰੇ ਗਏ ਪੁੱਤਰ ਦੇ ਪਿਤਾ ਨਿਸਾਰ ਸੱਯਦ ਨੇ ਪਿਛਲੇ ਹਫ਼ਤੇ ਅਦਾਲਤ ਦਾ ਦਰਵਾਜ਼ਾ ਖੜਕਾਉਂਦਿਆਂ ਇਹ ਵੀ ਦਲੀਲ ਦਿੱਤੀ ਸੀ ਕਿ ਭੋਪਾਲ ਤੋਂ ਚੋਣ ਲੜ ਰਹੀ ਪ੍ਰੱਗਿਆ ਦੀ ਜ਼ਮਾਨਤ ਰੱਦ ਕਰਨ ਵਾਲੀ ਪਟੀਸ਼ਨ ਵੀ ਸੁਪਰੀਮ ਕੋਰਟ ਕੋਲ ਬਕਾਇਆ ਪਈ ਹੈ। ਕੌਮੀ ਜਾਂਚ ਏਜੰਸੀ (ਐਨਆਈਏ) ਦੇ ਵਿਸ਼ੇਸ਼ ਜੱਜ ਵੀ ਐਸ ਪਡਾਲਕਰ ਨੇ ਅਰਜ਼ੀ ਰੱਦ ਕਰਦਿਆਂ ਕਿਹਾ ਕਿ ਵਕੀਲ ਚੰਗੀ ਤਰ੍ਹਾਂ ਜਾਣਦੇ ਹਨ ਕਿ ਪਟੀਸ਼ਨ ਦਾਖ਼ਲ ਕਰਨ ਦਾ ਇਹ ਢੁੱਕਵਾਂ ਮੰਚ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਅਦਾਲਤ ਨੇ ਜ਼ਮਾਨਤ ਨਹੀਂ ਦਿੱਤੀ ਹੈ। ਪ੍ਰੱਗਿਆ ਦੇ ਵਕੀਲ ਜੇ ਪੀ ਮਿਸ਼ਰਾ ਨੇ ਅਦਾਲਤ ’ਚ ਕਿਹਾ ਕਿ ਉਹ ਵਿਚਾਰਧਾਰਾ ਨੂੰ ਬਚਾਉਣ ਅਤੇ ਰਾਸ਼ਟਰ ਲਈ ਚੋਣ ਲੜ ਰਹੀ ਹੈ। ਸੱਯਦ ਨੇ ਕਿਹਾ ਕਿ ਪ੍ਰੱਗਿਆ ਨੇ ਸਿਹਤ ਠੀਕ ਨਾ ਹੋਣ ਦਾ ਹਵਾਲਾ ਦੇ ਕੇ ਜ਼ਮਾਨਤ ਹਾਸਲ ਕੀਤੀ ਹੈ। ਇਸ ’ਤੇ ਉਸ ਦੇ ਵਕੀਲ ਨੇ ਕਿਹਾ ਕਿ ਠਾਕੁਰ ਨੇ ਕਿਸੇ ਵੀ ਅਦਾਲਤ ਨੂੰ ਗੁੰਮਰਾਹ ਨਹੀਂ ਕੀਤਾ ਹੈ। ਫ਼ੈਸਲੇ ਮਗਰੋਂ ਸਾਧਵੀ ਪ੍ਰੱਗਿਆ ਨੇ ਕਿਹਾ ਕਿ ਸੱਚ ਅਤੇ ਧਰਮ ਦੀ ਹਮੇਸ਼ਾ ਜਿੱਤ ਹੁੰਦੀ ਹੈ।
INDIA ਪ੍ਰੱਗਿਆ ਨੂੰ ਚੋਣ ਮੁਕਾਬਲੇ ’ਚੋਂ ਬਾਹਰ ਕਰਨ ਬਾਰੇ ਅਰਜ਼ੀ ਰੱਦ